ਉਹ ਹਮੇਸ਼ਾ ਤੀਜੇ ਸਲਾਮੀ ਬੱਲੇਬਾਜ਼ ਦੇ ਰੂਪ ''ਚ ਮੌਜੂਦ ਰਹਿੰਦੇ ਹਨ : ਕੋਹਲੀ

06/27/2017 9:33:15 AM

ਪੋਰਟ ਆਫ ਸਪੇਨ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸੈਂਕੜਾ ਮਾਰਨ ਵਾਲੇ ਅਜਿੰਕਯ ਰਹਾਣੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਟੀਮ 'ਚ ਉਸ ਦੀ ਮੌਜੂਦਗੀ ਸੰਤੁਲਨ ਲਿਆਉਂਦੀ ਹੈ ਅਤੇ ਸਾਨੂੰ ਵਾਧੂ ਗੇਂਦਬਾਜ਼ ਖਿਡਾਉਣ ਦਾ ਮੌਕਾ ਮਿਲਦਾ ਹੈ ਜੋ 2019 ਦੇ ਵਿਸ਼ਵ ਕੱਪ ਲਈ ਅਹਿਮ ਹੋਵੇਗਾ। ਰਹਾਣੇ ਨੇ ਮੀਂਹ ਤੋਂ ਪ੍ਰਭਾਵਿਤ ਦੂਜੇ ਵਨਡੇ ਮੈਚ 'ਚ 104 ਗੇਂਦਾਂ 'ਚ 10 ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 103 ਦੌੜਾਂ ਦੀ ਪਾਰੀ ਖੇਡੀ। ਕੋਹਲੀ ਨੇ 105 ਦੌੜਾਂ ਦੀ ਜਿੱਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਜਿੰਕਸ (ਰਹਾਣੇ) ਪਿਛਲੇ ਕੁਝ ਸਮੇਂ ਤੋਂ ਵਨਡੇ ਮੈਚਾਂ ਦਾ ਹਿੱਸਾ ਹਨ ਅਤੇ ਸਾਨੂੰ ਸਾਰਿਆਂ ਨੂੰ ਲੱਗਦਾ ਹੈ ਕਿ ਉੱਪਰਲੇ ਕ੍ਰਮ 'ਚ ਖੇਡਣ ਲਈ ਉਸ 'ਚ ਬਿਹਤਰੀਨ ਸਮਰੱਥਾ ਹੈ। ਉਹ ਹਮੇਸ਼ਾ ਤੀਜੇ ਸਲਾਮੀ ਬੱਲੇਬਾਜ਼ ਦੇ ਰੂਪ 'ਚ ਮੌਜੂਦ ਰਹਿੰਦਾ ਹੈ।'' ਕੋਹਲੀ ਨੇ ਕਿਹਾ ਕਿ ਇਸ ਲੜੀ ਦੇ ਹੁਣ ਤੱਕ ਦੇ ਦੋ ਮੈਚਾਂ 'ਚ ਉਸਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ। ਉਸਨੇ ਅੱਜ ਆਪਣੀ ਪਾਰੀ ਨੂੰ ਕਾਫੀ ਸਪੀਡ ਦਿੱਤੀ। ਉਹ ਸਥਾਪਿਤ ਟੈਸਟ ਬੱਲੇਬਾਜ਼ ਹੈ। ਉਹ ਵਨਡੇ 'ਚ ਆਪਣੀ ਛਾਪ ਛੱਡਣੀ ਚਾਹੁੰਦਾ ਹੈ।
ਕੋਹਲੀ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਜਿੰਕਸ ਨੇ ਅਪਣੇ 'ਤੋਂ ਦਬਾਅ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਉਹ ਆਪਣੀ ਖੇਡ ਦਾ ਅਨੰਦ ਮਾਣ ਰਿਹਾ ਹੈ। ਉਹ ਇਸ ਪੱਧਰ ਤੋਂ ਉਪਰ ਹੀ ਜਾਵੇਗਾ ਅਤੇ ਹੋਰ ਸੁਧਾਰ ਕਰੇਗਾ। ਉਹ ਟੀਮ 'ਚ ਜੋ ਭੂਮੀਕਾ ਨਿਭਾਉਂਦਾ ਹੈ, ਉਸ ਨਾਲ ਟੀਮ 'ਚ ਸੰਤੁਲਨ ਬਣਦਾ ਹੈ। ਉਹ ਮੱਧਕ੍ਰਮ 'ਚ ਵੀ ਖੇਡ ਸਕਦਾ ਹੈ ਅਤੇ ਪਾਰੀ ਦੀ ਸ਼ੁਰੂਆਤ ਵੀ ਕਰ ਸਕਦਾ ਹੈ। ਉਹ ਸਾਨੂੰ ਵਾਧੂ ਗੇਂਦਬਾਜ਼ ਨਾਲ ਖੇਡਣ ਦਾ ਮੌਕਾ ਦੇ ਸਕਦਾ ਹੈ। ਅਜਿਹੇ ਬਹੁਤ ਘੱਟ ਖਿਡਾਰੀ ਹਨ।'' ਯੁਵਾ ਸਪਿੰਨਰ ਕੁਲਦੀਪ ਯਾਦਵ ਨੇ ਵੈਸਟ ਇੰਡੀਜ਼ ਨੂੰ 205 ਦੌੜਾਂ 'ਤੇ ਰੋਕਣ 'ਚ ਅਹਿਮ ਭੂਮਿਕਾ ਨਿਭਾਈ ਅਤੇ ਕਪਤਾਨ ਕੋਹਲੀ ਨੇ ਉਸਨੂੰ ਖਤਰਨਾਕ ਗੇਂਦਬਾਜ਼ ਕਰਾਰ ਦਿੱਤਾ ਹੈ। ਕੋਹਲੀ ਨੇ ਕਿਹਾ ਕਿ ਟੀਮ ਨੂੰ ਬਿਹਤਰ ਬਣਾਉਣ ਦਾ ਸਾਡੇ ਲਈ ਮਤਲਬ, ਉਨ੍ਹਾਂ ਚੀਜਾਂ ਨੂੰ ਸਹੀ ਕਰਨਾ ਹੈ ਜੋ ਅਸੀਂ ਕਰ ਸਕਦੇ ਹਾਂ। ਵੈਸਟ ਇੰਡੀਜ਼ ਵਿਰੁੱਧ ਤੀਜਾ ਇੱਕ ਰੋਜ਼ਾ ਮੈਚ ਐਂਟੀਗਾ ਦੇ ਸਰ ਵਿਵੀਅਨ ਰਿਚਰਡ ਸਟੇਡੀਅਮ 'ਚ 30 ਜੂਨ ਨੂੰ ਖੇਡਿਆ ਜਾਵੇਗਾ।


Related News