ਸਾਨੀਆ ਖਿਸਕੀ, ਬੋਪੰਨਾ ਨੂੰ ਫਾਇਦਾ

10/04/2017 4:42:35 AM

ਨਵੀਂ ਦਿੱਲੀ— ਭਾਰਤੀ ਸਟਾਰ ਮਹਿਲਾ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਨੂੰ ਤਾਜ਼ਾ ਜਾਰੀ ਡਬਲਯੂ. ਟੀ. ਏ. ਰੈਂਕਿੰਗ ਵਿਚ ਇਕ ਸਥਾਨ ਦਾ ਨੁਕਸਾਨ ਚੁੱਕਣਾ ਪਿਆ ਹੈ, ਜਦਕਿ ਰੋਹਨ ਬੋਪੰਨਾ ਇਕ ਸਥਾਨ ਦੇ ਫਾਇਦੇ ਨਾਲ ਦੇਸ਼ ਦਾ ਚੋਟੀ ਦਾ ਡਬਲਜ਼ ਟੈਨਿਸ ਖਿਡਾਰੀ ਬਣਿਆ ਹੋਇਆ ਹੈ।
ਵਿਸ਼ਵ ਮਹਿਲਾ ਡਬਲਜ਼ ਰੈਂਕਿੰਗ ਵਿਚ ਸਾਨੀਆ 'ਤੇ ਟਾਪ-10 'ਚੋਂ ਬਾਹਰ ਹੋਣ ਦਾ ਖਤਰਾ ਵੀ ਵਧ ਗਿਆ ਹੈ। ਭਾਰਤੀ ਖਿਡਾਰਨ ਇਕ ਸਥਾਨ ਹੇਠਾਂ ਖਿਸਕ ਕੇ ਨੌਵੇਂ ਨੰਬਰ 'ਤੇ ਪਹੁੰਚ ਗਈ ਹੈ ਤੇ ਉਸ ਦੇ 4835 ਰੇਟਿੰਗ ਅੰਕ ਹਨ।
ਸਾਨੀਆ ਦਾ ਮੌਜੂਦਾ ਸਾਲ 'ਚ ਪ੍ਰਦਰਸ਼ਨ ਖਾਸ ਨਹੀਂ ਰਿਹਾ ਹੈ ਤੇ ਉਹ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ. ਐੱਸ. ਓਪਨ 'ਚ ਵੀ ਮਹਿਲਾ ਅਤੇ ਮਿਕਸਡ ਡਬਲਜ਼ ਵਰਗਾਂ ਦੇ ਸ਼ੁਰੂਆਤੀ ਦੌਰ 'ਚੋਂ ਬਾਹਰ ਹੋ ਗਈ ਸੀ। ਉਹ ਇਸ ਸਾਲ ਇਕ ਹੀ ਖਿਤਾਬ ਜਿੱਤ ਸਕੀ ਹੈ ਤੇ ਪਿਛਲੇ ਮਹੀਨੇ ਚੀਨ ਦੇ ਵੁਹਾਨ ਓਪਨ ਵਿਚ ਵੀ ਉਹ ਸੈਮੀਫਾਈਨਲ ਵਿਚ ਹੀ ਹਾਰ ਕੇ ਬਾਹਰ ਹੋ ਗਈ ਸੀ।
ਦੂਜੇ ਪਾਸੇ ਡਬਲਜ਼ 'ਚ ਬੋਪੰਨਾ ਇਕ ਸਥਾਨ ਉੱਠ ਕੇ 18ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਉਸ ਦੇ 3740 ਰੇਟਿੰਗ ਅੰਕ ਹਨ, ਜਦਕਿ ਪੂਰਵ ਰਾਜਾ ਦੋ ਸਥਾਨ ਹੇਠਾਂ 59ਵੇਂ ਨੰਬਰ 'ਤੇ ਆ ਗਿਆ ਹੈ। ਲੀਏਂਡਰ ਪੇਸ ਆਪਣੇ 69ਵੇਂ ਸਥਾਨ 'ਤੇ ਬਰਕਰਾਰ  ਹੈ। ਟਾਪ-100 'ਚ ਹੋਰਨਾਂ ਭਾਰਤੀਆਂ 'ਚ ਜੀਵਨ ਨੇਦੂਚਿਝਯਨ ਦੋ ਸਥਾਨ ਹੇਠਾਂ 96ਵੇਂ ਸਥਾਨ 'ਤੇ ਖਿਸਕ ਗਿਆ ਹੈ।


Related News