10 ਸਾਲ ਬਾਅਦ ਏਸ਼ੀਆ ਕੱਪ ਜਿੱਤ ਕੇ ਪਰਤੀ ਭਾਰਤੀ ਹਾਕੀ ਟੀਮ ਦਾ ਜ਼ੋਰਦਾਰ ਸੁਆਗਤ

10/24/2017 12:22:10 AM

ਢਾਕਾ—ਇੱਥੇ ਖੇਡੇ ਗਏ 10ਵੇਂ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ 'ਚ ਮਲੇਸ਼ੀਆ ਨੂੰ 2-1 ਨਾਲ ਹਰਾ ਕੇ 10 ਸਾਲ ਬਾਅਦ ਖਿਤਾਬ ਜਿੱਤਣ ਵਾਲੀ ਭਾਰਤੀ ਟੀਮ ਦਾ ਸੋਮਵਾਰ ਨੂੰ ਭਾਰਤ ਵਾਪਸ ਪਰਤਨ 'ਤੇ ਜ਼ੋਰਦਾਰ ਸੁਆਗਤ ਕੀਤਾ। 
ਦਿੱਲੀ ਏਅਰਪੋਰਟ 'ਚ ਮੌਜੂਦ ਫੈਨਜ਼ ਨੇ ਢੋਲ ਬਾਜਿਆਂ ਨਾਲ ਭਾਰਤੀ ਹਾਕੀ ਟੀਮ ਦਾ ਗਰਮਜ਼ੋਸੀ ਨਾਲ ਸੁਆਗਤ ਕੀਤਾ। ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਸਟਾਰ ਫਾਰਵਰਡ ਖਿਡਾਰੀ ਸਰਦਾਰਾ ਸਿੰਘ ਨੇ ਕਿਹਾ ਕਿ ਸਾਡੀ ਟੀਮ ਟੂਰਨਾਮੈਂਟ 'ਚ ਹਰ ਮੈਚ ਜਿੱਤਦੀ ਰਹੀ ਜਿਸ ਨਾਲ ਯਕੀਨੀ ਤੌਰ 'ਤੇ ਖਿਡਾਰੀਆਂ ਦਾ ਮਨੋਬਲ ਵੱਧਦਾ ਰਿਹਾ।


ਤੁਹਾਨੂੰ ਦੱਸ ਦਈਏ ਕਿ ਐਤਵਾਰ ਨੂੰ ਫਾਈਨਲ 'ਚ ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਭਾਰਤ ਨੇ 10 ਸਾਲ ਬਾਅਦ ਏਸ਼ੀਆ ਕੱਪ ਹਾਕੀ ਟੂਰਨਾਮੈਂਟ 'ਤੇ ਕਬਜ਼ਾ ਕਰ ਲਿਆ। ਭਾਰਤ ਵਲੋਂ ਰਮਨਦੀਪ ਸਿੰਘ (ਤੀਜੇ ਮਿੰਟ) ਅਤੇ ਲਲਿਤ ਉਪਾਧਿਆ (29ਵੇਂ ਮਿੰਟ) ਦੇ ਨਾਮ ਇਕ-ਇਕ ਗੋਲ ਰਿਹਾ। ਦੂਜੇ ਪਾਸੇ ਪਾਕਿਸਤਾਨ ਨੇ ਕੋਰੀਆ ਨੂੰ 6-3 ਨਾਲ ਹਰਾ ਕੇ ਟੂਰਨਾਮੈਂਟ 'ਚ ਤੀਜਾ ਸਥਾਨ ਹਾਸਲ ਕੀਤਾ।
ਇਸ ਦੇ ਨਾਲ ਹੀ ਮਨਪ੍ਰੀਤ ਸਿੰਘ ਦੀ ਕਪਤਾਨੀ 'ਚ ਭਾਰਤੀ ਟੀਮ ਨੇ 10 ਸਾਲ ਬਾਅਦ ਇਕ ਵਾਰ ਫਿਰ ਏਸ਼ੀਆਈ ਹਾਕੀ ਦਾ ਤਾਜ਼ ਹਾਸਲ ਕਰ ਲਿਆ ਹੈ। ਭਾਰਤ ਇਸ ਤੋਂ ਪਹਿਲਾਂ 2007 'ਚ ਚੈਂਪੀਅਨ ਬਣਿਆ ਸੀ। ਏਸ਼ੀਆ ਕੱਪ 'ਚ ਭਾਰਤ ਦਾ ਇਹ ਤੀਜਾ ਖਿਤਾਬ ਰਿਹਾ। ਪਹਿਲੀ ਵਾਰ ਭਾਰਤ ਨੇ 2003 'ਚ ਏਸ਼ੀਆ ਕੱਪ 'ਤੇ ਕਬਜ਼ਾ ਕੀਤਾ ਸੀ।


Related News