ਪਾਕਿ ਬੱਲੇਬਾਜ਼ ਉਮਰ ਅਕਮਲ ਦਾ ਸਨਸਨੀਖੇਜ਼ ਖੁਲ੍ਹਾਸਾ, ਕੋਚ ਨੇ ਕੱਢੀਆਂ ਗਾਲ੍ਹਾਂ

08/17/2017 4:16:46 PM

ਕਰਾਚੀ— ਪਾਕਿਸਤਾਨ ਕ੍ਰਿਕਟ ਟੀਮ ਦੇ ਖਿਡਾਰੀ ਉਮਰ ਅਕਮਲ ਅਤੇ ਟੀਮ ਦੇ ਕੋਚ ਮਿਕੀ ਆਰਥਰ ਦੇ ਵਿਚਾਲੇ ਵਿਵਾਦ ਵਧਦਾ ਹੋਇਆ ਨਜ਼ਰ ਆ ਰਿਹਾ ਹੈ। ਅਕਮਲ ਦਾ ਦਾਅਵਾ ਹੈ ਕਿ ਆਰਥਰ ਨੇ ਲਾਹੌਰ ਸਥਿਤ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ.ਸੀ.ਏ.) 'ਚ ਉਨ੍ਹਾਂ ਦੇ ਨਾਲ ਬਦਸਲੂਕੀ ਕੀਤੀ ਅਤੇ ਗਾਲ੍ਹਾਂ ਵੀ ਕੱਢੀਆਂ। ਉਮਰ ਨੇ ਕਿਹਾ, ''ਮੈਂ ਆਪਣੇ ਉਸ ਬਿਆਨ 'ਤੇ ਕਾਇਮ ਹਾਂ ਜਿਸ 'ਚ ਮੈਂ ਆਰਥਰ 'ਤੇ ਬਦਸਲੂਕੀ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਨੇ ਮੇਰੇ ਨਾਲ ਪਹਿਲਾ ਗਲਤ ਭਾਸ਼ਾ ਦੀ ਵਰਤੋਂ ਕੀਤੀ ਅਤੇ ਫਿਰ ਬਦਸਲੂਕੀ ਵੀ ਕੀਤੀ। ਇੰਜ਼ਮਾਮ ਭਰਾ (ਇੰਜ਼ਮਾਮ ਉਲ ਹੱਕ) ਅਤੇ ਮੁਸ਼ਤਾਕ ਭਰਾ (ਮੁਸ਼ਤਾਕ ਅਹਿਮਦ) ਇਸ ਘਟਨਾ ਦੇ ਚਸ਼ਮਦੀਦ ਗਵਾਹ ਹਨ।''

ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦ ਉਮਰ ਇੰਗਲੈਂਡ ਤੋਂ ਗੋਡੇ ਦਾ ਇਲਾਜ ਅਤੇ ਰਿਹੈਬਲੀਟੇਸ਼ਨ ਪ੍ਰੋਗਰਾਮ ਦੇ ਪੂਰਾ ਹੋਣ ਦੇ ਬਾਅਦ ਦੇਸ਼ ਵਾਪਸ ਪਰਤੇ ਅਤੇ ਸਿਖਲਾਈ ਲਈ ਅਕੈਡਮੀ ਪਹੁੰਚੇ। ਉਮਰ ਨੇ ਕਿਹਾ ਕਿ ਉੱਥੇ ਪਹੁੰਚ ਕੇ ਉਨ੍ਹਾਂ ਨੇ ਬੱਲੇਬਾਜ਼ੀ ਕੋਚ ਗ੍ਰਾਂਟ ਫਲਾਵਰ ਨੂੰ ਕਿਹਾ ਕਿ ਉਨ੍ਹਾਂ ਨੂੰ ਬੱਲੇਬਾਜ਼ੀ ਅਭਿਆਸ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ, ''ਜਦੋਂ ਮੈਂ ਉੱਥੇ ਪਹੁੰਚਿਆ ਤਦ ਫਲਾਵਰ ਅਤੇ ਟੀਮ ਦੇ ਫਿਜ਼ੀਓ ਗ੍ਰਾਂਟ ਲੁਡੇਨ ਨੇ ਮੈਨੂੰ ਉੱਥੇ ਅਭਿਆਸ ਕਰਨ ਤੋਂ ਰੋਕ ਦਿੱਤਾ। ਉਨ੍ਹਾਂ ਕਿਹਾ ਕਿ ਉਹ ਸਿਰਫ ਬੋਰਡ ਦੇ ਕਰਾਰਬੱਧ ਖਿਡਾਰੀਆਂ ਦੇ ਨਾਲ ਕੰਮ ਕਰਦੇ ਹਨ। ਇਸ ਤੋਂ ਬਾਅਦ ਮੈਂ ਆਰਥਰ ਕੋਲ ਗਿਆ ਉਨ੍ਹਾਂ ਨੇ ਵੀ ਮੈਨੂੰ ਅਜਿਹਾ ਹੀ ਜਵਾਬ ਦਿੰਦੇ ਹੋਏ ਇੰਜ਼ਮਾਮ ਅਤੇ ਮੁਸ਼ਤਾਕ ਦੇ ਨਾਲ ਗੱਲ ਕਰਨ ਨੂੰ ਕਿਹਾ। ਇੰਜ਼ਮਾਮ ਅਤੇ ਮੁਸ਼ਤਾਕ ਨੇ ਮੈਨੂੰ ਫਿੱਟਨੈਸ ਟੈਸਟ 'ਚ ਅਸਫਲ ਹੋਣ ਦਾ ਹਵਾਲਾ ਦਿੰਦੇ ਹੋਏ ਸਥਿਤੀ ਨੂੰ ਸਪੱਸ਼ਟ ਕੀਤਾ ਅਤੇ ਆਰਥਰ ਕੋਲ ਦੁਬਾਰਾ ਜਾਣ ਨੂੰ ਕਿਹਾ। ਜਿਵੇਂ ਹੀ ਮੈਂ ਉਨ੍ਹਾਂ ਦੇ ਕੋਲ ਦੁਬਾਰਾ ਗਿਆ ਉਹ ਆਪਣਾ ਆਪਾ ਗੁਆ ਬੈਠੇ ਅਤੇ ਮੈਨੂੰ ਕਲੱਬ ਕ੍ਰਿਕਟ ਖੇਡਣ ਨੂੰ ਕਿਹਾ। ਇਸ ਤੋਂ ਬਾਅਦ ਉਨ੍ਹਾਂ ਨੇ ਮੇਰੇ ਨਾਲ ਬੁਰਾ ਵਿਵਹਾਰ ਕੀਤਾ ਅਤੇ ਗਲਤ ਭਾਸ਼ਾ ਦੀ ਵਰਤੋਂ ਕੀਤੀ। ਮੈਂ ਸਭ ਕੁਝ ਬਰਦਾਸ਼ਤ ਕਰ ਸਕਦਾ ਹਾਂ ਪਰ ਕਿਸੇ ਨੂੰ ਅਜਿਹੀ ਭਾਸਾ ਇਸਤੇਮਾਲ ਕਰਨ ਦਾ ਹੱਕ ਨਹੀਂ ਹੈ।''

ਪੀ.ਸੀ.ਬੀ. ਦੇ ਇਕ ਬੁਲਾਰੇ ਨੇ ਕਿਹਾ ਕਿ ਇਸ ਮਾਮਲੇ 'ਚ ਉਹ ਉਮਰ ਨੂੰ ਕਾਰਨ ਦੱਸੋ ਨੋਟਿਸ ਭੇਜਣਗੇ ਕਿਉਂਕਿ ਉਨ੍ਹਾਂ ਨੇ ਇਸ ਮੁੱਦੇ ਨੂੰ ਮੀਡੀਆ 'ਚ ਉਠਾ ਕੇ ਖਿਡਾਰੀਆਂ ਦੇ ਕਰਾਰ ਦੇ ਨਿਯਮ ਅਤੇ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਇਸ ਦੇ ਜਵਾਬ 'ਚ ਉਮਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਨੋਟਿਸ ਮਿਲੇਗਾ ਉਹ ਜਵਾਬ ਦੇਣਗੇ।


Related News