ਕੋਰੀਆ ਦੀ ਜਿੱਤ ਵਿਚਾਲੇ ਰਾਹ ਦਾ ਰੋੜਾ ਬਣਿਆ ਗੁਰਜੰਟ

10/19/2017 10:22:31 AM

ਢਾਕਾ (ਬਿਊਰੋ)— ਸਟਰਾਈਕਰ ਗੁਰਜੰਟ ਸਿੰਘ ਵੱਲੋਂ ਮੈਚ ਖ਼ਤਮ ਹੋਣ ਤੋਂ 58 ਸਕਿੰਟ ਪਹਿਲਾਂ ਕੀਤੇ ਗੋਲ ਨਾਲ ਭਾਰਤ ਨੇ ਪਿਛਲੀ ਚੈਂਪੀਅਨ ਕੋਰੀਆ ਦੀ ਟੀਮ ਨੂੰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੁਪਰ 4 ਦੇ ਮੁਕਾਬਲੇ ਵਿਚ ਬੁੱਧਵਾਰ ਨੂੰ 1-1 ਦੇ ਡਰਾਅ ਉਤੇ ਰੋਕ ਦਿੱਤਾ।
ਭਾਰਤੀ ਟੀਮ ਟੂਰਨਾਮੈਂਟ ਵਿੱਚ ਹੁਣ ਤੱਕ ਸਭ ਤੋਂ ਬਿਹਤਰ ਨਜ਼ਰ ਆ ਰਹੀ ਸੀ ਪਰ ਖ਼ਤਰਨਾਕ ਅਤੇ ਰੱਖਿਆਤਮਕ ਕੋਰੀਆਈ ਟੀਮ ਖ਼ਿਲਾਫ਼ ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਪਹਿਲੀ ਵਾਰ ਹਾਰ ਦੇ ਕੰਢੇ ਪੁੱਜ ਗਈ। ਮੈਚ ਵਿੱਚ ਜ਼ਿਆਦਾਤਰ ਸਮਾਂ ਗੇਂਦ ਉਤੇ ਕਬਜ਼ਾ ਰੱਖਣ ਅਤੇ ਗੋਲ ਕਰਨ ਦੇ ਵੱਧ ਮੌਕੇ ਮਿਲਣ ਦੇ ਬਾਵਜੂਦ ਭਾਰਤੀ ਟੀਮ ਦੇ ਸਟਰਾਈਕਰਾਂ ਲਈ ਕੋਰੀਆਈ ਰੱਖਿਆ ਕਤਾਰ ਵਿੱਚ ਸੰਨ੍ਹ ਲਾਉਣੀ ਮੁਸ਼ਕਲ ਰਹੀ। ਪਹਿਲੇ ਦੋ ਕੁਆਰਟਰਾਂ ਵਿੱਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ।
ਜੁੰਗਜੁਨ ਲੀ ਨੇ 41ਵੇਂ ਮਿੰਟ ਵਿੱਚ ਕੋਰੀਆ ਨੂੰ ਲੀਡ ਦਿਵਾਈ, ਜਿਸ ਨਾਲ ਉਸ ਦੀ ਟੀਮ ਜਿੱਤ ਦੇ ਕਾਫ਼ੀ ਨੇੜੇ ਢੁੱਕ ਗਈ ਪਰ ਗੁਰਜੰਟ ਨੇ 60ਵੇਂ ਮਿੰਟ ਵਿੱਚ ਬਰਾਬਰੀ ਦਾ ਗੋਲ ਕਰ ਦਿੱਤਾ। ਭਾਰਤ ਦੀ ਮੂਹਰਲੀ ਕਤਾਰ ਅਤੇ ਕੋਰੀਆਈ ਡਿਫੈਂਸ ਵਿਚਕਾਰ ਮੁਕਾਬਲੇ ਦੀ ਪਹਿਲਾਂ ਹੀ ਉਮੀਦ ਕੀਤੀ ਜਾ ਰਹੀ ਸੀ। ਕੋਰੀਆਈ ਡਿਫੈਂਸ ਨੇ ਮੈਚ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਕਈ ਗੋਲ ਬਚਾਏ। ਆਕਾਸ਼ਦੀਪ ਸਿੰਘ ਕੋਲ ਪਹਿਲੇ ਕੁਆਰਟਰ ਵਿੱਚ ਗੋਲ ਕਰਨ ਦਾ ਸ਼ਾਨਦਾਰ ਮੌਕਾ ਸੀ ਅਤੇ ਉਸ ਨੂੰ ਸਿਰਫ਼ ਕੋਰੀਆਈ ਗੋਲ ਕੀਪਰ ਨੂੰ ਹੀ ਝਕਾਨੀ ਦੇਣੀ ਸੀ ਪਰ ਉਹ ਸ਼ਾਟ ਹੀ ਨਹੀਂ ਲਾ ਸਕਿਆ। ਦੂਜੇ ਕੁਆਰਟਰ ਵਿੱਚ ਭਾਰਤੀ ਸਟਰਾਈਕਰਾਂ ਅਤੇ ਕੋਰੀਆਈ ਰੱਖਿਅਕਾਂ ਵਿਚਕਾਰ ਕਾਫ਼ੀ ਤਕੜਾ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਕੋਈ ਵੀ ਟੀਮ ਆਪਣੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਸਰ ਨਹੀਂ ਛੱਡਣਾ ਚਾਹੁੰਦੀ ਸੀ। ਭਾਰਤ ਨੂੰ ਤੀਜੇ ਕੁਆਰਟਰ ਵਿੱਚ ਉਦੋਂ ਝਟਕਾ ਲੱਗਿਆ, ਜਦੋਂ ਲੀ ਨੇ ਵਰੁਣ ਕੁਮਾਰ ਅਤੇ ਸੁਮਿਤ ਦੀ ਗਲਤੀ ਦਾ ਫਾਇਦਾ ਚੁੱਕ ਕੇ ਕੋਰੀਆ ਨੂੰ ਲੀਡ ਦਿਵਾਈ। ਇਸ ਤੋਂ ਚਾਰ ਮਿੰਟ ਬਾਅਦ ਸਤਬੀਰ ਸਿੰਘ ਨੇ ਐਸ.ਵੀ. ਸੁਨੀਲ ਲਈ ਗੇਂਦ ਬਣਾਈ ਪਰ ਭਾਰਤੀ ਸਟਰਾਈਕਰ ਗੋਲ ਕਰਨ ਵਿੱਚ ਨਾਕਾਮ ਰਿਹਾ।
ਇਕ ਗੋਲ ਤੋਂ ਪਛੜਨ ਤੋਂ ਬਾਅਦ ਭਾਰਤ ਨੇ ਚੌਥੇ ਕੁਆਰਟਰ ਵਿੱਚ ਬਰਾਬਰੀ ਲਈ ਪੂਰਾ ਜ਼ੋਰ ਲਾ ਦਿੱਤਾ ਪਰ ਕੋਰੀਆਈ ਟੀਮ ਨੇ ਵੀ ਸ਼ਾਨਦਾਰ ਖੇਡ ਦਿਖਾਈ ਅਤੇ ਕਈ ਗੋਲ ਬਚਾਏ। ਉਨ੍ਹਾਂ ਭਾਰਤੀ ਸਟਰਾਈਕਰਾਂ ਨੂੰ ਗੋਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਆਖ਼ਰੀ ਹੂਟਰ ਵੱਜਣ ਤੋਂ ਚਾਰ ਮਿੰਟ ਪਹਿਲਾਂ ਭਾਰਤ ਨੇ ਗੋਲਕੀਪਰ ਸੂਰਜ ਕਰਕੇਰਾ ਨੂੰ ਹਟਾ ਕੇ ਵਾਧੂ ਖਿਡਾਰੀ ਨੂੰ ਮੈਦਾਨ ਵਿੱਚ ਉਤਾਰਿਆ। ਇਸ ਦਾ ਉਸ ਨੂੰ ਫਾਇਦਾ ਮਿਲਿਆ ਅਤੇ ਗੁਰਜੰਟ ਅਖ਼ੀਰ ਵਿੱਚ ਟੀਮ ਨੂੰ ਬਰਾਬਰੀ ਦਿਵਾਉਣ ਵਿੱਚ ਸਫ਼ਲ ਰਿਹਾ। ਗੁਰਜੰਟ ਦਾ ਪਹਿਲਾ ਸ਼ਾਟ ਕੋਰੀਆਈ ਗੋਲਕੀਪਰ ਨੇ ਬਚਾਅ ਲਿਆ ਸੀ ਪਰ ਦੁਬਾਰਾ ਮਿਲੇ ਮੌਕੇ ਉਤੇ ਉਸ ਨੇ ਭਾਰਤ ਦੇ ਨਵੇਂ ਮੁੱਖ ਕੋਚ ਸੋਰਡ ਮਰਜਿਨ ਨੂੰ ਰਾਹਤ ਦਿੱਤੀ।
ਭਾਰਤ ਸੁਪਰ 4 ਵਿੱਚ ਆਪਣੇ ਦੂਜੇ ਮੈਚ ਵਿੱਚ ਭਲਕੇ ਮਲੇਸ਼ੀਆ ਦਾ ਸਾਹਮਣਾ ਕਰੇਗਾ। ਨਿਯਮਾਂ ਅਨੁਸਾਰ ਸੁਪਰ 4 ਵਿੱਚ ਸਿਖਰਲੀਆਂ ਦੋ ਟੀਮਾਂ ਫਾਈਨਲ ਲਈ ਕੁਆਲੀਫਾਈ ਕਰਨਗੀਆਂ, ਜੋ ਐਤਵਾਰ ਨੂੰ ਖੇਡਿਆ ਜਾਵੇਗਾ। ਭਾਰਤ ਨੇ ਇਸ ਡਰਾਅ ਨਾਲ ਟੂਰਨਾਮੈਂਟ ਵਿੱਚ ਆਪਣੀ ਅਜੇਤੂ ਮੁਹਿੰਮ ਬਰਕਰਾਰ ਰੱਖੀ ਹੈ। ਇਸ ਦੌਰਾਨ ਸੁਪਰ 4 ਦੇ ਇਕ ਹੋਰ ਮੁਕਾਬਲੇ ਵਿੱਚ ਮਲੇਸ਼ੀਆ ਨੇ ਪਾਕਿਸਤਾਨ ਨੂੰ 3-2 ਨਾਲ ਹਰਾ ਦਿੱਤਾ। ਮਲੇਸ਼ੀਆ ਲਈ ਰੇਜੀ ਰਹੀਮ ਨੇ 10ਵੇਂ, ਸ਼ਹਿਰੀਲ ਸਬਾ ਨੇ 25ਵੇਂ ਅਤੇ ਫਿੱਤਰੀ ਸਾਰੀ ਨੇ 34ਵੇਂ ਮਿੰਟ ਵਿੱਚ    ਗੋਲ ਕੀਤੇ, ਜਦੋਂ ਕਿ ਪਾਕਿਸਤਾਨ   ਲਈ ਮੁਹੰਮਦ ਉਮਰ ਭੱਟਾ ਨੇ ਪਹਿਲੇ ਅਤੇ ਮੁਹੰਮਦ ਯਾਕੁਬ ਨੇ 19ਵੇਂ ਮਿੰਟ ਵਿੱਚ ਗੋਲ ਕੀਤੇ।


Related News