​​​​​​​ਯੂਕੀ ਤੇ ਸਾਕੇਤ ਦੀ ਵਾਪਸੀ, ਪੇਸ ਬਾਹਰ

08/15/2017 2:46:53 AM

ਨਵੀਂ ਦਿੱਲੀ— ਭਾਰਤ ਨੇ ਕੈਨੇਡਾ ਵਿਰੁੱਧ ਹੋਣ ਵਾਲੇ ਡੇਵਿਸ ਕੱਪ ਵਿਸ਼ਵ ਗਰੁੱਪ ਪਲੇ ਆਫ ਮੁਕਾਬਲੇ ਲਈ ਬਿਹਤਰੀਨ ਫਾਰਮ ਵਿਚ ਚੱਲ ਰਹੇ ਚੋਟੀ ਦੇ ਸਿੰਗਲਜ਼ ਖਿਡਾਰੀ ਯੂਕੀ ਭਾਂਬਰੀ ਨੂੰ ਟੀਮ ਵਿਚ ਜਗ੍ਹਾ ਦਿੱਤੀ,  ਜਦਕਿ  ਖਰਾਬ ਰੈਂਕਿੰਗ ਕਾਰਨ ਤਜਰਬੇਕਾਰ ਲਿਏਂਡਰ ਪੇਸ ਦੇ ਨਾਂ 'ਤੇ ਵਿਚਾਰ ਹੀ ਨਹੀਂ ਕੀਤਾ ਗਿਆ। ਏ. ਟੀ. ਪੀ. ਸੂਚੀ ਵਿਚ 495ਵੀਂ ਰੈਂਕਿੰਗ ਨਾਲ ਭਾਰਤੀ ਖਿਡਾਰੀਆਂ ਵਿਚ ਅੱਠਵੇਂ ਸਥਾਨ 'ਤੇ ਹੋਣ ਦੇ ਬਾਵਜੂਦ ਸਾਕੇਤ ਮਾਈਨੇਨੀ ਵੀ ਟੀਮ ਵਿਚ ਜਗ੍ਹਾ ਬਣਾਉਣ ਵਿਚ ਸਫਲ ਰਿਹਾ। ਯੂਕੀ ਤੇ ਸਾਕੇਤ ਦੋਵੇਂ ਹੀ ਸੱਟ ਬਾਅਦ ਵਾਪਸੀ ਕਰ ਰਹੇ ਹਨ।
ਪ੍ਰਜਨੇਸ਼ ਗੁਣੇਸ਼ਵਰਨ (220), ਸੁਮਿਤ ਨਾਗਲ (261), ਐੱਨ. ਸ਼੍ਰੀਰਾਮ ਬਾਲਾਜੀ (291), ਵਿਸ਼ਣੂ ਵਰਧਨ (410) ਤੇ ਐੱਸ. ਕੁਮਾਰ ਮੁਕੰਦ (440) ਦੀ ਰੈਂਕਿੰਗ ਸਾਕੇਤ ਤੋਂ ਬਿਹਤਰ ਹੈ ਪਰ ਸਿੰਗਲਜ਼ ਤੇ ਡਬਲਜ਼ ਦੋਵਾਂ ਵਿਚ ਖੇਡਣ ਦੀ ਉਸਦੀ ਸਮੱਰਥਾ ਤੋਂ ਬਾਅਦ ਉਸ ਨੂੰ ਹੋਰਨਾਂ ਦਾਅਵੇਦਾਰਾਂ 'ਤੇ ਤਰਜੀਹ ਦਿੱਤੀ ਗਈ। ਚੋਣ ਪੈਨਲ ਨੇ ਸਤੰਬਰ ਵਿਚ ਤੁਰਕਮੇਨਿਸਤਾਨ ਵਿਚ ਹੋਣ ਵਾਲੀਆਂ ਏਸ਼ੀਆਈ ਇੰਡੋਰ ਖੇਡਾਂ ਲਈ ਵੀ ਟੀਮ ਚੁਣੀ। ਵਿਸ਼ਣੂ ਵਰਧਨ ਪੁਰਸ਼ ਟੀਮ ਦੀ ਅਗਵਾਈ ਕਰੇਗਾ, ਜਿਸ ਵਿਚ ਸੁਮਿਤ ਨਾਗਲ, ਸਿਧਾਰਥ ਰਾਵਤ ਤੇ ਵਿਜੇ ਸੁੰਦਰ ਪ੍ਰਸ਼ਾਂਤ ਨੂੰ ਜਗ੍ਹਾ ਮਿਲੀ ਹੈ। ਟੀਮ ਦੇ ਕੋਚ ਸਾਬਕਾ ਰਾਸ਼ਟਰੀ ਚੈਂਪੀਅਨ ਆਸ਼ੂਤੋਸ਼ ਸਿੰਘ ਹੋਣਗੇ। ਮਹਿਲਾ ਟੀਮ ਵਿਚ ਦੇਸ਼ ਦੀ ਸਰਵਸ੍ਰੇਸ਼ਠ 
ਸਿੰਗਲਜ਼ ਖਿਡਾਰੀ ਅੰਕਿਤਾ ਰੈਨਾ, ਪ੍ਰਾਰਥਨਾ ਥੋਂਬਾਰੇ, ਧਰੁਤੀ ਟੀ. ਵੇਣੂਗੋਪਾਲ ਤੇ ਰਾਸ਼ਟਰੀ ਚੈਂਪੀਅਨ ਰੀਆ ਭਾਟੀਆ ਨੂੰ ਜਗ੍ਹਾ ਮਿਲੀ ਹੈ। 
ਕੈਨੇਡਾ ਮੁਕਾਬਲੇ ਲਈ ਡੇਵਿਸ ਕੱਪ ਟੀਮ ਇਸ ਤਰ੍ਹਾਂ ਹੈ : ਯੂਕੀ ਭਾਂਬਰੀ, ਰਾਜ ਕੁਮਾਰ ਰਾਮਨਾਥਨ, ਸਾਕੇਤ ਮਾਈਨੇਨੀ, ਰੋਹਨ ਬੋਪੰਨਾ। ਰਿਜ਼ਰਵ—ਪ੍ਰਜਨੇਸ਼ ਗੁਣੇਸ਼ਵਰਨ, ਐੱਨ. ਸ਼੍ਰੀਰਾਮ ਬਾਲਾਜੀ।


Related News