ਤਰੰਗੇ ਨੂੰ ਦੇਖ ਕੇ ਪਛਾਣਦਾ ਸੀ ਆਪਣੇ ਮੈਚ ਦੀ ਜਗ੍ਹਾ : ਵਿਸ਼ਵਨਾਥਨ ਆਨੰਦ

10/22/2017 4:48:46 AM

ਜਲੰਧਰ— 5 ਵਾਰ ਦੇ ਵਿਸ਼ਵ ਜੇਤੂ ਭਾਰਤ ਦੇ ਵਿਸ਼ਵਨਾਥਨ ਆਨੰਦ ਨੇ ਆਇਲ ਆਫ ਮੈਨ ਇੰਟਰਨੈਸ਼ਨਲ ਚੈੱਸ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਤੇ ਉਪ ਜੇਤੂ ਬਣਨ ਬਾਰੇ ਚੈੱਸ ਬੇਸ ਇੰਡੀਆ ਨੂੰ ਦਿੱਤੀ ਇਕ ਇੰਟਰਵਿਊ ਵਿਚ ਆਪਣੀ ਖੇਡ ਨੂੰ ਲੈ ਕੇ ਤੇ ਆਪਣੇ ਸੰਨਿਆਸ ਦੀਆਂ ਖਬਰਾਂ ਬਾਰੇ ਗੱਲ ਕੀਤੀ। 
ਆਨੰਦ ਨੇ ਪ੍ਰਦਰਸ਼ਨ ਬਾਰੇ ਦੱਸਿਆ ਕਿ ਪਿਛਲੇ ਸਾਲ ਓਪਨ ਟੂਰਨਾਮੈਂਟ 'ਚ ਉਹ ਖਰਾਬ ਖੇਡਿਆ ਸੀ ਤੇ ਇਸ ਵਿਸ਼ਵ ਕੱਪ 'ਚ ਵੀ ਉਹ ਓਨਾ ਚੰਗਾ ਨਹੀਂ ਖੇਡ ਸਕਿਆ, ਉਸ ਦੇ ਪਿੱਛੇ ਮੈਚ ਦੌਰਾਨ ਉਹ ਦਿਮਾਗੀ ਪੱਖੋਂ ਸ਼ਾਂਤ ਨਹੀਂ ਰਹਿ ਰਿਹਾ ਸੀ ਤੇ ਇਸੇ ਵਜ੍ਹਾ ਨਾਲ ਬੋਰਡ 'ਤੇ ਜ਼ਿਆਦਾ ਚੰਗੇ ਫੈਸਲੇ ਨਹੀਂ ਲੈ ਸਕਿਆ, ਜਦਕਿ ਇਸ ਟੂਰਨਾਮੈਂਟ 'ਚ ਨਤੀਜੇ ਦੀ ਪਰਵਾਹ ਨਾ ਕਰਦੇ ਹੋਏ ਉਹ ਹਰ ਮੈਚ ਦੌਰਾਨ ਸ਼ਾਂਤ ਸੀ ਤੇ ਚੰਗੇ ਫੈਸਲੇ ਲੈ ਰਿਹਾ ਸੀ ਤੇ ਆਖਰੀ 2 ਮੈਚਾਂ 'ਚ ਉਹ ਬਿਹਤਰ ਖੇਡ ਸਕਿਆ। 
ਜਦੋਂ ਉਸ ਤੋਂ ਪੁੱਛਿਆ ਗਿਆ ਕਿ ਇਸ ਟੂਰਨਾਮੈਂਟ ਦੀਆਂ ਤਿਆਰੀਆਂ ਉਸ ਨੇ ਕਿਵੇਂ ਕੀਤੀਆਂ ਤਾਂ ਉਸ ਨੇ ਦੱਸਿਆ ਕਿ ਉਸ ਨੇ ਬਿਲਕੁਲ ਵੀ ਤਿਆਰੀ ਨਹੀਂ ਕੀਤੀ ਸੀ ਕਿਉਂਕਿ ਵਿਸ਼ਵ ਕੱਪ ਤੋਂ ਬਾਅਦ ਨਾ ਤਾਂ ਉਸ ਕੋਲ ਸਮਾਂ ਸੀ ਤੇ ਨਾ ਹੀ ਤਿਆਰੀ ਕਰਨ ਦਾ ਉਸ ਦਾ ਮਨ ਸੀ। ਉਸ ਨੇ ਕਿਹਾ ਕਿ ਮੈਂ ਥੋੜ੍ਹਾ ਭਰੋਸਾ ਕੀਤਾ ਤੇ ਆਪਣੀ ਖੇਡ ਦਾ ਮਜ਼ਾ ਲਿਆ। ਆਪਣੇ ਅਗਲੇ ਪ੍ਰੋਗਰਾਮ ਬਾਰੇ ਉਸ ਨੇ ਦੱਸਿਆ ਕਿ ਉਹ ਦਸੰਬਰ 'ਚ ਲੰਡਨ ਚੈੱਸ ਕਲਾਸਿਕ  ਤੇ ਜਨਵਰੀ 'ਚ ਟਾਟਾ ਸਟੀਲ ਗ੍ਰੈਂਡ ਮਾਸਟਰ ਟੂਰਨਾਮੈਂਟ 'ਚ ਖੇਡੇਗਾ।
ਜਦੋਂ ਉਸ ਤੋਂ ਪੁੱਛਿਆ ਗਿਆ ਕਿ ਇਕ ਅੰਗਰੇਜ਼ੀ ਅਖਬਾਰ ਵਿਚ ਪ੍ਰਕਾਸ਼ਿਤ ਇਕ ਖਬਰ 'ਚ ਇੰਟਰਨੈਸ਼ਨਲ ਮਾਸਟਰਸ ਲੰਕਾ ਰਵੀ ਨੇ ਉਸ ਨੂੰ ਸੰਨਿਆਸ ਲੈਣ ਦੀ ਸਲਾਹ ਦਿੱਤੀ ਸੀ, ਇਸ 'ਤੇ ਉਸ ਦਾ ਕੀ ਕਹਿਣਾ ਹੈ ਤਾਂ ਉਸ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਕੁਝ ਲੋਕਾਂ ਨੂੰ ਕਿਉਂ ਲੱਗਦਾ ਹੈ ਕਿ ਮੈਨੂੰ ਹੁਣ ਸੰਨਿਆਸ ਲੈ ਲੈਣਾ ਚਾਹੀਦਾ ਹੈ। ਮੈਂ ਆਪਣੇ ਪ੍ਰਸ਼ੰਸਕਾਂ ਦੇ ਕਈ ਸੰਦੇਸ਼ ਪੜ੍ਹੇ ਹਨ ਤੇ ਕੁਝ ਤਾਂ ਮੇਰੇ ਦਿਲ ਨੂੰ ਛੂਹ ਜਾਂਦੇ ਹਨ ਤੇ ਮੇਰਾ ਜਵਾਬ ਹੈ ਕਿ ਜਦੋਂ ਤਕ ਮੈਨੂੰ ਖੇਡਣਾ ਚੰਗਾ ਲੱਗਦਾ ਹੈ ਤੇ ਮਜ਼ਾ ਆਉਂਦਾ ਹੈ, ਉਦੋਂ ਤਕ ਮੈਂ ਖੇਡਾਂਗਾ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਕਿਸੇ ਇਕ ਟੂਰਨਾਮੈਂਟ 'ਚ ਜਿਥੇ 30 ਭਾਰਤੀ ਖੇਡ ਰਹੇ ਸਨ, ਉਸ ਨੂੰ ਖੇਡ ਕੇ ਕਿਹੋ ਜਿਹਾ ਲੱਗਾ, ਉਸ ਨੇ ਕਿਹਾ ਕਿ ਇਥੇ ਇਕ ਰੋਮਾਂਚਕ ਸਮੱਸਿਆ ਸਾਹਮਣੇ ਆਈ। ਆਮ ਤੌਰ 'ਤੇ ਇੰਨੇ ਸਾਲਾਂ ਤੋਂ ਮੈਂ ਸਿਰਫ ਚੋਟੀ ਦੇ ਖਿਡਾਰੀਆਂ ਨਾਲ ਰਾਊਂਡ ਰੌਬਿਨ ਮੈਚ ਖੇਡੇ ਹਨ, ਜਿਥੇ ਮੇਰੇ ਲਈ ਭਾਰਤੀ ਤਿਰੰਗਾ ਦੇਖ ਕੇ ਮੇਰਾ ਟੇਬਲ ਪਛਾਣਨਾ ਆਸਾਨ ਕੰਮ ਹੁੰਦਾ ਸੀ ਪਰ ਇਥੇ ਹਰ ਪਾਸੇ ਭਾਰਤੀ ਝੰਡੇ ਹੁੰਦੇ ਸਨ, ਅਜਿਹੀ ਹਾਲਤ 'ਚ ਮੈਨੂੰ ਆਪਣਾ ਟੇਬਲ ਲੱਭਣ ਲਈ ਆਪਣੇ ਵਿਰੋਧੀ ਦਾ ਰਾਸ਼ਟਰੀ ਝੰਡਾ ਦੇਖਣਾ ਪੈਂਦਾ ਸੀ।


Related News