ਖੇਤੀ ਵਿਗਿਆਨੀਆਂ ਨੇ ਵੱਡੀ ਗਿਣਤੀ ਵਿੱਚ ਦਿੱਤੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ

06/11/2020 9:59:48 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਫੇਸਬੁੱਕ ਲਾਈਵ ਦੌਰਾਨ ਵੱਖ-ਵੱਖ ਖੇਤੀ ਵਿਗਿਆਨੀਆਂ ਵੱਲੋਂ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਹਨ। ਆਪਣੇ ਬੁੱਧਵਾਰ ਦੇ ਫੇਸਬੁੱਕ ਲਾਈਵ ਤਹਿਤ ਝੋਨੇ ਦੀ ਸਿੱਧੀ ਖੇਤੀ ਨਾਲ ਜੁੜੇ ਸਵਾਲਾਂ ਦੇ ਜਵਾਬ ਦਿੰਦਿਆਂ ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਸਿੱਧੀ ਬਿਜਾਈ ਕਰਨ ਤੋਂ ਪਹਿਲਾਂ ਮੌਸਮ ਦੀ ਜਾਣਕਾਰੀ ਜ਼ਰੂਰ ਲਈ ਜਾਵੇ। ਜੇਕਰ ਬਿਜਾਈ ਦੇ ਅਗਲੇ ਤਿੰਨ ਤੋਂ ਚਾਰ ਦਿਨ ਬਾਅਦ ਮੀਂਹ ਪੈਣ ਦਾ ਅਨੁਮਾਨ ਹੋਵੇ ਤਾਂ ਬਿਜਾਈ ਨਾ ਕੀਤੀ ਜਾਵੇ। ਡਾ. ਭੁੱਲਰ ਨੇ ਇਸ ਮੌਕੇ ਕਿਸਾਨਾਂ ਵੱਲੋਂ ਕਰੰਡ ਅਤੇ ਨਦੀਨਾਂ ਨਾਲ ਨਜਿੱਠਣ ਸਬੰਧੀ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।

ਫੇਸਬੁੱਕ ਲਾਈਵ ਦੌਰਾਨ ਪੌਦਾ ਵਿਗਿਆਨੀ ਡਾ. ਅਮਰਜੀਤ ਸਿੰਘ ਨੇ ਝੋਨੇ ਵਿੱਚ ਹੋਣ ਵਾਲੇ ਬਕਾਨੇ ਰੋਗ ਜਾਂ ਝੰਡਾ ਰੋਗ ਦੀ ਰੋਕਥਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਕਿਸਾਨ ਵੀਰ ਬੀਜਾਂ ਅਤੇ ਪਨੀਰੀ ਦੀ ਜੜ੍ਹਾਂ ਦੀ ਸੋਧ ਕਰ ਲੈਣ ਤਾਂ ਜੋ ਫ਼ਸਲ ਨੂੰ ਰੋਗਾਂ ਤੋਂ ਬਚਾਇਆ ਜਾ ਸਕੇ। ਇਸ ਮੌਕੇ ਮੱਕੀ ਦੇ ਖੇਤਰ ਵਿੱਚ ਅਹਿਮ ਕਾਰਜ ਕਰਨ ਵਾਲੇ ਡਾ. ਜਵਾਲਾ ਨੇ ਮੱਕੀ ਨੂੰ ਲੱਗਣ ਵਾਲੇ ਦੁਸ਼ਮਣ ਕੀੜਿਆਂ ਤੋਂ ਬਚਾਅ ਲਈ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਮਿੱਤਰ ਕੀੜਿਆਂ ਦੀ ਅਹਿਮੀਅਤ ਬਾਰੇ ਦੱਸਿਆ। ਇਸ ਮੌਕੇ ਡਾ. ਭੁਪਿੰਦਰ ਕੌਰ ਬੱਬਰ ਨੇ ਖੇਤਾਂ ਵਿੱਚ ਚੂਹਿਆਂ ਦੀ ਰੋਕਥਾਮ ਸਬੰਧੀ ਸਵਾਲਾਂ ਦੇ ਜਵਾਬ ਦਿੰਦੇ ਹੋਏ ਦੱਸਿਆ ਕਿ ਖੇਤ ਰਹਿੰਦ-ਖੁਹੰਦ ਤੋਂ ਮੁਕਤ ਹੋਣੇ ਚਾਹੀਦੇ ਹਨ ਅਤੇ ਤਾਜ਼ੀਆਂ ਖੱਡਾਂ ਵਿੱਚ ਦਵਾਈ ਭਰਨੀ ਚਾਹੀਦੀ ਹੈ। ਡਾ. ਬੱਬਰ ਨੇ ਕਾਲੀ ਦਵਾਈ ਦੇ ਬਦਲ ਦੀ ਵੀ ਜਾਣਕਾਰੀ ਦਿੱਤੀ।

ਡਾ. ਰੁਪਿੰਦਰ ਗਿੱਲ ਵੱਲੋਂ ਖਾਦਾਂ ਅਤੇ ਸਪਰੇਅ ਸਬੰਧੀ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਡਾ. ਸਿਮਰਜੀਤ ਕੌਰ ਵੱਲੋਂ ਕਿਸਾਨਾਂ ਵੱਲੋਂ ਮੋਥੇ ਦੀ ਸਮੱਸਿਆ ਅਤੇ ਲਪੇਟਾ ਵੇਲ ਤੋਂ ਮੁਕਤੀ ਸਬੰਧੀ ਨਦੀਨ ਨਾਸ਼ਕਾਂ ਦੀ ਜਾਣਕਾਰੀ ਦਿੱਤੀ ਗਈ । ਮੌਸਮ ਵਿਗਿਆਨੀ ਡਾ. ਕੇ.ਕੇ ਗਿੱਲ ਨੇ ਮੌਸਮ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰ ਮਾਨਸੂਨ ਦੀ ਦੱਖਣੀ ਭਾਰਤ ਵਿੱਚ ਆਪਣੇ ਨਿਰਧਾਰਤ ਸਮੇਂ ਅਨੁਸਾਰ 1 ਜੂਨ ਨੂੰ ਆਮਦ ਹੋ ਚੁੱਕੀ ਹੈ ਅਤੇ ਇੱਕ ਮਹੀਨੇ ਬਾਅਦ ਮਾਨਸੂਨ ਦੀ ਆਮਦ ਪੰਜਾਬ ਵਿੱਚ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਚੰਗੇ ਮਾਨਸੂਨ ਦੀ ਉਮੀਦ ਹੈ।

ਅਪਰ ਨਿਰਦੇਸ਼ਕ ਸੰਚਾਰ ਡਾ. ਜਗਦੀਸ਼ ਕੌਰ ਨੇ ਇਸ ਮੌਕੇ ਕਿਸਾਨ ਵੀਰਾਂ ਵੱਲੋਂ ਫੇਸਬੁੱਕ ਲਾਈਵ ਨੂੰ ਮਿਲ ਰਹੇ ਹੁੰਗਾਰੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਕਿਸਾਨ ਵੀਰ ਵੱਧ ਤੋਂ ਵੱਧ ਗਿਣਤੀ ਵਿੱਚ ਯੂਨੀਵਰਸਿਟੀ ਦੇ ਫੇਸਬੁੱਕ ਪੇਜ ‘ਪੰਜਾਬ ਐਗਰੀਕਲਚਰਲ ਯੂਨੀਵਰਸਿਟੀ’ ਨਾਲ ਜੁੜਨ। ਕਿਸਾਨ ਵੀਰ ਖੇਤੀ ਸਬੰਧੀ ਸਵਾਲ ਫੇਸਬੁੱਕ ਉੱਤੇ ਯੂਨੀਵਰਸਿਟੀ ਨੂੰ ਭੇਜ ਸਕਦੇ ਹਨ, ਜਿਨ੍ਹਾਂ ਦਾ ਜਵਾਬ ਉਨ੍ਹਾਂ ਨੂੰ ਅਗਲੇ ਫੇਸਬੁੱਕ ਲਾਈਵ ਦੌਰਾਨ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਅੱਜ ਵੀ ਵੇਖੋ-ਵੱਖ ਨੁਕਤਿਆਂ ਤੋਂ 100 ਤੋਂ ਵੱਧ ਸਵਾਲ ਕਿਸਾਨਾਂ ਨੇ ਮੌਕੇ ’ਤੇ ਕੀਤੇ। ਚੱਲ ਰਹੇ ਹਾਲਤਾਂ ਦੇ ਮੱਦੇਨਜ਼ਰ ਹਜ਼ਾਰਾਂ ਕਿਸਾਨਾਂ ਨਾਲ ਸਿੱਧਾ ਰਾਬਤਾ ਬਣਾਉਣ ਦੀ ਇਹ ਵਿਧਾ ਬਹੁਤ ਕਾਰਗਰ ਸਾਬਤ ਹੋ ਰਹੀ ਹੈ।


rajwinder kaur

Content Editor

Related News