ਸ਼ਾਰਾਪੋਵਾ ਚਾਈਨਾ ਓਪਨ ''ਚੋਂ ਬਾਹਰ

10/05/2017 2:57:37 AM

ਬੀਜਿੰਗ— ਸਾਬਕਾ ਨੰਬਰ ਇਕ ਰੂਸ ਦੀ ਮਾਰੀਆ ਸ਼ਾਰਾਪੋਵਾ ਨੂੰ ਸਿਮੋਨਾ ਹਾਲੇਪ ਨੇ ਇਥੇ ਚਾਈਨਾ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਰਾਊਂਡ 'ਚ ਹਰਾ ਕੇ ਬਾਹਰ ਕਰ ਦਿੱਤਾ, ਜਦਕਿ ਪੁਰਸ਼ ਸਿੰਗਲਜ਼ 'ਚ ਆਸਟ੍ਰੇਲੀਆ ਦੇ ਨਿਕ ਕ੍ਰਿਗੀਓਸ ਨੇ ਪਹਿਲਾ ਅੜਿੱਕਾ ਪਾਰ ਕਰ ਲਿਆ ਹੈ।
ਹਾਲੇਪ ਨੇ ਵਿਸ਼ਵ 'ਚ 104ਵੀਂ ਰੈਂਕਿੰਗ 'ਤੇ ਖਿਸਕ ਗਈ ਸ਼ਾਰਾਪੋਵਾ ਨੂੰ ਲਗਾਤਾਰ ਸੈੱਟਾਂ 'ਚ 6-2, 6-2 ਨਾਲ ਹਰਾਇਆ। ਅਪ੍ਰੈਲ 'ਚ ਆਪਣੀ 15 ਮਹੀਨਿਆਂ ਦੀ ਪਾਬੰਦੀ ਖਤਮ ਕਰਨ ਤੋਂ ਬਾਅਦ ਹੀ ਰੂਸੀ ਖਿਡਾਰਨ ਇਕ ਵੀ ਖਿਤਾਬ ਨਹੀਂ ਜਿੱਤ ਸਕੀ ਹੈ। 30 ਸਾਲਾ ਸ਼ਾਰਾਪੋਵਾ ਦੀ ਮੈਚ ਵਿਚ ਖਰਾਬ ਸ਼ੁਰੂਆਤ ਰਹੀ, ਜਿਸ ਦਾ ਫਾਇਦਾ ਚੁੱਕ ਕੇ ਹਾਲੇਪ ਨੇ ਪੰਜ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਨੂੰ ਬਾਹਰ ਕਰ ਦਿੱਤਾ।
ਬੀਜਿੰਗ 'ਚ ਦੂਜਾ ਦਰਜਾ ਪ੍ਰਾਪਤ ਖਿਡਾਰਨ ਹਾਲੇਪ ਵਿਸ਼ਵ ਦੀ ਨੰਬਰ ਇਕ ਖਿਡਾਰਨ ਗਰਬਾਈਨ ਮੁਗੁਰੂਜਾ ਦੇ ਹਟਣ ਤੋਂ ਬਾਅਦ ਸਭ ਤੋਂ ਚੋਟੀ ਦੀ ਖਿਡਾਰਨ ਹੈ ਤੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਹੁਣ 11ਵੀਂ ਸੀਡ ਐਗਨੇਸਕਾ ਰਦਵਾਂਸਕਾ ਤੇ ਡਾਰੀਆ ਕਸਾਤਿਕਨਾ ਵਿਚਾਲੇ ਮੁਕਾਬਲੇ ਦੀ ਜੇਤੂ ਨਾਲ ਭਿੜੇਗੀ।
ਮਹਿਲਾ ਸਿੰਗਲਜ਼ ਦੇ ਦੂਜੇ ਦੌਰ ਦੇ ਮੁਕਾਬਲਿਆਂ 'ਚ ਘਰੇਲੂ ਖਿਡਾਰਨ ਚੀਨ ਦੀ ਪੇਂਗ ਸ਼ੂਆਈ ਨੇ ਰੋਮਾਨੀਆ ਦੀ ਮੋਨਿਕਾ ਨਿਕੇਲੇਸਕਿਊ ਨੂੰ 6-3, 6-2 ਨਾਲ, ਨੌਵੀਂ ਸੀਡ ਲਾਤੀਵੀਆ ਦੀ ਯੇਲੇਨਾ ਓਸਤਾਪੇਂਕੋ ਨੇ ਸਾਮੰਥਾ ਸਟੋਸੁਰ ਨੂੰ 6-3, 7-5 ਨਾਲ ਤੇ ਕੈਰੋਲੀਨਾ ਗਾਰਸੀਆ ਨੇ ਐਲਾਇਸ ਮਟੇਰਸ ਨੂੰ 7-6, 6-4 ਨਾਲ ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕਰ ਲਿਆ।
ਉਥੇ ਹੀ ਪੁਰਸ਼ ਸਿੰਗਲਜ਼ ਮੁਕਾਬਲਿਆਂ 'ਚ ਜਰਮਨੀ ਦੀ ਐਲਕਸਾਂਦ੍ਰ ਜਵੇਰੇਵ ਨੇ ਕਾਈਲ ਐਡਮੰਟ ਨੂੰ 6-3, 7-6 ਨਾਲ, ਸੱਤਵੀਂ ਸੀਡ ਟਾਮਸ ਬਰਡੀਚ ਨੇ ਅਮਰੀਕਾ ਦੇ ਜੇਅਰਡ ਡੋਨਾਲਡਸਨ ਨੂੰ 6-3, 0-6, 6-2 ਨਾਲ, ਛੇਵੀਂ ਸੀਡ ਜਾਨ ਇਸਨਰ ਨੇ ਮਾਲੇਕ ਜਜੀਰੀ ਨੂੰ  6-2, 6-3 ਨਾਲ, ਤੀਜੀ ਸੀਡ ਗ੍ਰਿਗੋਰ ਦਿਮ੍ਰਿਤੋਵ ਨੇ ਦਾਮਿਰ ਜੁਮੁਰ ਨੂੰ 6-1, 3-6, 6-3 ਨਾਲ ਅਤੇ ਅੱਠਵੀਂ ਸੀਡ ਨਿਕ ਕ੍ਰਿਗੀਓਸ ਨੇ ਨਿਕੋਲਾਜ ਬਾਸਿਲਾਸ਼ਿਵਿਲ ਨੂੰ 6-1, 6-2 ਨਾਲ ਹਰਾ ਕੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ।


Related News