ਖੇਡ ਮੰਤਰੀ ਗੋਇਲ ਨੇ ਹਾਕੀ ਟੀਮ ਅਤੇ ਸ਼੍ਰੀਕਾਂਤ ਨੂੰ ਦਿੱਤੀ ਵਧਾਈ

06/19/2017 6:24:05 PM

ਨਵੀਂ ਦਿੱਲੀ— ਖੇਡ ਮੰਤਰੀ ਵਿਜੇ ਗੋਇਲ ਨੇ ਲੰਡਨ 'ਚ ਚੱਲ ਰਹੇ ਹਾਕੀ ਵਿਸ਼ਵ ਲੀਗ ਦੇ ਸੈਮੀਫਾਈਨਲ 'ਚ ਪਾਕਿਸਤਾਨ 'ਤੇ ਬਿਹਤਰੀਨ ਜਿੱਤ ਲਈ ਸੋਮਵਾਰ ਨੂੰ ਭਾਰਤੀ ਟੀਮ ਨੂੰ ਵਧਾਈ ਦਿੱਤੀ। ਭਾਰਤ ਨੇ ਲੀਗ 'ਚ ਆਪਣਾ ਜੇਤੂ ਅਭਿਆਸ ਜਾਰੀ ਰੱਖਦੇ ਹੋਏ ਐਤਵਾਰ ਪਾਕਿਸਤਾਨ ਨੂੰ 7-1 ਨਾਲ ਹਰਾਇਆ। ਗੋਇਲ ਨੇ ਕਿਹਾ ਕਿ ਵਿਸ਼ਵ ਕੱਪ ਹਾਕੀ ਲੀਗ ਦੇ ਸੈਮੀਫਾਈਨਲ 'ਚ ਪਾਕਿਸਤਾਨ ਨੂੰ 7-1 ਨਾਲ ਹਰਾ ਕੇ ਟੀਮ ਨੇ ਨਵਾਂ ਰਿਕਾਰਡ ਬਣਾਇਆ ਹੈ। ਉਸ ਨੇ ਕਿਹਾ ਕਿ ਹਾਕੀ ਵਿਸ਼ਵ ਲੀਗ 'ਚ ਟੀਮ ਦੀ ਨੁਮਾਇੰਦਗੀ ਲਈ ਸਾਈ ਦੇ ਦੱਖਣੀ ਕੇਂਦਰ ਬੈਂਗਲੁਰੂ 'ਚ ਕੈਂਪ ਦਾ ਆਯੋਜਨ ਹੋਇਆ ਸੀ ਅਤੇ ਪੂਰੀ ਖਰਚ ਖੇਡ ਮੰਤਰਾਲੇ ਨੇ ਚੁੱਕਿਆ ਸੀ। ਖੇਡ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਦੇ 7 ਮੈਂਬਰਾਂ ਲਈ 1 ਕਰੋੜ 10 ਲੱਖ ਦੀ ਰਾਸ਼ੀ ਵੀ ਮਨਜੂਰ ਕੀਤੀ ਗਈ ਸੀ।
ਗੋਇਲ ਨੇ ਇੰਡੋਨੇਸ਼ੀਆ 'ਚ ਸੁਪਰ ਸੀਰੀਜ਼ ਦਾ ਖਿਤਾਬ ਜਿੱਤਣ ਲਈ ਕਿਦਾਂਬੀ ਸ਼੍ਰੀਕਾਂਤ ਨੂੰ ਵੀ ਵਧਾਈ ਦਿੱਤੀ। ਉਹ ਬੈਡਮਿੰਟਨ 'ਚ ਸੁਪਰ ਪ੍ਰੀਮੀਅਰ,  ਸੁਪਰ ਸੀਰੀਜ਼ ਅਤੇ ਗ੍ਰਾ ਪ੍ਰੀ ਗੋਲਡ ਦਾ ਖਿਤਾਬ ਜਿੱਤਣ ਵਾਲਾ ਭਾਰਤ ਦਾ ਇਕੱਲਾ ਹੀ ਪੁਰਸ਼ ਖਿਡਾਰੀ ਹੈ। ਉਸ ਨੇ ਕਿਹਾ ਕਿ ਸਾਡੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਕਿਦਾਂਬੀ ਸ਼੍ਰੀਕਾਂਤ ਨੇ ਜਿਸ ਤਰ੍ਹਾਂ ਇੰਡੋਨੇਸ਼ੀਆ ਓਪਨ ਸੁਪਰ ਸੀਰੀਜ਼ ਦਾ ਖਿਤਾਬ ਜਿੱਤਿਆ ਉਸ ਦੇ ਲਈ ਮੈਂ ਹੀ ਨਹੀਂ ਸਗੋਂ ਪੂਰਾ ਦੇਸ਼ ਉਸ ਨੂੰ ਵਧਾਈ ਦਿੰਦਾ ਹੈ। ਉਸ ਨੇ ਦੱਸਿਆ ਕਿ 2017-18 ਦੇ ਦੌਰਾਨ ਹੁਣ ਤੱਕ ਪੁਰਸ਼ ਹਾਕੀ ਟੀਮ ਦੇ ਵਿਦੇਸ਼ੀ ਅਨੁਭਵ 'ਤੇ ਤਿੰਨ ਕਰੋੜ 20 ਲੱਖ ਰੁਪਏ ਜਦੋਂ ਕਿ ਬੈਡਮਿੰਟਨ ਦੇ ਵਿਦੇਸ਼ੀ ਦੌਰੇ 'ਤੇ ਤਿੰਨ ਕਰੋੜ 60 ਲੱਖ ਰੁਪਏ ਖਰਚ ਹੋਇਆ ਹੈ।


Related News