ਸਾਇਨਾ ਨੇ ਕੀਤੀ ਜੇਤੂ ਸ਼ੁਰੂਆਤ

09/21/2017 8:43:56 AM

ਟੋਕੀਓ— ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ, ਕਿਦਾਂਬੀ ਸ਼੍ਰੀਕਾਂਤ, ਐੱਚ. ਐੱਸ. ਪ੍ਰਣਯ ਤੇ ਸਮੀਰ ਵਰਮਾ ਨੇ ਜੇਤੂ ਸ਼ੁਰੂਆਤ ਕਰਦਿਆਂ ਬੁੱਧਵਾਰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਇਥੇ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ। ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜਿੱਤਣ ਤੋਂ ਬਾਅਦ ਆਪਣਾ ਪਹਿਲਾ ਟੂਰਨਾਮੈਂਟ ਖੇਡ ਰਹੀ ਸਾਇਨਾ ਨੇ ਥਾਈਲੈਂਡ ਦੀ ਪੋਰਨਪਾਵੀ ਚੋਕੂਵਾਂਗ ਨੂੰ ਆਸਾਨੀ ਨਾਲ 39 ਮਿੰਟਾਂ 'ਚ 21-17, 21-9 ਨਾਲ ਹਰਾ ਦਿੱਤਾ।

ਸਾਇਨਾ ਨੇ ਪਿਛਲੇ ਹਫਤੇ ਕੋਰੀਆ ਓਪਨ ਵਿਚ ਹਿੱਸਾ ਨਹੀਂ ਲਿਆ ਸੀ ਪਰ ਇਥੇ ਉਸ ਨੇ ਭਰੋਸੇਯੋਗ ਸ਼ੁਰੂਆਤ ਕੀਤੀ। ਗੈਰ-ਦਰਜਾ ਪ੍ਰਾਪਤ ਸਾਇਨਾ ਦਾ ਦੂਜੇ ਦੌਰ ਵਿਚ ਆਪਣੀ ਪੁਰਾਣੀ ਵਿਰੋਧੀ ਅਤੇ ਓਲੰਪਿਕ ਚੈਂਪੀਅਨ ਸਪੇਨ ਦੀ ਕੈਰੋਲਿਨਾ ਮਾਰਿਨ ਨਾਲ ਮੁਕਾਬਲਾ ਹੋਵੇਗਾ।  ਵਿਸ਼ਵ ਰੈਂਕਿੰਗ ਵਿਚ 12ਵੇਂ ਨੰਬਰ ਦੀ ਸਾਇਨਾ ਦਾ ਪੰਜਵੇਂ ਨੰਬਰ ਦੀ ਅਤੇ ਪੰਜਵੀਂ ਸੀਡ ਮਾਰਿਨ ਵਿਰੁੱਧ 4-3 ਦਾ ਕਰੀਅਰ ਰਿਕਾਰਡ ਹੈ। ਦੋਹਾਂ ਵਿਚਾਲੇ ਪਿਛਲੇ ਸਾਲ ਮਾਰਚ 'ਚ ਇੰਡੋਨੇਸ਼ੀਆ ਓਪਨ ਤੋਂ ਬਾਅਦ ਹੁਣ ਜਾ ਕੇ ਮੁਕਾਬਲਾ ਹੋ ਰਿਹਾ ਹੈ।

ਦੂਜੇ ਪਾਸੇ 8ਵਾਂ ਦਰਜਾ ਪ੍ਰਾਪਤ ਸ਼੍ਰੀਕਾਂਤ ਨੇ ਪੁਰਸ਼ ਸਿੰਗਲਜ਼ ਦੇ ਪਹਿਲੇ ਦੌਰ ਵਿਚ ਚੀਨ ਦੇ ਤਿਆਨ ਹੂਵੇਈ ਵਿਰੁੱਧ ਇਕ ਘੰਟਾ ਚਾਰ ਮਿੰਟ ਤਕ ਸੰਘਰਸ਼ ਕੀਤਾ ਤੇ 21-15, 12-21, 21-11 ਨਾਲ ਤਿੰਨ ਸੈੱਟਾਂ ਵਿਚ ਜਾ ਕੇ ਜਿੱਤ ਆਪਣੇ ਨਾਂ ਕੀਤੀ। ਪ੍ਰਣਯ ਨੇ ਵੀ ਜੇਤੂ ਸ਼ੁਰੂਆਤ ਕੀਤੀ ਤੇ ਡੈੱਨਮਾਰਕ ਦੇ ਐਂਡਰਸ ਐਂਟਨਸਨ ਨੂੰ 37 ਮਿੰਟ 'ਚ 21-12, 21-14 ਨਾਲ ਹਰਾ ਕੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ।

ਸੌਰਭ ਨੂੰ ਆਪਣੇ ਪਹਿਲੇ ਹੀ ਮੈਚ ਵਿਚ ਸੱਤਵੀਂ ਸੀਡ ਚੀਨ ਦੇ ਲਿਨ ਡੈਨ ਦਾ ਸਾਹਮਣਾ ਕਰਨਾ ਪੈ ਗਿਆ, ਹਾਲਾਂਕਿ ਉਸ ਨੇ ਪਹਿਲਾ ਸੈੱਟ 21-11 ਨਾਲ ਜਿੱਤ ਕੇ ਵਧੀਆ ਸ਼ੁਰੂਆਤ ਕੀਤੀ ਪਰ ਤਜਰਬੇਕਾਰ ਚੀਨੀ ਖਿਡਾਰੀ ਨੇ ਫਿਰ 11-21, 21-15, 21-13 ਨਾਲ ਜਿੱਤ ਆਪਣੇ ਨਾਂ ਕਰ ਲਈ। ਉਥੇ ਹੀ ਪ੍ਰਣੀਤ ਨੂੰ ਕੋਰੀਆ ਦੇ ਲੀ ਡੋਂਗ ਕਿਊਨ ਨੇ ਇਕ ਘੰਟਾ 25 ਮਿੰਟ ਦੇ ਸੰਘਰਸ਼ ਵਿਚ 21-23, 21-17, 21-14 ਨਾਲ ਹਰਾ ਕੇ ਬਾਹਰ ਕਰ ਦਿੱਤਾ।


Related News