ਨਡਾਲ ਨੇ ਪ੍ਰੀ ਕੁਆਰਟਰ ਫਾਈਨਲ ''ਚ ਕੀਤਾ ਪ੍ਰਵੇਸ਼, ਕੁਆਲੀਫਾਇਰ ''ਚ ਹਾਰੀ ਵੀਨਸ

08/17/2017 7:08:39 PM

ਸਿਨਸਿਨਾਟੀ੍— ਚੋਟੀ ਦਾ ਦਰਜਾ ਪ੍ਰਾਪਤ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਫਰਾਂਸ ਦੇ ਰਿਚਰਡ ਗਾਸਕੇ ਖਿਲਾਫ ਆਸਾਨ ਜਿੱਤ ਨਾਲ ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ ਦੇ ਪ੍ਰੀ ਕੁਆਰਟਫਾਈਨਲ ਮੁਕਾਬਲੇ 'ਚ ਜਗ੍ਹਾ ਬਣਾ ਲਈ ਹੈ ਪਰ ਸਾਬਕਾ ਨੰਬਰ ਇਕ ਅਮਰੀਕਾ ਦੀ ਵੀਨਸ ਵਿਲੀਅਮਸ ਦੂਜੇ ਹੀ ਰਾਊਂਡ 'ਚ ਕੁਆਲੀਫਾਇਰ ਖਿਡਾਰੀ ਦਾ ਸ਼ਿਕਾਰ ਬਣ ਗਈ।
ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਅਤੇ ਅਗਲੇ ਹਫਤੇ ਫਿਰ ਤੋਂ ਨੰਬਰ ਇਕ ਬਣਨ ਜਾ ਰਹੇ ਨਡਾਲ ਨੇ ਗਾਸਕੇ ਨੂੰ ਲਗਾਤਾਰ ਸੈਟਾਂ 'ਚ 6-3, 6-4 ਨਾਲ ਹਰਾ ਕੇ ਆਖਰੀ-16ਵੇਂ ਰਾਊਂਡ 'ਚ ਪ੍ਰਵੇਸ਼ ਕਰ ਲਿਆ। ਨਡਾਲ ਨੂੰ ਪਹਿਲੇ ਦੌਰ 'ਚ ਬਾਈ ਮਿਲੀ ਸੀ। 15 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨਡਾਲ ਦਾ ਏ. ਟੀ. ਪੀ. 'ਚ ਫ੍ਰੈਂਚ ਖਿਡਾਰੀ ਖਿਲਾਫ ਹੁਣ 15-0 ਦਾ ਰਿਕਾਰਡ ਹੋ ਗਿਆ ਹੈ। ਇਸ ਸਾਲ ਜੂਨ 'ਚ ਆਪਣਾ 10ਵਾਂ ਫ੍ਰੈਂਚ ਓਪਨ ਖਿਤਾਬ ਜਿੱਤਣ ਵਾਲੇ ਸਪੈਨਿਸ਼ ਖਿਡਾਰੀ ਨੇ ਸਾਲ 2008 ਟੋਰੰਟੋ ਤੋਂ ਹੁਣ ਤਕ ਗਾਸਕੇ ਖਿਲਾਫ 10 ਮੈਚਾਂ 'ਚ ਸਾਰੇ ਮੈਚਾਂ 'ਚ ਜਿੱਤ ਹਾਸਲ ਕੀਤੀ ਹੈ।
31 ਸਾਲਾ ਖਿਡਾਰੀ ਦਾ ਅਗਲਾ ਮੈਚ ਹੁਣ 24ਵੀਂ ਰੈਕਿੰਗ ਦੇ ਹਮਵਤਨ ਖਿਡਾਰੀ ਐਲਬਰਟ ਰਾਮੋਸ ਵਿਨੋਲਾਸ ਨਾਲ ਹੋਵੇਗਾ। ਜਿਸ ਨੂੰ ਉਹ ਪਿਛਲੇ 3 ਮੈਚਾਂ 'ਚ ਹਰਾ ਚੁਕੇ ਹਨ। ਰਾਮੋਸ ਨੇ ਮਿਖਾਇਲ ਯੂਝਨੀ ਨੂੰ 6-2, 3-6,6-3 ਨਾਲ ਹਰਾਇਆ। ਬਾਕੀ ਮੈਚਾਂ 'ਚ ਜਰਮਨੀ ਦੇ ਐਲਕਸਾਂਦਰ ਜਿਵੇਰੇਵ ਇਕ ਦਿਨ ਪਹਿਲਾਂ ਭਾਰਤ ਦੇ ਲਿਏਂਡਰ ਪੇਸ ਨਾਲ ਪਹਿਲੇ ਦੌਰ ਦਾ ਡਬਲ ਮੈਚ ਹਾਰਨ ਤੋਂ ਬਾਅਦ ਸਿੰਗਲਜ਼ ਦੇ ਦੂਜੇ ਦੌਰ 'ਚ ਹਾਰ ਗਏ। ਹਾਲ ਹੀ 'ਚ ਮਾਂਟ੍ਰਿਅਲ ਅਤੇ ਵਾਸ਼ਿੰਗਟਨ 'ਚ ਖਿਤਾਬ ਜਿੱਤਣ ਵਾਲੇ ਨੌਜਵਾਨ ਜਰਮਨ ਦੇ ਖਿਡਾਰੀ ਨੂੰ ਅਮਰੀਕਾ ਦੇ ਨੌਜਵਾਨ ਵਾਈਲਡ ਕਾਰਡ ਫਰਾਂਸੇਸ ਟਿਆਫੋਏ ਨੇ 4-6, 6-3, 6-4, ਨਾਲ ਹਰਾਇਆ।


Related News