ਮਜ਼ਦੂਰਾਂ ਵੱਲੋਂ ਡੀ. ਸੀ. ਦਫਤਰ ਅੱਗੇ ਧਰਨਾ

10/18/2017 6:33:03 AM

ਤਰਨਤਾਰਨ,  (ਰਾਜੂ, ਆਹਲੂਵਾਲੀਆ)-  ਪੰਜਾਬ ਉਸਾਰੀ ਮਜ਼ਦੂਰ ਸਾਂਝਾ ਮੰਚ ਵੱਲੋਂ ਨਿਰਮਾਣ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਤਰਨਤਾਰਨ ਦੇ ਦਫਤਰ ਅੱਗੇ ਸੈਂਕੜੇ ਨਿਰਮਾਣ ਮਜ਼ਦੂਰਾਂ ਵੱਲੋਂ ਧਰਨਾ ਲਾਇਆ ਗਿਆ ਅਤੇ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ, ਜਿਸ ਦੀ ਅਗਵਾਈ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਧਰਮ ਸਿੰਘ ਨਾਲ ਝੰਡਾ ਨਿਰਮਾਣ ਯੂਨੀਅਨ ਦੇ ਆਗੂ ਬਲਦੇਵ ਸਿੰਘ, ਉਸਾਰੀ ਮਜ਼ਦੂਰ ਯੂਨੀਅਨ ਏਕਤਾ ਦੇ ਆਗੂ ਸੁਖਦੇਵ ਸਿੰਘ, ਹਿੰਦ ਮਜ਼ਦੂਰ ਸਭਾ ਦੇ ਆਗੂ ਭੁਪਿੰਦਰ ਸਿੰਘ ਕੰਗ ਨੇ ਕੀਤੀ।
 ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਬਲਦੇਵ ਸਿੰਘ ਪੰਡੋਰੀ, ਸੁਖਦੇਵ ਸਿੰਘ, ਦੇਵੀ ਕੁਮਾਰੀ ਅਤੇ ਕੁਲਵੰਤ ਸਿੰਘ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੀ ਸਰਕਾਰ ਨਿਰਮਾਣ ਮਜ਼ਦੂਰਾਂ ਦੇ ਹੱਕ 'ਚ ਬਣੇ 1996 ਦੇ ਕਾਨੂੰਨ ਨੂੰ ਤਹਿਸ-ਨਹਿਸ ਕਰਨਾ ਚਾਹੀਦੀ ਹੈ। ਕਾਨੂੰਨ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ। ਨਿਰਮਾਣ ਮਜ਼ਦੂਰਾਂ ਦੀ ਰਜਿਸਟਰੇਸ਼ਨ ਕਰਨ 'ਚ ਦੇਰ ਕੀਤੀ ਜਾ ਰਹੀ ਹੈ। ਕਈ-ਕਈ ਚਿਰ ਮਜ਼ਦੂਰਾਂ ਦੇ ਫਾਰਮ ਲੇਬਰ ਦਫਤਰ 'ਚ ਰੁਲਦੇ ਰਹਿੰਦੇ ਹਨ, ਉਨ੍ਹਾਂ ਦੀ ਰਜਿਟਰੇਸ਼ਨ ਨਹੀਂ ਕੀਤੀ ਜਾ ਰਹੀ। ਵੱਡੀ ਪੱਧਰ 'ਤੇ ਮਜ਼ਦੂਰਾਂ ਦੀਆਂ ਕਾਪੀਆਂ ਰੀਨਿਊ ਨਹੀਂ ਕੀਤੀਆਂ ਗਈਆਂ ਅਤੇ ਕਾਪੀਆਂ ਦਫਤਰਾਂ ਵਿਚ ਗੁੰਮ ਹੋ ਰਹੀਆਂ ਹਨ। ਲੇਬਰ ਵਿਭਾਗ ਕੋਈ ਧਿਆਨ ਨਹੀਂ ਦੇ ਰਿਹਾ।
 ਉਕਤ ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਦੀ ਰਜਿਸਟਰੇਸ਼ਨ ਰੀਨਿਊ ਅਤੇ ਹੋਰ ਸਹੂਲਤਾਂ ਦੇ ਫਾਰਮ ਆਨਲਾਈਨ ਕਰਨ ਦਾ ਫਰਮਾਨ ਜਾਰੀ ਕਰਨ ਨਾਲ ਮਜ਼ਦੂਰਾਂ ਦੀ ਰਜਿਸਟਰੇਸ਼ਨ ਕਾਫੀ ਸਮੇਂ ਤੋਂ ਰੁਕੀ ਪਈ ਹੈ। ਮਜ਼ਦੂਰ ਖੱਜਲ-ਖੁਆਰ ਹੋ ਰਹੇ ਹਨ। ਆਗੂਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਨਿਰਮਾਣ ਮਜ਼ਦੂਰਾਂ ਨੂੰ ਰਜਿਸਟਰੇਸ਼ਨ, ਨਵੀਨੀਕਰਨ ਅਤੇ ਹੋਰ ਹਰ ਤਰ੍ਹਾਂ ਦੀਆਂ ਸਹੂਲਤਾਂ ਲੈਣ ਲਈ ਆਨਲਾਈਨ ਦੇ ਨਾਲ ਆਫਲਾਈਨ ਵੀ ਜਾਰੀ ਰੱਖਿਆ ਜਾਵੇ। ਅੰਤਰਰਾਜੀ ਮਜ਼ਦੂਰਾਂ ਅਤੇ ਕੰਮ ਕਰਦੀਆਂ ਔਰਤਾਂ ਦੀ ਪਹਿਲ ਦੇ ਆਧਾਰ 'ਤੇ ਰਜਿਸਟਰੇਸ਼ਨ ਕੀਤੀ ਜਾਵੇ। ਇਸ ਮੌਕੇ ਕੁਲਵੰਤ ਸਿੰਘ, ਕਰਤਾਰ ਸਿੰਘ, ਕੁਲਵੰਤ ਸਿੰਘ, ਰਛਪਾਲ ਸਿੰਘ, ਪ੍ਰੀਤ ਕੌਰ, ਅੰਗਰੇਜ਼ ਸਿੰਘ, ਮੰਗਲ ਸਿੰਘ, ਸ਼ਿਵ ਬਹਾਦਰ, ਪਰਮਜੀਤ ਸਿੰਘ, ਗੁਰਦਿਆਲ ਸਿੰਘ, ਸੁਖਦੇਵ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।


Related News