ਦੂਜੇ ਅਭਿਆਸ ਮੈਚ 'ਚ ਸਾਰਿਆਂ ਦੀਆਂ ਨਜ਼ਰਾਂ ਭਾਰਤ ਦੇ 17 ਸਾਲਾਂ ਖਿਡਾਰੀ 'ਤੇ

10/19/2017 11:28:12 AM

ਮੁੰਬਈ (ਬਿਊਰੋ)— ਨਿਊਜ਼ੀਲੈਂਡ ਨੇ 22 ਅਕਤੂਬਰ ਤੋਂ ਭਾਰਤ ਖਿਲਾਫ ਸ਼ੁਰੂ ਹੋਣ ਵਾਲੀ ਵਨਡੇ ਸੀਰੀਜ਼ ਤੋਂ ਪਹਿਲਾਂ ਵੀਰਵਾਰ ਨੂੰ ਹੋਣ ਵਾਲੇ ਬੋਰਡ ਪ੍ਰੈਸੀਡੈਂਟ ਇਲੈਵਨ ਖਿਲਾਫ ਦੂਜੇ ਅਤੇ ਆਖਰੀ ਅਭਿਆਸ ਮੈਚ ਵਿਚ ਬਿਹਤਰ ਪ੍ਰਦਰਸ਼ਨ ਦੀ ਉਮੀਦ ਜਿਤਾਈ ਹੈ। ਮੇਜ਼ਬਾਨ ਟੀਮ ਦੇ 17 ਸਾਲਾਂ ਪ੍ਰਿਥਵੀ ਸ਼ਾਅ ਉੱਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ।

ਯਾਦਵ, ਪਟੇਲ ਅਤੇ ਚਹਿਲ ਦਾ ਕਰਨਾ ਹੋਵੇਗਾ ਸਾਹਮਣਾ
ਬੋਰਡ ਪ੍ਰੈਸੀਡੈਂਟ ਇਲੈਵਨ ਦੀ ਯੁਵਾ ਟੀਮ ਵਿਚ ਪ੍ਰਿਥਵੀ ਸ਼ਾਅ, ਕੇ.ਐੱਲ. ਰਾਹੁਲ ਅਤੇ ਕਰੁਣ ਨਾਇਰ ਹਨ ਅਤੇ ਇਸ ਯੁਵਾ ਟੀਮ ਨੇ ਕੇਨ ਵਿਲੀਅਮਸਨ ਦੀ ਕੀਵੀ ਟੀਮ ਨੂੰ ਪਹਿਲੇ ਅਭਿਆਸ ਮੈਚ ਵਿਚ 30 ਦੌੜਾਂ ਨਾਲ ਹਰਾਇਆ ਸੀ। ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਸੀਮਿਤ ਓਵਰਾਂ ਦੀ ਅਗਲੀ ਸੀਰੀਜ਼ ਵਿਚ ਭਾਰਤੀ ਸਪਿਨਰਾਂ ਕੁਲਦੀਪ ਯਾਦਵ, ਅਕਸ਼ਰ ਪਟੇਲ ਅਤੇ ਯੁਜਵੇਂਦਰ ਚਹਿਲ ਦਾ ਸਾਹਮਣਾ ਕਰਨਾ ਹੈ, ਪਰ ਉਹ ਪਹਿਲੇ ਅਭਿਆਸ ਮੈਚ ਵਿਚ ਸ਼ਾਹਬਾਜ ਨਦੀਮ ਅਤੇ ਕਰਣ ਸ਼ਰਮਾ ਨੂੰ ਵੀ ਨਹੀਂ ਖੇਡ ਸਕੇ।

ਰਾਹੁਲ ਲਈ ਸੁਨਹਿਰਾ ਮੌਕਾ
ਮੇਜ਼ਬਾਨ ਟੀਮ ਵਿਚ ਪ੍ਰਿਥਵੀ ਸ਼ਾਅ ਇਕ ਵਾਰ ਫਿਰ ਖਿੱਚ ਦਾ ਕੇਂਦਰ ਹੋਣਗੇ, ਜਿਨ੍ਹਾਂ ਨੇ ਟਰੇਂਟ ਬੋਲਟ, ਟਿਮ ਸਾਊਦੀ ਅਤੇ ਐਡਮ ਦਾ ਬਖੂਬੀ ਸਾਹਮਣਾ ਕੀਤਾ। ਪ੍ਰਿਥਵੀ ਸ਼ਾਅ ਨੇ ਪਹਿਲੇ ਅਭਿਆਸ ਮੈਚ ਵਿਚ 66 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ ਅਤੇ ਕੇ.ਐੱਲ. ਰਾਹੁਲ ਨਾਲ ਪਹਿਲੇ ਵਿਕਟ ਲਈ ਸੈਂਕੜੀਏ ਸਾਂਝੇਦਾਰੀ ਕੀਤੀ ਸੀ। ਨਿਊਜ਼ੀਲੈਂਡ ਖਿਲਾਫ ਵਨਡੇ ਸੀਰੀਜ਼ ਲਈ ਟੀਮ ਤੋਂ ਬਾਹਰ ਕੀਤੇ ਗਏ ਰਾਹੁਲ ਕੋਲ ਅਗਲੇ ਰਣਜੀ ਮੈਚ ਤੋਂ ਪਹਿਲਾਂ ਲੈਅ ਵਿਚ ਪਰਤਣ ਦਾ ਇਹ ਸੁਨਹਿਰਾ ਮੌਕਾ ਹੈ। ਹਾਲਾਂਕਿ ਸਾਰਿਆਂ ਦੀਆਂ ਨਜ਼ਰਾਂ 17 ਸਾਲ ਦੇ ਪ੍ਰਿਥਵੀ ਸ਼ਾਅ ਉੱਤੇ ਹੋਣਗੀਆਂ, ਜੋ ਕੌਮੀ ਚੋਣਕਰਤਾਵਾਂ ਦਾ ਧਿਆਨ ਪਿੱਚਣਾ ਚਾਹੇਗਾ।

ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ
ਨਿਊਜ਼ੀਲੈਂਡ ਦੇ ਸਿਖਰ ਕ੍ਰਮ ਨੂੰ ਬੋਰਡ ਪ੍ਰੈਸੀਡੇਂਟ ਇਲੈਵਨ ਦੇ ਸਪਿਨਰਾਂ ਖਿਲਾਫ ਸੰਭਲ ਕੇ ਖੇਡਣਾ ਹੋਵੇਗਾ। ਕਪਤਾਨ ਵਿਲੀਅਮਸਨ ਅਤੇ ਟਾਮ ਲਾਥਮ ਨੇ ਪਹਿਲੇ ਅਭਿਆਸ ਮੈਚ ਵਿਚ ਦੌੜਾਂ ਬਣਾਈਆਂ ਹਨ, ਪਰ ਰਾਸ ਟੇਲਰ ਅਤੇ ਕੋਲਿਨ ਮੁਨਰੋ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ, ਜੋ ਖ਼ਰਾਬ ਸ਼ਾਰਟ ਖੇਡ ਕੇ ਆਊਟ ਹੋਏ।


Related News