ਸ਼ਿਪਰਸ ਨੇ 200 ਮੀਟਰ ''ਚ ਬਚਾਇਆ ਵਿਸ਼ਵ ਖਿਤਾਬ

08/13/2017 2:54:23 AM

ਲੰਡਨ— ਹਾਲੈਂਡ ਦੀ ਡੈਫਨੇ ਸ਼ਿਪਰਸ ਨੇ ਜ਼ਬਰਦਸਤ ਪ੍ਰਦਰਸ਼ਨ ਨਾਲ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਆਪਣੇ 200 ਮੀਟਰ ਦੇ ਵਿਸ਼ਵ ਖਿਤਾਬ ਦਾ ਬਚਾਅ ਕਰ ਲਿਆ ਹੈ, ਜਿਸ ਕਾਰਨ ਆਈਵਰੀ ਕੋਸਟ ਦੀ ਮਾਰੀ ਜੋਸੇ ਟਾ ਲੁ  ਨੂੰ ਕੁਝ ਸੈਕਿੰਡ ਦੇ ਫਰਕ ਨਾਲ ਚਾਂਦੀ ਤਮਗੇ 'ਤੇ ਤਸੱਲੀ ਕਰਨੀ ਪਈ।
ਓਲੰਪਿਕ ਚੈਂਪੀਅਨ ਅਲਾਈਨ ਥਾਂਪਸਨ ਵਲੋਂ 200 ਮੀਟਰ ਦੀ ਦੌੜ ਵਿਚ ਨਾ ਉਤਰਨ ਦੇ ਫੈਸਲੇ ਅਤੇ ਟੋਰੀ ਬੋਈ ਦੇ 100 ਮੀਟਰ ਦਾ ਖਿਤਾਬ ਜਿੱਤਣ ਪਿੱਛੋਂ ਦੌੜ 'ਚੋਂ ਹਟਣ ਦਾ ਫੈਸਲਾ ਲੈਣ ਪਿੱਛੋਂ ਸ਼ਿਪਰਸ ਲਈ ਚੈਂਪੀਅਨਸ਼ਿਪ ਕੁਝ ਸੌਖੀ ਹੋ ਗਈ ਸੀ ਪਰ ਉਸ ਨੇ ਆਪਣੇ ਖਿਤਾਬ ਦਾ ਬਚਾਅ ਕਰਨ 'ਚ ਕੋਈ ਕੁਤਾਹੀ ਨਹੀਂ ਵਰਤੀ ਅਤੇ 22.05 ਸੈਕਿੰਡ ਦਾ ਸਮਾਂ ਲੈ ਕੇ ਸੋਨੇ 'ਤੇ ਇਕ ਵਾਰ ਮੁੜ ਕਬਜ਼ਾ ਕਰ ਲਿਆ। ਸ਼ਿਪਰਸ ਦਾ ਇਹ ਸੈਸ਼ਨ ਦਾ ਸਭ ਤੋਂ ਵਧੀਆ ਸਮਾਂ ਵੀ ਹੈ।
ਮਾਰੀ 0.3 ਸੈਕਿੰਡ ਦੇ ਫਰਕ ਨਾਲ ਪੱਛੜ ਗਈ ਅਤੇ 22.08 ਸੈਕਿੰਡ ਦਾ ਸਮਾਂ ਲੈ ਕੇ ਦੂਜੇ ਨੰਬਰ 'ਤੇ ਰਹੀ, ਜੋ ਕੌਮਾਂਤਰੀ ਰਿਕਾਰਡ ਵੀ ਹੈ। ਬਹਾਮਾਸ ਦੀ ਸ਼ਾਨੇ ਉਈਬੋ 22.15 ਸੈਕੰਡ ਦਾ ਸਮਾਂ ਲੈ ਕੇ ਤੀਜੇ ਨੰਬਰ 'ਤੇ ਰਹੀ ਅਤੇ ਕਾਂਸੀ ਤਮਗਾ ਜਿੱਤਿਆ।


Related News