ਵਿਸ਼ਵ ਕਬੱਡੀ ਲੀਗ 24 ਅਕਤੂਬਰ ਤੋਂ

09/16/2017 8:43:28 AM

ਜਲੰਧਰ— ਵਿਸ਼ਵ ਕਬੱਡੀ ਫੈੱਡਰੇਸ਼ਨ ਵਲੋਂ 24 ਅਕਤੂਬਰ ਤੋਂ 12 ਨਵੰਬਰ ਤਕ ਪੰਜਾਬ 'ਚ ਵਿਸ਼ਵ ਕਬੱਡੀ ਲੀਗ ਕਰਵਾਈ ਜਾ ਰਹੀ ਹੈ। ਇਸ ਲੀਗ 'ਚ ਪਹਿਲੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 50 ਲੱਖ ਰੁਪਏ, ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 25 ਲੱਖ ਅਤੇ 36 ਲੱਖ ਰੁਪਏ ਦੇ ਸਪੈਸ਼ਲ ਇਨਾਮ ਵਧੀਆ ਖਿਡਾਰੀਆਂ ਨੂੰ ਦਿੱਤੇ ਜਾਣਗੇ।  
ਇਹ ਫੈਸਲਾ ਐੱਮ. ਐੱਲ. ਏ.,  ਵਿਸ਼ਵ ਕਬੱਡੀ ਫੈੱਡਰੇਸ਼ਨ ਤੇ ਸਰਕਲ ਸਟਾਈਲ ਕਬੱਡੀ ਫੈੱਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸ. ਫਤਿਹਜੰਗ ਸਿੰਘ ਬਾਜਵਾ ਦੀ ਅਗਵਾਈ 'ਚ ਹੋਈ ਬੈਠਕ ਤੋਂ ਬਾਅਦ ਕੀਤਾ ਗਿਆ ਹੈ। ਇਸ ਕਬੱਡੀ ਲੀਗ ਵਿਚ ਬਹੁਤ ਵਧੀਆ ਕਿਸਮ ਦੇ ਕੌਮਾਂਤਰੀ ਖਿਡਾਰੀ ਖੇਡਣਗੇ ਅਤੇ ਬਹੁਤ ਦਿਲਚਸਪ ਮੁਕਾਬਲੇ ਹੋਣਗੇ। ਵਿਸ਼ਵ ਕਬੱਡੀ ਲੀਗ ਨੂੰ ਪੰਜਾਬ ਸਰਕਾਰ, ਵਰਲਡ ਕਬੱਡੀ ਫੈੱਡਰੇਸ਼ਨ, ਕਬੱਡੀ ਸਰਕਲ ਸਟਾਈਲ ਫੈੱਡਰੇਸ਼ਨ ਆਫ ਇੰਡੀਆ ਅਤੇ ਕਬੱਡੀ ਸਰਕਲ ਸਟਾਈਲ ਐਸੋਸੀਏਸ਼ਨ ਆਫ ਪੰਜਾਬ ਵਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਵਿਸ਼ਵ ਕਬੱਡੀ ਲੀਗ ਦੇ ਜ਼ਿਆਦਾਤਰ ਟੂਰਨਾਮੈਂਟ ਜਲੰਧਰ ਵਿਖੇ ਕਰਵਾਏ ਜਾਣਗੇ ਅਤੇ ਸੈਮੀਫਾਈਨਲ ਤੇ ਫਾਈਨਲ ਮੈਚ ਮੋਹਾਲੀ ਵਿਖੇ ਹੋਣਗੇ। ਇਸ ਮੌਕੇ ਕਬੱਡੀ ਸਰਕਲ ਸਟਾਈਲ ਫੈੱਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਜੁਗਰਾਜ ਸਿੰਘ ਅਤੇ ਕਬੱਡੀ ਸਰਕਲ ਸਟਾਈਲ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਕੰਵਲਜੀਤ ਸਿੰਘ ਲਾਲੀ ਵੀ ਹਾਜ਼ਰ ਸਨ। 

ਕਬੱਡੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਵੇਗੀ ਸਰਕਾਰ : ਬਾਜਵਾ 
ਪ੍ਰਧਾਨ ਸ. ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਹੈ ਕਿ ਇਸ ਕਬੱਡੀ ਲੀਗ ਨੂੰ ਕਰਵਾਉਣ ਦਾ ਮਕਸਦ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਮੋੜਨਾ ਹੈ। ਇਸ ਕਬੱਡੀ ਲੀਗ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਇਨਾਮਾਂ ਤੋਂ ਇਲਾਵਾ ਸਰਕਾਰੀ ਪੱਧਰ 'ਤੇ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਇਸ ਕਬੱਡੀ ਲੀਗ ਰਾਹੀਂ ਸੂਬੇ ਵਿਚ ਚੰਗੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਹੋਵੇਗੀ ਤੇ ਇਨ੍ਹਾਂ ਮੁਕਾਬਲਿਆਂ ਨੂੰ ਅੱਗੇ ਜ਼ਿਲਾ ਪੱਧਰ ਤੇ ਬਲਾਕ ਪੱਧਰ ਤੱਕ ਉਤਸ਼ਾਹਿਤ ਕਰਨ ਲਈ ਸਰਕਾਰ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।


Related News