ਢਾਈ ਸਾਲ ਬਾਅਦ ਪਹਿਲੇ ਡਬਲਯੂ. ਟੀ. ਏ. ਫਾਈਨਲ ''ਚ ਸ਼ਾਰਾਪੋਵਾ

10/15/2017 1:36:25 AM

ਤਿਆਨਜਿਨ—ਸਾਬਕਾ ਨੰਬਰ-1 ਟੈਨਿਸ ਖਿਡਾਰਨ ਰੂਸ ਦੀ ਮਾਰੀਆ ਸ਼ਾਰਾਪੋਵਾ ਨੇ ਬੀਤੀ ਚੈਂਪੀਅਨ ਚੀਨ ਦੀ ਪੇਂਗ ਸ਼ੁਆਈ ਨੂੰ 6-3, 6-1 ਨਾਲ ਹਰਾ ਕੇ ਤਿਆਨਜਿਨ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ, ਜੋ ਢਾਈ ਸਾਲ ਬਾਅਦ ਉਸ ਦਾ ਪਹਿਲਾ ਡਬਲਯੂ. ਟੀ. ਏ. ਫਾਈਨਲ ਵੀ ਹੈ।15 ਮਹੀਨਿਆਂ ਦੀ ਡੋਪਿੰਗ ਕਾਰਨ ਪਾਬੰਦੀ ਝੱਲਣ ਤੋਂ ਬਾਅਦ ਵਾਪਸੀ ਕਰ ਰਹੀ ਸ਼ਾਰਾਪੋਵਾ ਪਹਿਲੀ ਵਾਰ ਕਿਸੇ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚੀ ਹੈ। ਉਸ ਦੀ ਪਾਬੰਦੀ ਇਸ ਸਾਲ ਅਪ੍ਰੈਲ 'ਚ ਹੀ ਖਤਮ ਹੋਈ ਹੈ। ਪਾਬੰਦੀ ਕਾਰਨ ਵਿਸ਼ਵ ਰੈਂਕਿੰਗ 'ਚ 86ਵੇਂ ਨੰਬਰ 'ਤੇ ਖਿਸਕ ਗਈ ਸ਼ਾਰਾਪੋਵਾ ਹੁਣ ਫਾਈਨਲ ਵਿਚ ਖਿਤਾਬ ਲਈ ਬੇਲਾਰੂਸ ਦੀ ਅਰੀਨਾ ਸਬਾਲੇਂਕਾ ਨਾਲ ਭਿੜੇਗੀ, ਜੋ ਵਿਸ਼ਵ ਰੈਂਕਿੰਗ 'ਚ 102ਵੇਂ ਨੰਬਰ 'ਤੇ ਹੈ। ਅਰੀਨਾ ਨੇ ਇਟਲੀ ਦੀ ਸਾਰਾ ਇਰਾਨੀ ਨੂੰ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ 'ਚ 6-1, 6-3, ਨਾਲ ਹਰਾਇਆ ਸੀ। ਵਿਸ਼ਵ 'ਚ 25ਵੀਂ ਰੈਂਕਿੰਗ ਦੀ ਸ਼ੁਆਈ ਖਿਲਾਫ ਸ਼ਾਰਾਪੋਵਾ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ ਅਤੇ ਬੇਸਲਾਈਨ ਤੋਂ ਕਈ ਮਜ਼ਬੂਤ ਸ਼ਾਟਸ ਲਾਏ। ਤਿਆਨਜਿਨ ਵਿਚ ਹੁਣ ਤਕ ਰੂਸੀ ਖਿਡਾਰਨ ਨੇ ਇਕ ਵੀ ਸੈੱਟ ਨਹੀਂ ਗੁਆਇਆ ਹੈ।
ਸ਼ਾਰਾਪੋਵਾ ਹੁਣ ਢਾਈ ਸਾਲ ਬਾਅਦ ਆਪਣੇ ਪਹਿਲੇ ਡਬਲਯੂ. ਟੀ. ਏ. ਫਾਈਨਲ 'ਚ ਖੇਡਣ ਲਈ ਉਤਰੇਗੀ। ਆਖਰੀ ਵਾਰ 2015 ਇਟਾਲੀਅਨ ਓਪਨ 'ਚ ਉਸ ਨੇ ਸਪੇਨ ਦੀ ਕਾਰਲਾ ਸੁਆਰੇਜ ਨਵਾਰੋ ਨੂੰ ਫਾਈਨਲ 'ਚ ਹਰਾਇਆ ਸੀ।


Related News