ਰੋਨਾਲਡੋ ਨੇ ਰੀਅਲ ਨੂੰ ਡੋਰਟਮੰਡ ''ਤੇ 3-2 ਨਾਲ ਦਿਵਾਈ ਜਿੱਤ

12/07/2017 11:17:49 PM

ਮੈਡ੍ਰਿਡ—ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਆਪਣੇ ਬਿਹਤਰੀਨ ਪ੍ਰਦਰਸ਼ਨ ਨਾਲ ਚੈਂਪੀਅਨਸ ਲੀਗ ਮੁਕਾਬਲੇ ਵਿਚ ਬੋਰੂਸ ਡੋਰਟਮੰਡ ਵਿਰੁੱਧ ਰੀਅਲ ਮੈਡ੍ਰਿਡ ਨੂੰ 3-2 ਨਾਲ ਜਿੱਤ ਦਿਵਾ ਦਿੱਤੀ। ਇਸ ਦੇ ਨਾਲ ਹੀ ਉਹ ਰੀਅਲ ਲਈ ਗਰੁੱਪ ਗੇੜ ਦੇ ਸਾਰੇ 6 ਮੈਚਾਂ ਵਿਚ ਗੋਲ ਕਰਨ ਵਾਲਾ ਪਹਿਲਾ ਖਿਡਾਰੀ ਵੀ ਬਣ ਗਿਆ।
ਗਰੁੱਪ-ਐੱਚ ਦੀ ਟੀਮ ਮੈਡ੍ਰਿਡ ਪਹਿਲਾਂ ਹੀ ਆਪਣਾ ਦੂਜਾ ਸਥਾਨ ਤੈਅ ਕਰ ਚੁੱਕੀ ਹੈ, ਜਦਕਿ ਟੋਟੇਨਹੈਮ ਗਰੁੱਪ ਵਿਚ ਚੋਟੀ 'ਤੇ ਹੈ, ਜਿਸ ਨੇ ਵੇਮਬਲੇ ਸਟੇਡੀਅਮ ਵਿਚ ਐਪੋਏਲ ਨੂੰ 3-0 ਨਾਲ ਹਰਾਇਆ ਤੇ ਹੁਣ ਉਸਦੇ ਕੋਲ 16 ਅੰਕ ਹਨ। ਮੈਡ੍ਰਿਡ ਕੋਲ 13 ਅੰਕ ਹਨ। 
ਮੈਡ੍ਰਿਡ ਲਈ ਮੈਚ ਵਿਚ ਬੋਰਜੋ ਮੇਯੋਰਲ ਨੇ ਓਪਨਿੰਗ ਗੋਲ ਕੀਤਾ ਤੇ ਉਸ ਤੋਂ ਬਾਅਦ ਰੋਨਾਲਡੋ ਨੇ ਦੂਜਾ ਗੋਲ ਕਰ ਕੇ ਟੀਮ ਨੂੰ 2-0 ਦੀ ਬੜ੍ਹਤ ਦਿਵਾ ਦਿੱਤੀ। ਡੋਰਟਮੰਡ ਲਈ ਦੋ ਗੋਲ ਪਿਯਰੇ ਐਮੇਰਿਕ ਓਬਾਮੇਯਾਂਗ ਨੇ ਦੋਵੇਂ ਹਾਫ ਵਿਚ ਗੋਲ ਕੀਤੇ ਪਰ ਮੈਡ੍ਰਿਡ ਲਈ ਲੁਕਾਸ ਵਾਜ਼ਕੁਏਜ ਨੇ 81ਵੇਂ ਮਿੰਟ ਵਿਚ ਜੇਤੂ ਗੋਲ ਕਰ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ। ਸਾਂਤਿਆਗੋ ਬਰਨਾਬਿਊ ਸਟੇਡੀਅਮ ਵਿਚ ਪੁਰਤਗਾਲੀ ਖਿਡਾਰੀ ਨੇ ਸੈਸ਼ਨ ਦਾ ਆਪਣਾ 9ਵਾਂ ਗਰੁੱਪ ਗੇੜ ਗੋਲ ਵੀ ਪੂਰਾ ਕੀਤਾ।
ਰੋਨਾਲਡੋ ਦੇ ਹੁਣ ਦੋ ਸੈਸ਼ਨਾਂ 'ਚ ਗਰੁੱਪ ਗੇੜ 'ਚ 11 ਗੋਲ ਹਨ, ਜਿਹੜਾ ਕਿ ਇਸ ਚੈਂਪੀਅਨਸ਼ਿਪ ਵਿਚ ਕਿਸੇ ਦਾ ਸਭ ਤੋਂ ਵੱਧ ਨਿੱਜੀ ਸਕੋਰ ਹੈ। ਉਸਦੇ ਨਾਂ 2013-14 'ਚ ਚੈਂਪੀਅਨਸ ਲੀਗ 'ਚ ਸਭ ਤੋਂ ਵੱਧ 17 ਗੋਲ ਕਰਨ ਦਾ ਰਿਕਾਰਡ ਵੀ ਹੈ। ਇਸ ਸਾਲ ਦੀ ਸ਼ੁਰੂਆਤ ਵਿਚ ਉਸ ਨੇ ਚੈਂਪੀਅਨਸ ਲੀਗ 'ਚ ਪੈਨਲਟੀ 'ਤੇ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ ਸੀ। ਉਸ ਨੇ 12 ਗੋਲ ਪੈਨਲਟੀ 'ਤੇ ਕੀਤੇ ਸਨ, ਜਿਹੜੇ ਲਿਓਨਿਲ ਮੇਸੀ ਤੋਂ ਇਕ ਵੱਧ ਹੈ।


Related News