ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਪਰਾਲੀ ਦੀ ਸੰਭਾਲ ਅਤੇ ਖਾਦ ਡੀਲਰਾਂ ਦੀ ਚੈਕਿੰਗ ਬਾਰੇ ਹਦਾਇਤਾਂ ਜਾਰੀ

10/09/2021 3:26:02 PM

ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ.ਸੁਰਿੰਦਰ ਸਿੰਘ ਨੇ ਜ਼ਿਲ੍ਹਾ ਜਲੰਧਰ ਅਧੀਨ ਕੰਮ ਕਰ ਰਹੇ ਸਮੁੱਚੇ ਖੇਤੀਬਾੜੀ ਅਧਿਕਾਰੀਆਂ ਦੀ ਹੰਗਾਮੀ ਮੀਟਿੰਗ ਕਰਦੇ ਹੋਏ ਸਖ਼ਤ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਮਿਆਰੀ ਖਾਦਾ ਦਵਾਈਆਂ ਦੀ ਸਪਲਾਈ ਲਈ ਕੋਸ਼ਿਸ਼ਾਂ ਕੀਤੀਆਂ ਜਾਣ। ਉਨ੍ਹਾਂ ਨੇ ਸਮੂਹ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਕਿਸਾਨਾਂ ਨੂੰ ਡੀ.ਏ.ਪੀ ਅਤੇ ਯੂਰੀਆ ਖਾਦ ਦੀ ਕੁਆਲਿਟੀ ਅਤੇ ਐਕਟ ਅਨੁਸਾਰ ਖਾਦਾਂ ਦੀ ਸਪਲਾਈ ਕਰਵਾਉਣੀ ਯਕੀਨੀ ਬਣਾਈ ਜਾਵੇ ਅਤੇ ਧਿਆਨ ਰੱਖਿਆਂ ਜਾਵੇ ਕਿ ਕੋਈ ਖਾਦ ਵਿਕਰੇਤਾ ਖਾਦ ਦੇ ਨਾਲ ਕਿਸੇ ਕਿਸਮ ਦੀ ਕੋਈ ਹੋਰ ਵਸਤੂ ਜਬਰਦਸਤੀ ਕਿਸਾਨਾਂ ਨੂੰ ਨਾ ਵੇਚੇ। ਇਸ ਸਬੰਧੀ ਸ਼ਿਕਾਇਤ ਆਉਣ ’ਤੇ ਸਬੰਧਿਤ ਡੀਲਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। 

ਉਨ੍ਹਾਂ ਇਸ ਸਬੰਧੀ ਅਧਿਕਾਰੀਆਂ ਨੂੰ ਸੁਚੇਤ ਰਹਿੰਦੇ ਹੋਏ ਇਸ ਕੰਮ ਵੱਲ ਉਚੇਚਾ ਧਿਆਨ ਦੇਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਕਿਹਾ ਇਸ ਦੇ ਨਾਲ ਹੀ ਝੋਨੇ ਦੀ ਪਰਾਲੀ ਦੀ ਸੁੱਚਜੀ ਸੰਭਾਲ ਲਈ ਕਿਸਾਨਾਂ ਨੂੰ ਜਾਗਰੂਕ ਕਰਦੇ ਹੋਏ ਇਸ ਗੱਲ ਦਾ ਧਿਆਨ ਰੱਖਿਆਂ ਜਾਵੇ ਕਿ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਪਹਿਲ ਦੇ ਆਧਾਰ ’ਤੇ ਪਰਾਲੀ ਸੰਭਾਲ ਅਤੇ ਕਣਕ ਦੀ ਬਿਜਾਈ ਲਈ ਮਸ਼ੀਨਾਂ ਬਗੈਰ ਕਿਰਾਏ ਤੋਂ ਮੁੱਹਇਆ ਕਰਵਾਈਆਂ ਜਾਣ। ਡਾ.ਸਿੰਘ ਨੇ ਕਿਹਾ ਕਿ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਸਰਕਾਰ ਵੱਲੋਂ ਜਾਰੀ ਨਿਰਦੇਸ਼ਾ ਤਹਿਤ ਜ਼ਿਲ੍ਹੇ ਵਿੱਚ ਇਸ ਸੀਜ਼ਨ ਦੌਰਾਨ 180 ਪਿੰਡ ਪੱਧਰ ਦੇ ਕਿਸਾਨ ਸਿਖਲਾਈ ਕੈਂਪ, 11 ਬਲਾਕ ਪੱਧਰ ਅਤੇ ਦੋ ਜ਼ਿਲ੍ਹਾ ਪੱਧਰ ਦੇ ਕੈਂਪ ਲਗਾਏ ਜਾਣਗੇ। 

ਇਸੇ ਲੜੀ ਤਹਿਤ ਜ਼ਿਲ੍ਹੇ ਵਿੱਚ ਝੋਨੇ ਦੀ ਪਰਾਲੀ ਦੀ ਸੁੱਚਜੀ ਸੰਭਾਲ ਵਾਸਤੇ 900 ਵਾਲ ਪੈਟਿੰਗਸ ਅਤੇ ਜ਼ਿਲ੍ਹੇ ਦੇ 33 ਸਕੂਲਾਂ ਵਿੱਚ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਸਕੂਲੀ ਬੱਚਿਆਂ ਦੇ ਭਾਸ਼ਣ ਜਾਂ ਪੈਟਿੰਗ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਨੰਬਰ ’ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਵੀ ਦਿੱਤੇ ਜਾਣਗੇ। ਡਾ.ਸਿੰਘ ਨੇ ਮੀਟਿੰਗ ਵਿੱਚ ਮੌਜੂਦ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਈ ਖੇਤ ਮਸ਼ੀਨ (i-Khet machine) ਐਪ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਮੋਬਾਇਲ ਫੋਨਾਂ ’ਤੇ ਇਹ ਐਪ ਡਾਉਨਲਾਉਡ ਕਰਵਾਉਂਦੇ ਹੋਏ ਇਸ ਐਪ ਦੀ ਵਰਤੋਂ ਬਾਰੇ ਕਿਸਾਨਾਂ ਨੂੰ ਦੱਸਿਆਂ ਜਾਵੇ। ਡਾ. ਸਿੰਘ ਨੇ ਕਿਹਾ ਕਿ ਇਸ ਸੀਜ਼ਨ ਦੌਰਾਨ ਝੋਨੇ ਪਰਾਲੀ ਦੀ ਸੰਭਾਲ ਕਰਨ ਵਾਲੇ ਸਮੁੱਚੇ ਪਿੰਡਾਂ, ਕਿਸਾਨ ਗਰੁੱਪਾਂ ਅਤੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਵਿੱਚ ਚੰਗੀ ਕਾਰਗੁਜ਼ਾਰੀ ਕਰਨ ਕਰਕੇ ਵਿਭਾਗ ਵੱਲੋਂ ਨਗਦ ਇਨਾਮਾਂ ਨਾਲ ਵੀ ਨਿਵਾਜਿਆ ਜਾਵੇਗਾ। 

ਉਨ੍ਹਾਂ ਅੱਗੇ ਕਿਹਾ ਕਿ ਹੁਣ ਕਿਸਾਨਾਂ ਨੂੰ ਜਿਥੇ ਝੋਨੇ ਦੀ ਸੁਧਰੀ ਮੰਡੀਕਾਰੀ ਅਤੇ ਪਰਾਲੀ ਦੀ ਸੰਭਾਲ ਬਾਰੇ ਪ੍ਰੇਰਣਾ ਦੇਣ ਦੀ ਲੋੜ ਹੈ ਉਥੇ ਇਸ ਦੇ ਨਾਲ ਆਉਂਦੀ ਹਾੜੀ ਲਈ ਕਣਕ ਦੇ ਬੀਜ ਬਾਰੇ ਵੀ ਕਿਸਾਨਾਂ ਨੂੰ ਸਰਕਾਰ ਦੀ ਪਾਲਿਸੀ ਬਾਰੇ ਜਾਗਰੂਕ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਣਕ ਦੇ ਤਸਦੀਕ ਸ਼ੁਦਾ ਬੀਜ ਦੀ ਮੰਗ ਬਾਰੇ ਕਿਸਾਨ ਵੀਰ http://agrimachinerypb.com ਵੈਬਸਾਇਟ ’ਤੇ ਆਪਣੀ ਆਈ.ਡੀ.ਬਣਾ ਕੇ ਆਪਣੀ ਜ਼ਰੂਰਤ ਅਨੁਸਾਰ ਬੀਜ ਦੀ ਮੰਗ ਕਰ ਸਕਦੇ ਹਨ। ਇਸ ਮਕਸਦ ਲਈ ਮਿਤੀ 10 ਅਕਤੂਬਰ ਤੋਂ 18/10/2021 ਤੱਕ ਕਿਸਾਨ ਵੀਰ ਇਸ ਵੈਬਸਾਇਟ ਰਾਹੀਂ ਕਣਕ ਦੇ ਬੀਜ ਦੀ ਮੰਗ ਕਰ ਸਕਦੇ ਹਨ।

ਇਸ ਮੀਟਿੰਗ ਵਿੱਚ ਡਾ. ਰਣਜੀਤ ਸਿੰਘ ਚੋਹਾਨ ਖੇਤੀਬਾੜੀ ਅਫ਼ਸਰ ਰੁੜਕਾ ਕਲਾਂ, ਡਾ.ਨਰੇਸ਼ ਕੁਮਾਰ ਗੁਲਾਟੀ, ਡਾ.ਸੁਰਜੀਤ ਸਿੰਘ ਖੇਤੀਬਾੜੀ ਅਫ਼ਸਰ ਜਲੰਧਰ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਯਕੀਨ ਦੁਵਾਇਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੁੱਚੀਆਂ ਸਕੀਮਾਂ ਦੀ ਕਾਰਗੁਜ਼ਾਰੀ ਕਿਸਾਨ ਹਿੱਤ ਵਿੱਚ ਕਰਦੇ ਹੋਏ ਮਿੱਥੇ ਟੀਚ ਪੂਰੇ ਕੀਤੇ ਜਾਣਗੇ।

ਡਾ.ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫ਼ਸਰ ਕਮ ਸੰਪਰਕ ਅਫ਼ਸਰ 
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ


rajwinder kaur

Content Editor

Related News