ਖੇਤੀ ਟੈਕਨੋਕਰੇਟਸ ਦੇ ਭਖਦੇ ਮਸਲਿਆਂ ਸਬੰਧੀ ਐਗਟੈਕ ਵਲੋਂ ਸੂਬਾ ਪੱਧਰੀ ਹੰਗਾਮੀ ਮੀਟਿੰਗ

04/09/2021 11:33:17 AM

ਖੇਤੀਬਾੜੀ ਟੈਕਨੋਕਰੇਟਸ ਦੀ ਸਾਂਝੀ ਜਥੇਬੰਦੀ 'ਐਗਰੀਕਲਚਰ ਟੈਕਨੋਕਰੇਟਸ ਐਕਸ਼ਨ ਕਮੇਟੀ' ਦੇ ਸੂਬਾਈ ਆਗੂਆਂ ਦੀ ਮੀਟਿੰਗ ਚੇਅਰਮੈਨ ਡਾ. ਗੁਰਵਿੰਦਰ ਸਿੰਘ ਸੰਯੁਕਤ ਡਾਇਰੈਕਟਰ ਦੀ ਅਗਵਾਈ ਵਿੱਚ ਕੀਤੀ ਗਈ। ਮੀਟਿੰਗ ਵਿੱਚ ਪੰਜਾਬ ਸਰਕਾਰ ਵਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਅਣਦੇਖੇ ਕਰਨ 'ਤੇ ਚਿੰਤਾ ਜ਼ਾਹਰ ਕੀਤੀ ਗਈ। ਸੂਬੇ ਦੀ ਕੋਈ ਖੇਤੀ ਨੀਤੀ ਨਾ ਹੋਣ ਕਰਕੇ ਲੰਮੇ ਸਮੇਂ ਤੋਂ ਕਿਸਾਨਾਂ ਨੂੰ ਹੀ ਨਹੀਂ, ਖੇਤੀਬਾੜੀ ਮਹਿਕਮੇ ਅਤੇ ਸਰਕਾਰ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ‌ਵੱਧਦੇ ਕਿਸਾਨ ਪਰਿਵਾਰਾਂ ਅਤੇ ਵਧੀਆਂ ਚੁਣੌਤੀਆਂ ਨੂੰ ਦੇਖਦੇ ਹੋਏ ਖੇਤੀ ਮਾਹਿਰਾਂ ਦੀ ਗਿਣਤੀ ਜ਼ਮੀਨੀ ਪੱਧਰ 'ਤੇ ਵਧਾਉਣ ਦੀ ਲੋੜ ਹੈ ਪਰ ਇਸ ਦਿਸ਼ਾ ਵਿੱਚ ਠੋਸ ਤੇ ਤਰਕਸੰਗਤ ਯਤਨ ਨਹੀਂ ਕੀਤੇ ਜਾ ਰਹੇ। 

ਵਿਭਾਗੀ ਤਰੱਕੀਆਂ ਵਿੱਚ ਵੱਡੀ ਖੜੋਤ ਆਉਣ ਕਾਰਨ ਇਸ ਸਮੇਂ ਵਿਭਾਗ ਦਾ ਢਾਂਚਾ ਬੁਰੀ ਤਰ੍ਹਾਂ ਲੜਖੜਾ ਗਿਆ ਹੈ। ਵੱਖ-ਵੱਖ ਪੱਧਰ ਦੀਆਂ ਵੱਡੀ ਗਿਣਤੀ ਵਿੱਚ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਰੈਗੂਲਰ ਤਰੱਕੀਆਂ ਨਾ ਕਰਨ ਕਰਕੇ ਖੇਤੀ ਅਧਿਕਾਰੀਆਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਸੰਯੁਕਤ ਡਾਇਰੈਕਟਰ ਕੇਡਰ ਵਿੱਚ 9 ਵਿਚੋਂ ਕੇਵਲ 2 ਅਤੇ ਡਿਪਟੀ ਡਾਇਰੈਕਟਰ ਕੇਡਰ ਵਿੱਚ 53 'ਚੋਂ ਕੇਵਲ 20 ਅਧਿਕਾਰੀ ਕੰਮ ਕਰ ਰਹੇ ਹਨ। ਖੇਤੀਬਾੜੀ ਵਿਕਾਸ ਅਫ਼ਸਰਾਂ ਦੀਆਂ 934 'ਚੋਂ ਅਤੇ ਬਲਾਕ ਖੇਤੀਬਾੜੀ ਅਫ਼ਸਰਾਂ ਦੀਆਂ 233 'ਚੋਂ ਅੱਧੀਆਂ ਤੋਂ ਵੱਧ ਅਸਾਮੀਆਂ ਖਾਲੀ ਪਈਆਂ ਹਨ। 

ਉੱਚ ਯੋਗਤਾ ਵਾਲੇ ਨਵੇਂ ਭਰਤੀ ਕੀਤੇ ਜਾ ਰਹੇ ਖੇਤੀਬਾੜੀ ਵਿਕਾਸ ਅਫ਼ਸਰਾਂ ਦੀ ਵੈਟਰਨਰੀ ਡਾਕਟਰਾਂ ਨਾਲ ਚਲਦੀ ਤਨਖ਼ਾਹ ਸਮਾਨਤਾ (ਪ੍ਰੋਫੈਸ਼ਨਲ ਪੇ ਪੈਰਿਟੀ) ਤੋੜਨ ਦੀ ਕੋਸ਼ਿਸ਼ ਨਾਲ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਇਸ ਕਾਰਵਾਈ ਨੂੰ ਮੂਲੋਂ ਰੱਦ ਕਰਦਿਆਂ ਇਨ੍ਹਾਂ ਅਫ਼ਸਰਾਂ ਨੂੰ ਇਸ਼ਤਿਹਾਰ ਵਿੱਚ ਦਰਸਾਏ ਤਨਖ਼ਾਹ ਸਕੇਲ ਦੇਣ ਅਤੇ ਤੁਰੰਤ ਤੈਨਾਤ ਕਰਨ ਦੀ ਮੰਗ ਕੀਤੀ। ਘੱਟ ਉਜ਼ਰਤ ਮਿਲਣ ਕਾਰਨ ਪਹਿਲਾਂ ਹੀ ਪੰਜਾਬ ਦੀ ਪੜ੍ਹੀ-ਲਿਖੀ ਜਵਾਨੀ ਵਿਦੇਸ਼ਾਂ ਦੇ ਰਾਹ ਪੈ ਰਹੀ ਹੈ। ਇਸ ਤੋਂ ਇਲਾਵਾ ਜੇਕਰ ਸਰਕਾਰ ਵੱਲੋਂ ਕਿਸੇ ਚੋਰ ਮੋਰੀ ਰਾਹੀਂ ਪੁਨਰਗਠਨ ਦੇ ਨਾਂ 'ਤੇ ਵਿਭਾਗ ਦੀਆਂ ਵੱਖ-ਵੱਖ ਪੱਧਰ ਦੀਆਂ ਅਸਾਮੀਆਂ ਖ਼ਤਮ ਕਰਨ ਜਾਂ ਖੇਤੀ ਪਸਾਰ ਸੇਵਾਵਾਂ ਨੂੰ ਕਿਸਾਨਾਂ ਕੋਲੋਂ ਖੋਹਣ ਦੀ ਕੋਈ ਕੋਸ਼ਿਸ਼ ਗਈ ਤਾਂ ‘ਐਗਟੈਕ‘ ਵਲੋਂ ਇਸ ਦਾ ਸਖ਼ਤ ਨੋਟਿਸ ਲਿਆ ਜਾਵੇਗਾ।

ਜਥੇਬੰਦੀ ਵਲੋਂ ਪੁਰਜ਼ੋਰ ਮੰਗ ਕੀਤੀ ਗਈ ਕਿ ਕਿਸਾਨਾਂ ਨੂੰ ਸਮੇਂ ਦੀਆਂ ਲੋੜਾਂ ਅਨੁਸਾਰ ਖੇਤੀ ਪਸਾਰ ਸੇਵਾਵਾਂ ਪ੍ਰਦਾਨ ਕਰਨ ਲਈ ਖੇਤੀਬਾੜੀ ਮਹਿਕਮੇ ਦਾ ਢਾਂਚਾ ਮਜ਼ਬੂਤ ਕੀਤਾ ਜਾਵੇ, ਖਾਲੀ ਅਸਾਮੀਆਂ ਭਰੀਆਂ ਜਾਣ, ਪੌਦਿਆਂ ਦੇ ਹਸਪਤਾਲ ਬਣਾਏ ਜਾਣ, ਮਾਹਿਰਾਂ ਨੂੰ ਆਵਾਜਾਈ ਅਤੇ ਸੰਚਾਰ ਸਾਧਨ ਮੁਹੱਈਆ ਕਰਵਾਏ ਜਾਣ। 

ਇਸ ਮੌਕੇ ਇਨ੍ਹਾਂ ਦੇ ਨਾਲ ਡਾ. ਸੁਖਬੀਰ ਸਿੰਘ ਸੰਧੂ ਜਨਰਲ ਸਕੱਤਰ, ਐਗਟੈਕ ਕਮ ਪ੍ਰਧਾਨ, ਪਲਾਂਟ ਡਾਕਟਰਜ਼ ਸਰਵਿਸਿਜ਼ ਐਸੋਸੀਏਸ਼ਨ ਪੰਜਾਬ, ਡਾ. ਸੁਸ਼ੀਲ ਕੁਮਾਰ ਅੱਤਰੀ ਕਨਵੀਨਰ ਕਮ ਪ੍ਰਧਾਨ ਡਿਪਟੀ ਡਾਇਰੈਕਟਰ ਐਸੋਸੀਏਸ਼ਨ ਅਤੇ ਡਾ. ਕਿਰਪਾਲ ਸਿੰਘ ਢਿੱਲੋਂ ਸਕੱਤਰ ਜਨਰਲ ਕਮ ਪ੍ਰਧਾਨ ਖੇਤੀਬਾੜੀ ਅਫ਼ਸਰ ਐਸੋਸੀਏਸ਼ਨ, ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ, ਡਾ. ਕੁਲਜੀਤ ਸਿੰਘ ਸੈਣੀ ਮੁੱਖ ਖੇਤੀਬਾੜੀ ਅਫ਼ਸਰ ਤਰਨਤਾਰਨ, ਡਾ. ਕੁਲਦੀਪ ਸਿੰਘ ਮੱਤੇਵਾਲ, ਡਾ. ਹਰਪਾਲ ਸਿੰਘ ਪੰਨੂ, ਡਾ. ਨਰੇਸ਼ ਗੁਲਾਟੀ, ਡਾ. ਸੁਰਜੀਤ ਸਿੰਘ ਆਦਿ ਹਾਜ਼ਰ ਸਨ।


rajwinder kaur

Content Editor

Related News