ਰੋਨਾਲਡੋ ਛੱਡਣਾ ਚਾਹੁੰਦੈ ਰੀਅਲ ਮੈਡ੍ਰਿਡ ਕਲੱਬ

06/21/2017 12:33:39 AM

ਨਵੀਂ ਦਿੱਲੀ— ਗਰਮੀਆਂ ਦੇ ਨਾਲ ਟਰਾਂਸਫਰ ਵਿੰਡੋ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਇਸ ਦੌਰਾਨ ਇਕ ਹੈਰਾਨ ਕਰਨ ਵਾਲੀ ਖਬਰ ਆਈ ਹੈ ਕਿ ਪੁਰਤਗਾਲ ਦਾ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਰੀਅਲ ਮੈਡ੍ਰਿਡ ਕਲੱਬ ਨੂੰ ਛੱਡਣਾ ਚਾਹੁੰਦਾ ਹੈ। ਪੁਰਤਗਾਲੀ  ਦੈਨਿਕ ਓਵੋਲਾ ਦੀ ਰਿਪੋਰਟ ਅਨੁਸਾਰ 4 ਵਾਰ ਦੇ ਗੋਲਡਨ ਬਾਲ ਜੇਤੂ ਰੋਨਾਲਡੋ ਦੀ ਕੋਈ ਵੀ ਡੀਲ ਯਕੀਨਨ ਫੁੱਟਬਾਲ ਇਤਿਹਾਸ ਦੀ ਸਭ ਤੋਂ ਵੱਡੀ ਟਰਾਂਸਫਰ ਡੀਲ ਹੋਵੇਗੀ, ਜਿਹੜੀ ਕਿ ਪਿਛਲੀਆਂ ਗਰਮੀਆਂ 'ਚ ਪਾਲ ਪੋਗਵਾ ਦੀ ਰਿਕਾਰਡਤੋੜ ਡੀਲ ਤੋਂ ਵੀ ਕਾਫੀ ਵੱਡੀ ਹੋਵੇਗੀ।
32 ਸਾਲਾ ਰੋਨਾਲਡੋ ਨੂੰ ਸਾਈਨ ਕਰਨ ਲਈ ਚੇਲਸੀਆ ਸਭ ਤੋਂ ਮਜ਼ਬੂਤ ਦਾਅਵੇਦਾਰ ਬਣ ਕੇ ਉੱਭਰਿਆ ਹੈ। 'ਸੰਡੇ ਐਕਸਪ੍ਰੈੱਸ' ਦੀ ਰਿਪੋਰਟ ਅਨੁਸਾਰ ਰੋਮਨ ਐਬ੍ਰੋਮੋਵਿਚ ਉਸ ਨੂੰ ਰਿਕਾਰਡਤੋੜ ਫੀਸ ਦੇਣ ਲਈ ਤਿਆਰ ਹੈ। ਜੇਕਰ ਰੋਨਾਲਡੋ ਦੇ ਸਲਾਹਕਾਰਾਂ 'ਤੇ ਭਰੋਸਾ ਕੀਤਾ ਜਾਵੇ ਤਾਂ ਇਹ ਅੰਕੜਾ 150 ਮਿਲੀਅਨ ਯੂਰੋ ਦੇ ਨੇੜੇ-ਤੇੜੇ ਹੋ ਸਕਦਾ ਹੈ, ਹਾਲਾਂਕਿ ਰੀਅਲ ਮੈਡ੍ਰਿਡ ਰੋਨਾਲਡੋ ਨੂੰ ਛੱਡਣ ਲਈ ਘੱਟ ਤੋਂ ਘੱਟ 350 ਮਿਲੀਅਨ ਯੂਰੋ ਦੀ ਮੰਗ ਕਰ ਰਿਹਾ ਹੈ।
'ਸੰਡੇ ਮਿਰਰ' ਦੀ ਰਿਪੋਰਟ ਅਨੁਸਾਰ ਰੋਨਾਲਡੋ ਨੇ ਮਾਨਚੈਸਟਰ ਯੂਨਾਈਟਿਡ ਦੇ ਆਪਣੇ ਸਾਬਕਾ ਮੈਨੇਜਰ ਸਰ ਐਲਕਫਿਊਰਸਨ ਨੂੰ ਸਪੈਨਿਸ਼ ਕਲੱਬ ਛੱਡਣ ਦੀ ਇੱਛਾ ਬਾਰੇ ਦੱਸਿਆ ਸੀ। ਖਿਡਾਰੀ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਖੇਡ ਦੇ ਨਜ਼ਰੀਏ ਤੋਂ ਵੀ ਰੋਨਾਲਡੋ ਕਲੱਬ ਬਦਲਣਾ ਚਾਹੁੰਦਾ ਹੈ। ਪਿਛਲੇ 4 ਸਾਲਾਂ 'ਚ 3 ਵਾਰ ਚੈਂਪੀਅਨਸ ਟਰਾਫੀ ਤੇ ਸੈਸ਼ਨ ਵਿਚ ਲਾ ਲਿਗਾ ਖਿਤਾਬ ਜਿੱਤਣ ਤੋਂ ਬਾਅਦ ਰੋਨਾਲਡੋ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਚਾਹੁੰਦਾ ਹੈ। ਰੋਨਾਲਡੋ ਇਸ ਤੋਂ ਪਹਿਲਾਂ ਵੀ ਕਈ ਵਾਰ ਮੈਡ੍ਰਿਡ ਤੋਂ ਵੱਖ ਹੋਣ ਦੀ ਕੋਸ਼ਿਸ ਕਰ ਚੁੱਕਾ ਹੈ। ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਰੋਨਾਲਡੋ ਨੂੰ ਮੈਡ੍ਰਿਡ 'ਚ ਉਹ ਸਮਰਥਨ ਨਹੀਂ ਮਿਲਦਾ, ਜਿਵੇਂ ਕਿ ਉਸ ਦੇ ਵਿਰੋਧੀ ਬਾਰਸੀਲੋਨਾ ਦੇ ਲਿਓਨਿਲ ਮੇਸੀ ਨੂੰ ਮਿਲਦਾ ਹੈ। 
ਮੰਨਿਆ ਜਾ ਰਿਹਾ ਹੈ ਕਿ ਸਪੇਨ ਦੀ ਸਰਕਾਰ 1.47 ਕਰੋੜ ਯੂਰੋ ਦੀ ਟੈਕਸ ਚੋਰੀ ਦੇ ਮਾਮਲੇ ਵਿਚ ਦੋਸ਼ੀ ਬਣਾਏ ਗਏ ਰੋਨਾਲਡੋ ਦੇ ਪੂਰੇ ਮਾਮਲੇ ਨੂੰ ਲੈ ਕੇ ਹੈਰਾਨ ਹੈ, ਇਸੇ ਕਾਰਨ ਉਹ ਕਿਸੇ ਹੋਰ ਦੇਸ਼ ਵਿਚ ਜਾ ਕੇ ਕਿਸੇ ਹੋਰ ਕਲੱਬ ਲਈ ਖੇਡਣਾ  ਚਾਹੁੰਦਾ ਹੈ। ਕਲੱਬ ਨੇ ਵੀ ਉਸ ਦੀ ਉਸ ਪੱਧਰ 'ਤੇ ਰੱਖਿਆ ਨਹੀਂ ਕੀਤੀ, ਜਿਸ ਪੱਧਰ 'ਤੇ ਕੀਤੀ ਜਾਣੀ ਚਾਹੀਦੀ ਸੀ। 
ਸਪੈਨਿਸ਼ ਟੈਕਸ ਵਿਭਾਗ ਨੇ ਕਿਹਾ ਹੈ ਕਿ ਰੋਨਾਲਡੋ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਟੈਕਸ ਚੋਰੀ ਕੀਤਾ ਹੈ, ਜਿਹੜਾ ਬਿਲਕੁਲ ਗਲਤ ਹੈ। ਰੋਨਾਲਡੋ ਨੇ ਹਾਲਾਂਕਿ ਟੈਕਸ ਚੋਰੀ ਮਾਮਲੇ ਵਿਚ ਖੁਦ ਨੂੰ ਨਿਰਦੋਸ਼ ਦੱਸਿਆ ਹੈ ਤੇ ਕਿਹਾ ਹੈ ਕਿ ਉਸ ਨੇ ਸਪੇਨ ਦੇ ਕਾਨੂੰਨ ਦੇ ਹਿਸਾਬ ਨਾਲ ਹੀ ਕੰਮ ਕੀਤਾ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਲੈ ਕੇ ਰੋਨਾਲਡੋ ਕਾਫੀ ਹੈਰਾਨ ਹੈ ਤੇ ਇਸ ਕਾਰਨ ਉਹ ਲਾ ਲਿਗਾ ਵਿਚ ਅੱਗੇ ਨਾ ਖੇਡਣ ਦਾ ਮਨ ਬਣਾ ਚੁੱਕਾ ਹੈ। 


Related News