ਪੈਰਾਗਵੇ ਨੇ ਲਾਈ ਜੇਤੂ ਹੈਟ੍ਰਿਕ, ਤੁਰਕੀ ਦਾ ਸਫਰ ਖਤਮ

10/12/2017 10:35:37 PM

ਮੁੰਬਈ—  ਫੀਫਾ ਵਿਸ਼ਵ ਕੱਪ ਅੰਡਰ-17 ਫੁੱਟਬਾਲ ਟੂਰਨਾਮੈਂਟ ਦੇ ਨਾਕਆਊਟ ਵਿਚ ਪਹਿਲਾਂ ਹੀ ਜਗ੍ਹਾ ਪੱਕੀ ਕਰ ਚੁੱਕੀ ਪੈਰਾਗਵੇ ਨੇ ਵੀਰਵਾਰ ਨੂੰ ਤੁਰਕੀ  ਵਿਰੁੱਧ 3-1 ਦੀ ਜਿੱਤ ਨਾਲ ਜੇਤੂ ਹੈਟ੍ਰਿਕ ਲਾਉਂਦਿਆਂ ਆਪਣੇ ਜੇਤੂ ਕ੍ਰਮ ਨੂੰ ਵੀ ਬਰਕਰਾਰ ਰੱਖਿਆ ਤੇ ਗਰੁੱਪ-ਬੀ ਵਿਚ ਚੋਟੀ ਸਥਾਨ 'ਤੇ ਹੈ।
ਪੈਰਾਗਵੇ ਨੇ ਇੱਥੇ ਡੀ. ਵਾਈ. ਪਾਟਿਲ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਵਿਚ ਤੁਰਕੀ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕੀਤਾ ।  ਉਹ ਆਪਣੇ ਗਰੁੱਪ-ਬੀ ਵਿਚ ਤਿੰਨ ਮੈਚਾਂ ਵਿਚੋਂ ਤਿੰਨੇ ਜਿੱਤ ਕੇ ਸਭ ਤੋਂ ਵੱਧ 9 ਅੰਕ ਲੈ ਕੇ ਸ਼ਾਨ ਨਾਲ ਦੂਜੇ ਗੇੜ ਵਿਚ ਪਹੁੰਚ ਗਈ। ਫੀਫਾ ਟੂਰਨਾਮੈਂਟ ਦੇ ਖਿਤਾਬ ਦੀ ਦਾਅਵੇਦਾਰ ਮੰਨੀ ਜਾ ਰਹੀ ਪੈਰਾਗਵੇ ਨੇ ਟੂਰਨਾਮੈਂਟ ਵਿਚ ਇਸ ਤੋਂ ਪਹਿਲਾਂ  ਮਲੀ ਨੂੰ 3-2 ਨਾਲ, ਨਿਊਜ਼ੀਲੈਂਡ ਨੂੰ 4-2 ਨਾਲ ਹਰਾਇਆ ਸੀ।
ਉਥੇ ਹੀ ਤੁਰਕੀ ਆਪਣੇ ਗਰੁੱਪ-ਬੀ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਤਿੰਨ ਮੈਚਾਂ ਵਿਚੋਂ ਇਕ ਡਰਾਅ ਤੇ ਦੋ ਹਾਰ ਕੇ ਸਿਰਫ ਇਕ ਅੰਕ ਹੀ ਹਾਸਲ ਕਰ ਸਕੀ ਤੇ ਆਖਰੀ ਸਥਾਨ 'ਤੇ ਰਹਿ ਕੇ ਟੂਰਨਾਮੈਂਟ ਵਿਚ ਨਾਕਆਊਟ ਦੀ ਦੌੜ ਤੋਂ ਬਾਹਰ ਹੋਣ ਵਾਲੀ ਸਭ ਤੋਂ ਪਹਿਲੀ ਟੀਮ ਵੀ ਬਣ ਗਈ।
ਪੈਰਾਗਵੇ ਲਈ ਜਿਓਵਾਨੀ ਬੋਗਾਡੋ ਨੇ 41ਵੇਂ, ਫਰਨਾਂਡੋ ਕਾਰਡੋਜੋ ਨੇ 43ਵੇਂ ਤੇ ਐਂਟੋਨੀਆ ਗਾਲਿਆਨੋ ਨੇ 61ਵੇਂ ਮਿੰਟ ਵਿਚ ਗੋਲ ਕੀਤੇ ਜਦਕਿ ਹਾਰ ਦੇ ਫਰਕ ਨੂੰ ਕੁਝ ਘੱਟ ਕਰਦਿਆਂ ਤੁਰਕੀ ਲਈ ਇਕਲੌਤਾ ਗੋਲ ਕੇਰਿਮ ਕੇਸਗਿਨ ਨੇ ਇੰਜਰੀ ਸਮੇਂ ਵਿਚ ਕੀਤਾ।
 


Related News