ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

10/03/2019 10:31:44 AM

ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

(ਕਿਸ਼ਤ ਇੱਕੀਵੀਂ)

ਵੈਦੁ ਬੁਲਾਇਆ ਵੈਦਗੀ

ਵੱਡੇ ਭਰਾ-ਭਰਜਾਈ ਦੀ ਬੇਵਸੀ ਅਤੇ ਭਤੀਜੇ ਦੀ ਹਾਲਤ ਵੇਖ, ਚਾਚੇ ਲਾਲੂ ਤੋਂ ਰਿਹਾ ਨਾ ਗਿਆ। ਇਕ ਦਿਨ ਉਹ ਉਚੇਚੇ ਤੌਰ ’ਤੇ ਭਤੀਜੇ ਨੂੰ ਸਮਝਾਉਣ ਆਏ। ਜਦੋਂ ਗੱਲ ਕਿਸੇ ਤਣ-ਪੱਤਣ ਨਾ ਲੱਗੀ ਤਾਂ ਆਖ਼ਰਕਾਰ ਇੱਥੋਂ ਤੱਕ ਆਖਿਆ ਕਿ ਭਤੀਜ! ਤੂੰ ਕੰਮਕਾਰ ਬੇਸ਼ੱਕ ਕੋਈ ਨਾ ਕਰ। ਪਰ ਘੱਟੋ-ਘੱਟ ਚੱਜ ਨਾਲ ਖਾ-ਪੀ ਅਤੇ ਬਾਹਰ-ਅੰਦਰ ਫਿਰ-ਤੁਰ ਤਾਂ ਸਹੀ। ਰਾਜ਼ੀ-ਖ਼ੁਸ਼ੀ ਦਿੱਸ ਤਾਂ ਸਹੀ। ਤਾਂ ਜੋ ਲੋਕੀਂ ਤੈਨੂੰ ਬਾਵਲਾ ਤਾਂ ਨਾ ਆਖਣ।

ਉੱਚੇ-ਸੁੱਚੇ ਪਰਮਾਤਮੀ ਰੰਗ ਵਿਚ ਰੰਗੇ ਨਾਨਕ ਸਾਹਿਬ ਨੇ ਚਾਚੇ ਦੀਆਂ ਸਾਰੀਆਂ ਦੁਨਿਆਵੀ ਸਮਝਾਉਣੀਆਂ ਕੰਨ ਲਾ ਕੇ ਸੁਣੀਆਂ ਜ਼ਰੂਰ ਪਰ ਉੱਤਰ ਕੋਈ ਨਾ ਦਿੱਤਾ। ਜਾਣਦੇ ਸਨ ਕਿ ਸੋਚ ਅਤੇ ਧਰਾਤਲ ਦੇ ਵੱਖਰੇਵੇਂ ਕਾਰਣ ਮਾਪਿਆਂ ਵਾਂਗ ਚਾਚੇ ਨੂੰ ਵੀ ਮੇਰੇ ਕਮਲੇ-ਰਮਲੇ (ਰੂਹ ਦੀ ਦੁਨੀਆ ਨਾਲ ਜੁੜੇ) ਜਵਾਬ ਸਮਝ ਨਹੀਂ ਆਉਣੇ। ਚਾਚੇ ਨਾਲ ਹੋਈ ਇਸ ਇਕਪਾਸੜ ਗੱਲਬਾਤ ਤੋਂ ਕਈ ਦਿਨ ਬਾਅਦ ਤੱਕ ਆਪ ਘਰੋਂ ਬਾਹਰ ਨਾ ਨਿਕਲੇ।

ਆਪਣੇ ਆਸਣ ’ਤੇ ਅਬੋਲ, ਅਚਲ ਅਤੇ ਅਡੋਲ ਬੈਠੇ ਰਹੇ। ਨਾ ਕੁੱਝ ਖਾਧਾ, ਨਾ ਕੁੱਝ ਪੀਤਾ। ਪਹਿਲਾਂ ਨਾਲੋਂ ਵੀ ਵੱਧ ਸਮਾਂ ਲਗਾਤਾਰ ਧਿਆਨ ਮਗਨ ਰਹਿਣ ਕਾਰਣ, ਉਨ੍ਹਾਂ ਦਾ ਬੋਲਣਾ, ਖਾਣਾ-ਪੀਣਾ, ਤੁਰਨਾ-ਫਿਰਨਾ ਅਤੇ ਸੌਣਾ ਦਰਅਸਲ ਆਪਣੇ ਆਪ ਹੀ ਛੁਟ ਗਿਆ, ਘੱਟ ਗਿਆ। ਸਰੀਰ ਵੀ ਕੁੱਝ ਹੱਦ ਤੱਕ ਨਿਢਾਲ ਅਤੇ ਕਮਜ਼ੋਰ ਹੋ ਗਿਆ। ਇਹ ਵੇਖ ਸਾਰਾ ਟੱਬਰ ਬੜਾ ਫ਼ਿਕਰਮੰਦ ਹੋਇਆ। ਅੰਦਰਲੀ ਹਾਲਤ ਤੋਂ ਅਣਜਾਣ ਹੋਣ ਕਾਰਣ ਉਨ੍ਹਾਂ ਨੂੰ ਲੱਗਾ ਬਈ ਨਾਨਕ ਸਾਹਿਬ ਨੂੰ ਜ਼ਰੂਰ ਕੋਈ ਰੋਗ ਹੋ ਗਿਆ ਹੈ। ਚਿੰਤਤ ਪਿਤਾ ਤੁਰੰਤ ਇਲਾਕੇ ਦੇ ਇਕ ਨਾਮੀ ਵੈਦ ਨੂੰ ਸੱਦ ਲਿਆਏ।

ਜਿਸ ਸਮੇਂ ਵੈਦ ਦੀ ਆਮਦ ਹੋਈ, ਆਪ ਜੀ ਮੰਜੇ ਉੱਪਰ ਧਿਆਨ ਮਗਨ ਹੋਏ, ਲੰਮੇ ਪਏ ਸਨ। ਉਠਾਉਣ ਦੀ ਥਾਂ ਵੈਦ ਜੀ ਉਨ੍ਹਾਂ ਦੇ ਕੋਲ ਮੰਜੇ ’ਤੇ ਬੈਠ ਗਏ ਅਤੇ ਬਾਂਹ ਫੜ ਕੇ ਨਬਜ਼ ਵੇਖਣ ਲੱਗੇ। ਜਿਵੇਂ ਹੀ ਵੈਦ ਜੀ ਨੇ ਮਾੜੀ ਜਿਹੀ ਨਾੜ ਦਬਾਈ, ਨਾਨਕ ਸਾਹਿਬ ਇੱਕਦਮ ਧਿਆਨ ’ਚੋਂ ਬਾਹਰ ਆ ਗਏ। ਬਿਜਲਈ ਫੁਰਤੀ ਨਾਲ ਪੈਰ ਇਕੱਠੇ ਕਰ ਕੇ ਉੱਠ ਕੇ ਬੈਠਦਿਆਂ, ਵੈਦ ਹੱਥੋਂ ਆਪਣੀ ਬਾਂਹ ਖਿੱਚ ਲਈ। ਉਪਰੰਤ ਬੜੀ ਹੈਰਾਨੀ ਭਰੀ ਮਾਸੂਮ ਅਦਾ ਨਾਲ ਪੁੱਛਣ ਲੱਗੇ, ਤੁਸੀਂ ਕੌਣ ਹੋ ਅਤੇ ਮੇਰੀ ਕਲਾਈ ਫੜ ਕੇ ਕੀ ਪਏ ਕਰਦੇ ਹੋ?

ਵੈਦ ਜੀ ਆਖਿਆ, ਨਾਨਕ ਜੀਓ! ਤੁਹਾਡੇ ਮਾਪਿਆਂ ਦੇ ਦੱਸਣ ਅਨੁਸਾਰ ਤੁਸੀਂ ਰੋਗੀ ਹੋ, ਬੀਮਾਰ ਹੋ। ਮੈਂ ਵੈਦ ਹਾਂ ਅਤੇ ਤੁਹਾਡਾ ਇਲਾਜ ਕਰਨ ਆਇਆ ਹਾਂ। ਰੋਗ ਦੀ ਪਛਾਣ ਕਰਨ ਲਈ ਹੁਣ ਮੈਂ ਤੁਹਾਡੀ ਨਬਜ਼ ਟੋਹ ਰਿਹਾ ਸਾਂ। ਉੱਚ ਇਲਾਹੀ ਵਿੱਦਿਆ ਦੇ ਜਾਣਨਹਾਰ, ਸਰਬ ਕਲਾ ਸਮਰੱਥ ਨਾਨਕ ਸਾਹਿਬ ਦੁਨਿਆਵੀ ਵੈਦ ਦੇ ਭੋਲੇਪਣ ਅਤੇ ਅਲਪੱਗਤਾ ਵਾਲੇ ਅਨਜਾਣਪੁਣੇ ’ਤੇ ਮੁਸਕਰਾਏ। ਫਿਰ ਵਿਸਮਾਦ, ਵਜਦ ਅਤੇ ਸੰਗੀਤਕ ਤਰੰਗ ਵਿਚ ਆਉਂਦਿਆਂ ਸ਼ਬਦ ਉਚਾਰਿਆ:

ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ।।

ਭੋਲਾ ਵੈਦੁ ਨਾ ਜਾਣਈ ਕਰਕੇ ਕਲੇਜੇ ਮਾਹਿ।।

ਵੈਦ ਜੀ ਆਖਿਆ, ਹੇ ਨਾਨਕ ! ਜੇ ਤੁਹਾਡੇ ਕਲੇਜੇ ਵਿਚ ਪੀੜ ਹੈ ਤਾਂ ਮੈਨੂੰ ਮੁਆਇਨਾ ਕਰ ਲੈਣ ਦਿਓ। ਯਕੀਨ ਜਾਣਨਾ, ਮੈਂ ਅਜਿਹੀ ਔਖਧ ਦਿਆਂਗਾ ਕਿ ਤੁਸੀਂ ਰਾਜ਼ੀ ਹੋ ਜਾਓਗੇ। ਅੱਗੋਂ ਨਾਨਕ ਸਾਹਿਬ ਜਵਾਬ ਦਿੱਤਾ, ਵੈਦ ਜੀ ! ਤੁਸੀਂ ਜਾਓ ਅਤੇ ਆਪਣਾ ਵਿਹਾਰ ਕਰੋ। ਤੁਹਾਨੂੰ ਨਾ ਤਾਂ ਮੇਰੀ ਅਵਸਥਾ ਦੀ, ਮੇਰੇ ਦੁੱਖ ਦੀ, ਮੇਰੇ ਰੋਗ ਦੀ ਸਮਝ ਹੀ ਲੱਗਣੀ ਹੈ ਅਤੇ ਨਾ ਹੀ ਤੁਹਾਥੋਂ ਇਸ ਦਾ ਇਲਾਜ ਹੀ ਹੋ ਸਕਣਾ ਹੈ।

ਵੈਦ ਜੀ ਆਖਿਆ, ਠੀਕ ਹੈ, ਮੈਂ ਨਹੀਂ ਵੇਖਦਾ। ਫਿਰ ਤੁਸੀਂ ਆਪ ਹੀ ਦੱਸੋ ਕਿ ਤੁਹਾਨੂੰ ਕੀ ਰੋਗ ਹੈ? ਹੋ ਸਕਦੈ ਮੇਰਾ ਕੋਈ ਨੁਸਖ਼ਾ ਤੁਹਾਡੇ ਦੁੱਖ ਦਾ ਦਾਰੂ ਬਣ ਜਾਵੇ। ਨਾਨਕ ਸਾਹਿਬ ਆਖਿਆ, ਭੋਲੇ-ਭਾਲੇ ਵੈਦ ਜੀਓ! ਤੁਸੀਂ ਐਵੇਂ ਖੇਚਲ ਨਾ ਕਰੋ। ਮੇਰਾ ਦੁੱਖ ਤੁਹਾਡੇ ਦਾਰੂ ਦੀ ਪਕੜ ਅਤੇ ਮਾਰ ਤੋਂ ਪਰ੍ਹੇ ਹੈ। ਇਹ ਆਖਦਿਆਂ ਨਾਨਕ ਸਾਹਿਬ ਬਿਲਕੁਲ ਮੌਨ ਹੋ ਗਏ। ਉਪਰੰਤ ਕੁੱਝ ਸਮੇਂ ਬਾਅਦ ਲੰਮੀ ਚੁੱਪੀ ਤੋੜਦਿਆਂ, ਅੰਞਾਣ ਵੈਦ ਨੂੰ ਬੜੇ ਸਾਇਸ਼ਤਾ ਅੰਦਾਜ਼ ਵਿਚ ਸੰਬੋਧਨ ਕਰਦਿਆਂ, ਇਲਾਹੀ ਵਜਦ ਅਤੇ ਸੰਗੀਤਕ ਲਹਿਰ (ਰਾਗ ਮਲਾਰ) ਅੰਦਰ, ਉਨ੍ਹਾਂ ਜੋ ਗੀਤ/ਸ਼ਬਦ ਗਾਵਿਆ, ਉਹ ਇਸ ਪ੍ਰਕਾਰ ਹੈ :

ਦੁਖੁ ਵਿਛੋੜਾ ਇਕੁ ਦੁਖੁ ਭੂਖ।। ਇਕੁ ਦੁਖੁ ਸਕਤਵਾਰ ਜਮਦੂਤ।।

ਇਕੁ ਦੁਖੁ ਰੋਗੁ ਲਗੈ ਤਨਿ ਧਾਇ।। ਵੈਦ ਨ ਭੋਲੇ ਦਾਰੂ ਲਾਇ।।

ਦਰਦੁ ਹੋਵੈ ਦੁਖੁ ਰਹੈ ਸਰੀਰ।। ਐਸਾ ਦਾਰੂ ਲਗੈ ਨ ਬੀਰ।। ਰਹਾਉ।।

ਖਸਮੁ ਵਿਸਾਰਿ ਕੀਏ ਰਸ ਭੋਗ।। ਤਾਂ ਤਨਿ ਉਠਿ ਖਲੋਏ ਰੋਗ।।

ਮਨ ਅੰਧੈ ਕਉ ਮਿਲੈ ਸਜਾਇ।। ਵੈਦ ਨ ਭੋਲੇ ਦਾਰੂ ਲਾਇ।।

ਚੰਦਨ ਕਾ ਫਲੁ ਚੰਦਨ ਵਾਸੁ।। ਮਾਣਸ ਕਾ ਫਲੁ ਘਟ ਮਹਿ ਸਾਸੁ।।

ਸਾਸਿ ਗਇਐ ਕਾਇਆ ਢਲਿ ਪਾਇ।। ਤਾ ਕੈ ਪਾਛੈ ਕੋਇ ਨ ਖਾਇ।।

ਕੰਚਨ ਕਾਇਆ ਨਿਰਮਲ ਹੰਸੁ।। ਜਿਸੁ ਮਹਿ ਨਾਮੁ ਨਿਰੰਜਨ ਅੰਸੁ।।

ਦੂਖ ਰੋਗ ਸਭਿ ਗਇਆ ਗਵਾਇ।। ਨਾਨਕ ਛੂਟਸਿ ਸਾਚੈ ਨਾਇ।।

ਸੰਸਾਰਕ ਦੁੱਖਾਂ ਅਤੇ ਇਨ੍ਹਾਂ ਦੇ ਨਿਧਾਨ ਬਾਰੇ ਨਾਨਕ ਸਾਹਿਬ ਦਾ ਇਹਾ ਬੜਾ ਦਾਰਸ਼ਨਿਕ ਕਿਸਮ ਦਾ ਰਮਜ਼ਮਈ ਅਤੇ ਵਿਆਖਿਆਮਈ ਪ੍ਰਵਚਨ ਸੁਣ ਕੇ, ਵੈਦ ਦੰਗ ਰਹਿ ਗਿਆ। ਠਠੰਬਰਿਆ ਹੋਇਆ, ਸੋਚੀਂ ਪੈ ਗਿਆ। ਪਹਿਲਾਂ ਮਨ ਹੀ ਮਨ ਹਿਸਾਬ ਲਾਇਆ ਕਿ ਇਹ ਬਾਲਕ ਰੋਗੀ ਨਹੀਂ, ਇਹ ਤਾਂ ਕਿਸੇ ਆਵੇਸ਼ ਵਿਚ ਹੈ, ਕਿਸੇ ਅਨੋਖੇ ਅਤੇ ਉਚੇਰੇ ਰੂਹਾਨੀ ਰੰਗ (ਇਲਹਾਮ ਦੀ ਅਵਸਥਾ) ਵਿਚ ਹੈ। ਇੱਥੇ ਮੇਰੀ ਦਵਾ-ਦਾਰੂ ਦਾ ਕੋਈ ਮਤਲਬ ਨਹੀਂ।

ਫਿਰ ਮਹਿਤਾ ਕਾਲੂ ਜੀ ਨੂੰ ਥੋੜ੍ਹਾ ਪਰੇ ਲਿਜਾਂਦਿਆਂ ਅਤੇ ਸਮਝਾਉਂਦਿਆਂ ਹੌਲੀ ਜਿਹੀ ਆਖਿਆ, ਮਹਿਤਾ ਜੀ! ਮੇਰੀ ਮੰਨੋ, ਦਾਰੂ ਦੀ ਇੱਥੇ ਕੋਈ ਲੋੜ ਨਹੀਂ, ਕੋਈ ਜਗ, ਹੋਮ, ਪੂਜਾ-ਪਾਠ ਕਰਾਓ ਤਾਂ ਜੋ ਇਸ ਨੂੰ ਸੁਰਤ ਆਵੇ। ਜਦੋਂ ਸੁਰਤ ਸੰਭਾਲੇ ਤਾਂ ਦੱਸਣਾ। ਫਿਰ ਜੇਕਰ ਮੈਨੂੰ ਕੋਈ ਸਰੀਰ ਦਾ ਰੋਗ, ਨੁਕਸ ਜਾਂ ਦੁੱਖ ਦਿੱਸਿਆ ਤਾਂ ਤੁਹਾਡੇ ਲਾਲ ਨੂੰ ਅਜਿਹੀ ਅਸਰਦਾਰ ਵਧੀਆ ਦਵਾਈ ਦਿਆਂਗਾ ਕਿ ਇਸ ਦਾ ਸਰੀਰ ਦਿਨਾਂ ਵਿਚ ਬਿਲਕੁਲ ਰੋਗ ਮੁਕਤ ਹੋ ਜਾਵੇਗਾ।

ਵੈਦ ਸਾਹਿਬ ਦੀ ਪਿਤਾ ਮਹਿਤਾ ਜੀ ਨੂੰ ਦਿੱਤੀ ਬਚਕਾਨਾ ਸਲਾਹ ਨੂੰ ਸੁਣ, ਪਹਿਲਾਂ ਤਾਂ ਨਾਨਕ ਸਾਹਿਬ ਉਨ੍ਹਾਂ ਵੱਲ ਵੇਖ ਮੰਦ-ਮੰਦ ਮੁਸਕਰਾਏ। ਫਿਰ ਤਰਸ ਅਤੇ ਮਿਹਰ ਦੇ ਘਰ ਆਏ। ਮਾਂ-ਪਿਆਰ ਨਾਲ ਸਰਸ਼ਾਰ ਅਤੇ ਪਿਤਾ ਦੇ ਸੁਆਰਨ ਦੀ ਦਾਤ ਵਾਲੇ ਝਿੜਕ ਭਰੇ ਨਜ਼ਰੀਏ ਨਾਲ ਵੈਦ ਨੂੰ ਨਿਹਾਰਦਿਆਂ, ਉਚੇਰੀ ਸਿਆਣਪ ਨਾਲ ਭਰਪੂਰ ਉੱਚੀ-ਸੁੱਚੀ ਆਤਮਿਕ ਵੈਦਗਿਰੀ (ਅੰਤਰ-ਯਾਤਰਾ) ਦਾ ਜੋ ਬੇਸ਼ਕੀਮਤੀ ਉਪਦੇਸ਼ ਉਸ ਪ੍ਰਥਾਇ ਦਿੱਤਾ, ਉਹ ਇਵੇਂ ਸੀ :

ਦੁਖ ਮਹੁਰਾ ਮਾਰਣ ਹਰਿ ਨਾਮੁ।। ਸਿਲਾ ਸੰਤੋਖ ਪੀਸਨੁ ਹਥਿ ਦਾਨੁ।।

ਨਿਤ ਨਿਤ ਲੇਹੁ ਨ ਛੀਜੈ ਦੇਹ।। ਅੰਤ ਕਾਲਿ ਜਮੁ ਮਾਰੈ ਠੇਹ।।

ਐਸਾ ਦਾਰੂ ਖਾਹਿ ਗਵਾਰ।। ਜਿਤੁ ਖਾਧੈ ਤੇਰੇ ਜਾਹਿ ਵਿਕਾਰ।।ਰਹਾਉ।।

ਰਾਜੁ ਮਾਲੁ ਜੋਬਨ ਸਭੁ ਛਾਂਵ।। ਰਥਿ ਫਿਰੰਦੈ ਦੀਸਹਿ ਥਾਵ।।

ਦੇਹ ਨ ਨਾਉ ਨ ਹੋਵੈ ਜਾਤਿ।। ਓਥੈ ਦਿਹੁ ਐਥੇ ਸਭ ਰਾਤਿ।।

ਸਾਦ ਕਰਿ ਸਮਧਾਂ ਤ੍ਰਿਸਨਾ ਘਿਉ ਤੇਲੁ।। ਕਾਮੁ ਕ੍ਰੋਧ ਅਗਨੀ ਸਿਉ ਮੇਲੁ।।

ਹੋਮ ਜਗ ਅਰੁ ਪਾਠ ਪੁਰਾਣ।। ਜੋ ਤਿਸੁ ਭਾਵੈ ਸੋ ਪਰਵਾਣ।।

ਤਪੁ ਕਾਗਦੁ ਤੇਰਾ ਨਾਮੁ ਨੀਸਾਨੁ।। ਜਿਸ ਕਉ ਲਿਖਿਆ ਏਹੁ ਨਿਧਾਨੁ।।

ਸੇ ਧਨਵੰਤ ਦਿਸਹਿ ਘਰਿ ਜਾਇ।। ਨਾਨਕ ਜਨਨੀ ਧੰਨੀ ਮਾਇ।।

ਚਲਦਾ...

ਜਗਜੀਵਨ ਸਿੰਘ (ਡਾ.)

ਫੋਨ: 99143—01328


Related News