ਰੋਹਿਤ ਦੇ 32 ਅੰਕਾਂ ਦੇ ਦਮ ''ਤੇ ਬੈਂਗਲੁਰੂ ਨੇ ਦਰਜ ਕੀਤੀ ਸਭ ਤੋਂ ਵੱਡੀ ਜਿੱਤ

10/18/2017 10:35:26 AM

ਪੁਣੇ, (ਬਿਊਰੋ)— ਰੋਹਿਤ ਕੁਮਾਰ ਦੇ 32 ਅੰਕਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਬੈਂਗਲੁਰੂ ਬੁਲਸ ਨੇ ਯੂ.ਪੀ. ਯੋਧਾ ਨੂੰ ਵੀਵੋ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ 'ਚ ਮੰਗਲਵਾਰ ਨੂੰ 64-24 ਦੇ ਵਿਸ਼ਾਲ ਫਰਕ ਨਾਲ ਹਰਾਇਆ। ਜੇਤੂ ਬੈਂਗਲੁਰੂ ਦੇ ਲਈ ਰੋਹਿਤ ਨੇ ਸਭ ਤੋਂ ਜ਼ਿਆਦਾ 32 ਅੰਕ ਪ੍ਰਾਪਤ ਕੀਤੇ ਜਿਸ 'ਚ 31 ਰੇਡ ਤੋਂ 30 ਅੰਕ ਸ਼ਾਮਲ ਸਨ। ਇਸ ਤੋਂ ਇਲਾਵਾ ਰਵਿੰਦਰ ਪਹਿਲ ਨੇ 7, ਗੁਰਵਿੰਦਰ ਸਿੰਘ ਨੇ ਪੰਜ ਅਤੇ ਪ੍ਰੀਤਮ ਛਿੱਲਰ ਨੇ 4 ਅੰਕ ਜੁਟਾਏ। 

ਬੈਂਗਲੁਰੂ ਨੇ ਰੇਡ ਤੋਂ 37, ਡਿਫੈਂਸ ਤੋਂ 16, ਆਲਆਊਟ ਤੋਂ 10 ਅਤੇ ਇਕ ਵਾਧੂ ਅੰਕ ਪ੍ਰਾਪਤ ਕੀਤੇ। ਬੈਂਗਲੁਰੂ ਨੂੰ ਇਸ ਵੱਡੀ ਜਿੱਤ ਦਾ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਉਹ ਪਲੇਆਫ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ। ਯੂਪੀ ਵੱਲੋਂ ਸੁਰਿੰਦਰ ਸਿੰਘ ਨੇ 11 ਅਤੇ ਮਹੇਸ਼ ਗੌੜ ਨੇ 6 ਅੰਕ ਹਾਸਲ ਕੀਤੇ। ਯੂਪੀ ਨੇ ਰੇਡ ਤੋਂ 18, ਡਿਫੈਂਸ ਤੋਂ 4 ਅਤੇ 2 ਵਾਧੂ ਅੰਕ ਬਣਾਏ। ਯੂਪੀ ਦੀ 22 ਮੈਚਾਂ 'ਚ 10ਵੀਂ ਹਾਰ ਦੇ ਬਾਅਦ 60 ਅੰਕ ਹਨ ਅਤੇ ਉਹ ਜ਼ੋਨ ਬੀ 'ਚ ਤੀਜੇ ਸਥਾਨ 'ਤੇ ਹੈ।


Related News