ਨੰਨ੍ਹੇ ਪ੍ਰਗਿਆਨੰਦਾ ਦੀ ਵੱਡੀ ਜਿੱਤ

11/23/2017 2:20:48 AM

ਇਟਲੀ— ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦਾ 8ਵਾਂ ਰਾਊਂਡ ਭਾਰਤ ਲਈ ਖੁਸ਼ੀਆਂ ਦਾ ਪਿਟਾਰਾ ਲੈ ਕੇ ਆਇਆ। 12 ਸਾਲ ਦਾ ਨੰਨ੍ਹਾ ਪ੍ਰਗਿਆਨੰਦਾ ਇਤਿਹਾਸ ਰਚਣ ਤੋਂ ਸਿਰਫ 3 ਕਦਮ ਦੂਰ ਰਹਿ ਗਿਆ ਹੈ। ਇਹ ਗੱਲ ਸਾਫ ਹੋ ਗਈ ਹੈ ਕਿ ਪ੍ਰਗਿਆਨੰਦਾ ਬਾਰੇ ਅਸੀਂ ਜੋ ਅੰਦਾਜ਼ਾ ਲਾਉਂਦੇ ਹਾਂ, ਉਹ ਉਸ ਤੋਂ ਵੀ ਵੱਡਾ ਖਿਡਾਰੀ ਬਣ ਕੇ ਸਾਹਮਣੇ ਆ ਰਿਹਾ ਹੈ। ਉਹ ਸਾਡੀ ਸੋਚ ਤੋਂ ਵਧੀਆ ਕਰਨ ਦਾ ਦਮ ਰੱਖਦਾ ਹੈ। 
ਭਾਰਤ ਦਾ ਇਹ ਛੋਟਾ ਉਸਤਾਦ ਹੌਲੀ-ਹੌਲੀ ਸਮਰਾਟ ਬਣਨ ਵੱਲ ਵਧ ਰਿਹਾ ਹੈ। ਉਸ ਨੇ ਵਿਸ਼ਵ ਜੂਨੀਅਰ ਖਿਤਾਬ ਵੱਲ ਇਕ ਹੋਰ ਕਦਮ ਵਧਾਉਂਦੇ ਹੋਏ ਆਪਣਾ ਪਹਿਲਾ ਗ੍ਰੈਂਡ ਮਾਸਟਰ ਨਾਰਮ ਵੀ ਹਾਸਲ ਕਰ ਲਿਆ। 8ਵੇਂ ਰਾਊਂਡ ਵਿਚ ਪ੍ਰਗਿਆਨੰਦਾ ਨੇ ਅਮਰੀਕਾ ਦੇ ਲੀਯਾਂਗ ਅਵੋਂਡਰ ਨੂੰ ਹਰਾਉਂਦੇ ਹੋਏ ਆਪਣਾ ਪਹਿਲਾ ਗ੍ਰੈਂਡ ਮਾਸਟਰ ਨਾਰਮ ਹਾਸਲ ਕਰ ਲਿਆ।
ਪਿਛਲੇ ਸਾਲ ਜਦੋਂ ਉਹ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਇੰਟਰਨੈਸ਼ਨਲ ਮਾਸਟਰ ਬਣਿਆ ਸੀ ਤਾਂ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਲੱਗ ਗਈਆਂ ਸਨ ਕਿ ਕੀ ਉਹ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਗ੍ਰੈਂਡ ਮਾਸਟਰ ਬਣ ਜਾਵੇਗਾ। ਹੌਲੀ-ਹੌਲੀ ਸਮਾਂ ਬੀਤਣ ਲੱਗਾ ਅਤੇ ਉਹ ਕਈ ਵਾਰ ਗ੍ਰੈਂਡ ਮਾਸਟਰ ਨਾਰਮ ਕੋਲ ਆ ਕੇ ਖੁੰਝ ਜਾਂਦਾ ਪਰ ਸ਼ਾਇਦ ਉਸ ਦੀ ਕਿਸਮਤ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਰਗੇ ਕਿਸੇ ਵੱਡੇ ਮੰਚ ਦਾ ਇੰਤਜ਼ਾਰ ਕਰ ਰਹੀ ਸੀ।
ਕਾਰਤੀਕੇਅਨ ਦੀ ਗਾਗਰੇ 'ਤੇ ਜ਼ੋਰਦਾਰ ਜਿੱਤ
ਹੋਰ ਖਿਡਾਰੀਆਂ ਵਿਚ ਮੁਰਲੀ ਕਾਰਤੀਕੇਅਨ ਨੇ ਹਮਵਤਨ ਸ਼ਾਰਦੁਲ ਗਾਗਰੇ 'ਤੇ ਜ਼ੋਰਦਾਰ ਜਿੱਤ ਦਰਜ ਕਰਦੇ ਹੋਏ 6 ਅੰਕਾਂ ਨਾਲ ਤਮਗੇ ਵੱਲ ਆਪਣੇ ਕਦਮ ਇਕ ਵਾਰ ਫਿਰ ਮਜ਼ਬੂਤੀ ਨਾਲ ਅੱਗੇ ਵਧਾ ਦਿੱਤੇ ਹਨ। 
ਰਾਊਂਡ 8 ਤੋਂ ਬਾਅਦ ਨਾਰਵੇ ਦਾ ਆਰੀਅਨ ਤਾਰੀ 7 ਅੰਕਾਂ ਨਾਲ ਪਹਿਲੇ ਸਥਾਨ 'ਤੇ ਹੈ। ਉਸ ਦੇ ਠੀਕ ਪਿੱਛੇ ਰੂਸ ਦਾ ਅਲੈਕਸੀਂਕੋ ਅਤੇ ਭਾਰਤ ਦਾ ਪ੍ਰਗਿਆਨੰਦਾ 6.5 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਸਰੇ ਸਥਾਨ 'ਤੇ ਹੈ। ਭਾਰਤ ਦੇ ਮੁਰਲੀ ਕਾਰਤੀਕੇਅਨ ਸਮੇਤ 8 ਹੋਰ ਖਿਡਾਰੀ 8 ਅੰਕਾਂ ਨਾਲ ਸਾਂਝੇ ਤੌਰ 'ਤੇ ਤੀਸਰੇ ਸਥਾਨ 'ਤੇ ਹਨ। ਅਰਵਿੰਦ ਚਿਦਾਂਬਰਮ, ਵੈਭਵ ਸੂਰੀ 5.5 ਅੰਕਾਂ 'ਤੇ ਤਾਂ ਸੁਨੀਲ ਨਾਰਾਇਣ ਅਤੇ ਸ਼ਾਰਦੁਲ ਗਾਗਰੇ 5 ਅੰਕਾਂ 'ਤੇ ਬਣੇ ਹੋਏ ਹਨ।


Related News