BCCI ਦੇ ਨਵੇਂ FTP ਦਾ ਵਿਰੋਧ ਕਰੇਗਾ PCB

12/13/2017 5:24:23 AM

ਲਾਹੌਰ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਆਪਣੇ ਨਵੇਂ ਐੱਫ. ਟੀ. ਪੀ. ਦਾ ਐਲਾਨ ਕਰ ਦਿੱਤਾ ਹੈ ਪਰ ਉਸ ਵਿਚ ਪਾਕਿਸਤਾਨ ਨਾਲ ਕੋਈ ਦੋ-ਪੱਖੀ ਸੀਰੀਜ਼ ਸ਼ਾਮਲ ਨਾ ਕੀਤੇ ਜਾਣ ਤੋਂ ਨਾਰਾਜ਼ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਇਸ ਨੂੰ ਚੁਣੌਤੀ ਦੇਣ ਦਾ ਫੈਸਲਾ ਕੀਤਾ ਹੈ। ਬੀ. ਸੀ. ਸੀ. ਆਈ. ਨੇ ਸੋਮਵਾਰ ਦਿੱਲੀ 'ਚ ਹੋਈ ਆਪਣੀ ਵਿਸ਼ੇਸ਼ ਆਮ ਮੀਟਿੰਗ (ਐੱਸ. ਜੀ. ਐੱਮ.) ਵਿਚ ਸਾਲ 2019 ਤੋਂ 2023 ਤਕ ਲਈ ਨਵੇਂ ਫਿਊਚਰ ਟੂਰ ਪ੍ਰੋਗਰਾਮ (ਐੱਫ. ਟੀ. ਪੀ.) ਦਾ ਐਲਾਨ ਕੀਤਾ ਸੀ, ਜਿਸ ਵਿਚ ਉਹ  81 ਮੈਚ ਘਰੇਲੂ  ਧਰਤੀ 'ਤੇ ਖੇਡੇਗਾ, ਜਿਸ ਵਿਚ ਦੱਖਣੀ ਅਫਰੀਕਾ, ਆਸਟ੍ਰੇਲੀਆ, ਇੰਗਲੈਂਡ ਵਰਗੀਆਂ ਵੱਡੀਆਂ ਟੀਮਾਂ ਨਾਲ ਵੀ ਉਸਦੀਆਂ ਦੋ-ਪੱਖੀ ਸੀਰੀਜ਼ ਸ਼ਾਮਲ ਹਨ, ਹਾਲਾਂਕਿ ਇਸ ਵਿਚ ਪਾਕਿਸਤਾਨ ਨਾਲ ਕੋਈ ਸੀਰੀਜ਼ ਨਹੀਂ ਹੈ।
ਪਾਕਿਸਤਾਨ ਬੋਰਡ ਨੇ ਬੀ. ਸੀ. ਸੀ. ਆਈ. ਦੇ ਇਸ ਨਵੇਂ ਐੱਫ. ਟੀ. ਪੀ. 'ਤੇ ਅਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਉਹ ਉਦੋਂ ਤਕ ਇਸ ਨਵੇਂ ਪ੍ਰੋਗਰਾਮ 'ਤੇ ਦਸਤਖਤ ਨਹੀਂ ਕਰੇਗਾ, ਜਦੋਂ ਤਕ ਕਿ ਭਾਰਤ ਉਸ ਦੇ ਨਾਲ ਖੇਡਣ 'ਤੇ ਸਹਿਮਤੀ ਨਾ ਦੇ ਦੇਵੇ। ਪੀ. ਸੀ. ਬੀ. ਨੇ ਆਪਣੀ ਇਸ ਸ਼ਿਕਾਇਤ ਨੂੰ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਵਿਵਾਦ ਨਿਪਟਾਰਾ ਕਮੇਟੀ ਸਾਹਮਣੇ ਭੇਜ ਦਿੱਤਾ ਹੈ।
ਹਾਲਾਂਕਿ ਪੀ. ਸੀ. ਬੀ. ਦੀ ਲੰਬੇ ਸਮੇਂ ਤੋਂ ਇਸ ਬਾਰੇ  ਅਪੀਲ ਤੇ ਭਾਰਤ ਨਾਲ ਖੇਡਣ ਦੀਆਂ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਬੀ. ਸੀ. ਸੀ. ਆਈ. ਦੇ ਵਤੀਰੇ ਵਿਚ ਕੋਈ ਬਦਲਾਅ ਨਹੀਂ ਆਇਆ ਹੈ। ਬੀ. ਸੀ. ਸੀ. ਆਈ. ਸਕੱਤਰ ਅਮਿਤਾਭ ਚੌਧਰੀ ਨੇ ਐੱਸ. ਜੀ. ਐੱਮ. ਵਿਚ ਵੀ ਇਸ ਮਾਮਲੇ ਨੂੰ ਚੁੱਕਦੇ ਹੋਏ ਕਿਹਾ, ''ਭਾਰਤ ਆਈ. ਸੀ. ਸੀ. ਦੀਆਂ ਪ੍ਰਤੀਯੋਗਿਤਾਵਾਂ ਤੋਂ ਇਲਾਵਾ ਪਾਕਿਸਤਾਨ ਨਾਲ ਵੱਖਰੇ ਤੌਰ 'ਤੇ ਕ੍ਰਿਕਟ ਨਹੀਂ ਖੇਡੇਗਾ। ਇਹ ਅਜਿਹਾ ਮਾਮਲਾ ਹੈ, ਜਿਸ ਲਈ ਕਈ ਹੋਰ ਹਾਲਾਤ ਕੰਮ ਕਰਦੇ ਹਨ, ਅਜਿਹੀ ਸਥਿਤੀ 'ਚ ਇਸ ਬਾਰੇ ਹੋਰ ਕੁਝ ਨਹੀਂ ਕਿਹਾ ਜਾ ਸਕਦਾ।''


Related News