ਵਿਰਾਟ ਕੋਹਲੀ ਨੇ ਆਪਣੇ ਜ਼ਬਰਦਸਤ ਪ੍ਰਦਰਸ਼ਨ ਨਾਲ ਬਣਾਇਆ ਇਹ ਸ਼ਾਨਦਾਰ ਰਿਕਾਰਡ

08/21/2017 1:11:02 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਖਾਤੇ 'ਚ ਇਕ ਹੋਰ ਰਿਕਾਰਡ ਦਰਜ ਹੋ ਗਿਆ ਹੈ। ਐਤਵਾਰ ਨੂੰ ਸ਼੍ਰੀਲੰਕਾ ਦੇ ਖਿਲਾਫ ਪਹਿਲੇ ਵਨਡੇ ਮੈਚ 'ਚ ਕੋਹਲੀ ਟੀਚੇ ਦਾ ਪਿੱਛਾ ਕਰਦੇ ਹੋਏ 4000 ਦੌੜਾਂ ਪੂਰੀਆਂ ਕਰਨ ਵਾਲੇ ਦੂਜੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਕੋਹਲੀ ਨੇ ਦਾਮਬੁਲਾ ਵਨਡੇ 'ਚ ਓਪਨਰ ਸ਼ਿਖਰ ਧਵਨ ਦੇ ਨਾਲ ਮਿਲਕੇ ਦੂਜੇ ਵਿਕਟ ਦੇ ਲਈ 197 ਦੌੜਾਂ ਦੀ ਸਾਂਝੇਦਾਰੀ ਕੀਤੀ। ਧਵਨ ਨੇ ਅਜੇਤੂ 132 ਦੌੜਾਂ ਬਣਾਈਆਂ ਜਦਕਿ ਕੋਹਲੀ 82 ਦੌੜਾਂ 'ਤੇ ਨਾਟ ਆਊਟ ਰਹੇ।

28 ਸਾਲਾਂ ਦੇ ਭਾਰਤੀ ਕਪਤਾਨ 100.02 ਦੀ ਔਸਤ ਨਾਲ ਟੀਚੇ ਦਾ ਪਿੱਛਾ ਕਰਨ 'ਚ ਅਜੇ ਤੱਕ 4001 ਦੌੜਾਂ ਬਣਾ ਚੁੱਕੇ ਹਨ। ਇੰਡੀਆ ਟੂਡੇ ਮੁਤਾਬਕ ਹੁਣ ਉਨ੍ਹਾਂ ਤੋਂ ਅੱਗੇ ਇਸ ਮਾਮਲੇ 'ਚ ਰਿਕੀ ਪੋਂਟਿੰਗ (4186 ਦੌੜਾਂ, 57.34 ਦੀ ਔਸਤ) ਅਤੇ ਸਚਿਨ ਤੇਂਦੁਲਕਰ (5490 ਦੌੜਾਂ, 55.45 ਦੀ ਔਸਤ) ਹਨ। ਪਿਛਲੇ ਹੀ ਮਹੀਨੇ ਵੈਸਟਇੰਡੀਜ਼ ਦੇ ਖਿਲਾਫ ਜਮੈਕਾ 'ਚ ਹੋਏ ਪੰਜਵੇਂ ਵਨਡੇ ਮੈਚ 'ਚ ਕੋਹਲੀ ਨੇ ਟੀਚੇ ਦਾ ਪਿੱਛਾ ਕਰਦੇ ਹੋਏ 18ਵਾਂ ਸੈਂਕੜਾ ਠੋਕ ਕੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਪਿੱਛੇ ਛੱੱਡਿਆ ਸੀ। ਸਚਿਨ ਨੇ 232 ਪਾਰੀਆਂ 'ਚ 17 ਸੈਂਕੜੇ ਠੋਕੇ ਸਨ, ਜਦਕਿ ਵਿਰਾਟ ਨੇ ਸਿਰਫ 102 ਪਾਰੀਆਂ 'ਚ ਉਨ੍ਹਾਂ ਨੂੰ ਪਿੱਛੇ ਛੱਡ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਦਾਂਬੁਲਾ ਵਨਡੇ ਮੈਚ 'ਚ ਟਾਸ ਹਾਰ ਕੇ ਪਹਿਲੇ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਨੇ 43.2 ਓਵਰਾਂ 'ਚ ਆਪਣੇ ਸਾਰੇ ਵਿਕਟ ਗੁਆ ਕੇ ਭਾਰਤ ਦੇ ਸਾਹਮਣੇ 217 ਦੌੜਾਂ ਦੀ ਟੀਚਾ ਰਖਿਆ ਸੀ, ਜਿਸ ਨੂੰ ਮਹਿਮਾਨ ਟੀਮ ਨੇ ਸਿਰਫ 28.5 ਓਵਰਾਂ 'ਚ ਇਕ ਵਿਕਟ ਦੇ ਨੁਕਸਾਨ 'ਤੇ 220 ਦੌੜਾਂ ਬਣਾ ਕੇ ਹਾਸਲ ਕਰ ਲਿਆ। ਇਸ ਤਰ੍ਹਾਂ ਭਾਰਤ ਨੇ 127 ਗੇਂਦ ਬਾਕੀ ਰਹਿੰਦਿਆਂ ਇਕ ਸ਼ਾਨਦਾਰ ਜਿੱਤ ਦੇ ਨਾਲ ਇਸ ਸੀਰੀਜ਼ ਦਾ ਆਗਾਜ਼ ਕੀਤਾ।


Related News