ਸੁਸ਼ੀਲ ਤੇ ਹੇਲੇਨ ਹੋਣਗੇ ਰੈਸਲਿੰਗ ਲੀਗ ਦੇ ਚਿਹਰੇ

12/12/2017 4:52:46 AM

ਨਵੀਂ ਦਿੱਲੀ— ਭਾਰਤ ਦੇ ਸਭ ਤੋਂ ਮਹਾਨ ਪਹਿਲਵਾਨ ਸੁਸ਼ੀਲ ਕੁਮਾਰ, ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਤੇ ਇਸ ਸਾਲ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਬਜਰੰਗ ਪੂਨੀਆ ਪ੍ਰੋ ਰੈਸਲਿੰਗ ਲੀਗ ਵਿਚ ਖਿੱਚ ਦਾ ਮੁੱਖ ਕੇਂਦਰ ਹੋਣਗੇ, ਜਦਕਿ ਵਿਦੇਸ਼ੀ ਖਿਡਾਰੀਆਂ 'ਚ ਓਲੰਪਿਕ ਤੇ ਵਿਸ਼ਵ ਚੈਂਪੀਅਨ ਅਮਰੀਕਾ ਦੀ ਹੇਲੇਨ ਮਾਰੂਲਿਸ 'ਤੇ ਵੀ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ। ਪ੍ਰੋ ਕੁਸ਼ਤੀ ਲੀਗ 9 ਜਨਵਰੀ ਤੋਂ ਰਾਜਧਾਨੀ ਦੇ ਕੇ. ਡੀ. ਜਾਧਵ ਹਾਲ 'ਚ ਸ਼ੁਰੂ ਹੋ ਰਹੀ ਹੈ। ਲੀਗ ਨੂੰ ਲੈ ਕੇ ਉਤਸ਼ਾਹਿਤ ਦਿਸ ਰਹੇ ਸੁਸ਼ੀਲ ਨੇ ਕਿਹਾ ਕਿ ਉਹ ਪੀ. ਡਬਲਯੂ. ਐੱਲ. ਵਿਚ ਪਹਿਲੀ ਵਾਰ ਹਿੱਸਾ ਲੈਣ ਨੂੰ ਲੈ ਕੇ ਬੇਹੱਦ ਖੁਸ਼ ਹੈ। ਓਲੰਪਿਕ ਤਮਗਾ ਜੇਤੂ ਪਹਿਲਵਾਨ ਨੇ ਭਰੋਸਾ ਪ੍ਰਗਟਾਇਆ ਕਿ ਇਸ ਲੀਗ ਦਾ ਤੀਜਾ ਸੈਸ਼ਨ ਵੀ ਸਫਲ ਹੋਵੇਗਾ। 
ਸੁਸ਼ੀਲ ਓਲੰਪਿਕ ਵਿਚ 2 ਸੋਨ ਤਮਗੇ ਜਿੱਤਣ ਵਾਲਾ ਦੇਸ਼ ਦਾ ਇਕਲੌਤਾ ਪਹਿਲਵਾਨ ਹੈ। ਇਸ ਤੋਂ ਇਲਾਵਾ ਕੁਸ਼ਤੀ 'ਚ ਵਿਸ਼ਵ ਚੈਂਪੀਅਨਸ਼ਿਪ ਦਾ ਸੋਨਾ ਵੀ ਉਸ ਦੇ ਨਾਂ ਹੈ। 
ਕਾਮਨਵੈਲਥ ਗੇਮਜ਼ 'ਚ ਦੋ ਸੋਨ ਤਮਗੇ ਜਿੱਤਣ ਤੋਂ ਇਲਾਵਾ ਕਾਮਨਵੈਲਥ ਚੈਂਪੀਅਨਸ਼ਿਪ ਵਿਚ ਵੀ ਉਹ ਚਾਰ ਸੋਨ ਤਮਗੇ ਜਿੱਤ ਚੁੱਕਾ ਹੈ ਤੇ ਆਪਣੇ ਪੰਜਵੇਂ ਸੈਸ਼ਨ ਲਈ ਉਹ ਜਲਦ ਹੀ ਦੱਖਣੀ ਅਫਰੀਕਾ ਰਵਾਨਾ ਹੋਣ ਵਾਲਾ ਹੈ। ਏਸ਼ੀਆ ਚੈਂਪੀਅਨਸ਼ਿਪ ਵਿਚ ਉਸ ਨੇ ਇਕ ਸੋਨ, ਇਕ ਚਾਂਦੀ ਤੇ ਦੋ ਕਾਂਸੀ ਤਮਗੇ ਜਿੱਤੇ ਹਨ। ਪਿਛਲੇ ਦਿਨੀਂ ਇੰਦੌਰ ਵਿਚ ਰਾਸ਼ਟਰੀ ਚੈਂਪੀਅਨਸ਼ਿਪ ਵਿਚ 9 ਸਾਲ ਬਾਅਦ ਵਾਪਸੀ ਕਰਨ ਤੋਂ ਬਾਅਦ ਉਸ ਨੇ 74 ਕਿ. ਗ੍ਰਾ. ਦੇ ਫ੍ਰੀ ਸਟਾਈਲ ਵਰਗ 'ਚ ਸੋਨ ਤਮਗਾ ਹਾਸਲ ਕੀਤਾ ਸੀ। ਉਥੇ ਹੀ ਹੇਲੇਨ ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੀ ਮੌਜੂਦਾ ਚੈਂਪੀਅਨ ਹੈ। ਉਸ ਨੇ ਰੀਓ ਓਲੰਪਿਕ 'ਚ ਮਹਿਲਾਵਾਂ ਦੇ 53 ਕਿ. ਗ੍ਰਾ. ਵਰਗ 'ਚ ਸੋਨ ਤਮਗਾ ਹਾਸਲ ਕੀਤਾ ਸੀ ਤੇ ਹਾਲ ਹੀ ਵਿਚ ਪੈਰਿਸ 'ਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤ ਕੇ ਉਸ ਨੇ ਇਸ ਚੈਂਪੀਅਨਸ਼ਿਪ 'ਚ 2015 ਦੀ ਕਾਮਯਾਬੀ ਨੂੰ ਦੁਹਰਾਇਆ।

 


Related News