ਵਿਸ਼ਵ ਕੱਪ ਫਾਈਨਲ ''ਚ ਪਹਿਲੀ ਵਾਰ ਮਿਕਸਡ ਈਵੈਂਟ ਤੇ ਇਨਾਮੀ ਰਾਸ਼ੀ

10/23/2017 12:57:14 AM

ਨਵੀਂ ਦਿੱਲੀ— ਭਾਰਤ ਦੀ ਮੇਜ਼ਬਾਨੀ 'ਚ ਸੋਮਵਾਰ ਤੋਂ ਪਹਿਲੀ ਵਾਰ ਹੋ ਰਹੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਫਾਈਨਲ ਨਿਸ਼ਾਨੇਬਾਜ਼ੀ ਟੂਰਨਾਮੈਂਟ 'ਚ ਜਿਥੇ ਪਹਿਲੀ ਵਾਰ ਤਿੰਨ ਮਿਕਸਡ ਟੀਮ ਪ੍ਰਤੀਯੋਗਿਤਾਵਾਂ ਹੋਣਗੀਆਂ, ਉਥੇ ਹੀ ਪਹਿਲੀ ਵਾਰ ਇਨਾਮੀ ਰਾਸ਼ੀ ਵੀ ਦਿੱਤੀ ਜਾਵੇਗੀ। ਭਾਰਤੀ ਰਾਸ਼ਟਰੀ ਰਾਈਫਲ ਸੰਘ (ਐੱਨ. ਆਰ. ਏ. ਆਈ.) ਦੇ ਮੁਖੀ ਰਣਇੰਦਰ ਸਿੰਘ ਨੇ ਐਤਵਾਰ ਇਥੇ ਡਾ. ਕਰਣੀ ਸਿੰਘ ਸ਼ੁਟਿੰਗ ਰੇਂਜ ਵਿਚ ਪੱਤਰਕਾਰ ਸੰਮੇਲਨ ਵਿਚ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਉਹ ਸਾਲ ਦੇ ਆਖਿਰ ਵਿਚ ਹੋਣ ਵਾਲੇ ਆਈ. ਏ. ਐੱਸ. ਐੱਫ. ਵਿਸ਼ਵ ਕੱਪ ਫਾਈਨਲ ਦਾ ਪਹਿਲੀ ਵਾਰ ਆਯੋਜਨ ਕਰ ਰਿਹਾ ਹੈ। ਟੂਰਨਾਮੈਂਟ ਕਰਣੀ ਸਿੰਘ ਸ਼ੂਟਿੰਗ ਰੇਂਜ ਵਿਚ 23 ਤੋਂ 30 ਅਕਤੂਬਰ ਤਕ ਆਯੋਜਿਤ ਕੀਤਾ ਜਾਵੇਗਾ।
ਰਣਇੰਦਰ ਨੇ ਦੱਸਿਆ ਕਿ ਵਿਸ਼ਵ ਕੱਪ ਫਾਈਨਲ 'ਚ ਇਹ ਪਹਿਲੀ ਵਾਰ ਹੋਵੇਗਾ, ਜਦੋਂ ਇਸ 'ਚ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਸੋਨ ਤਮਗਾ ਜੇਤੂ ਨੂੰ 1200 ਸਵਿਸ ਫ੍ਰੈਂਕ (ਲੱਗਭਗ 79 ਹਜ਼ਾਰ ਰੁਪਏ), ਚਾਂਦੀ ਤਮਗਾ ਜੇਤੂ ਨੂੰ 800 ਸਵਿਸ ਫ੍ਰੈਂਕ (ਲੱਗਭਗ 53 ਹਜ਼ਾਰ ਰੁਪਏ) ਤੇ ਕਾਂਸੀ ਤਮਗਾ ਜੇਤੂ ਨੂੰ 500 ਸਵਿਸ ਫ੍ਰੈਂਕ (ਲੱਗਭਗ 33 ਹਜ਼ਾਰ ਰੁਪਏ) ਮਿਲਣਗੇ। ਰਣਇੰਦਰ ਨੇ ਦੱਸਿਆ ਕਿ ਵਿਸ਼ਵ ਕੱਪ ਫਾਈਨਲ ਵਿਚ ਇਹ ਪਹਿਲੀ ਵਾਰ ਹੋਵੇਗਾ, ਜਦੋਂ ਤਿੰਨ ਮਿਕਸਡ ਟੀਮ ਤਮਗਾ ਪ੍ਰਤੀਯੋਗਿਤਾਵਾਂ ਦਾ ਆਯੋਜਨ ਕੀਤਾ ਜਾਵੇਗਾ। ਇਸ ਵਿਚ ਮਿਕਸਡ ਟੀਮ 10 ਮੀਟਰ ਏਅਰ ਰਾਈਫਲ, ਮਿਕਸਡ ਟੀਮ 10 ਮੀਟਰ ਏਅਰ ਪਿਸਟਲ ਤੇ ਮਿਕਸਡ ਟੀਮ ਟ੍ਰੈਪ ਪ੍ਰਤੀਯੋਗਿਤਾ ਸ਼ਾਮਲ ਹੈ। ਰਣਇੰਦਰ ਨਾਲ ਪੱਤਰਕਾਰ ਸੰਮੇਲਨ ਵਿਚ ਭਾਰਤੀ ਟੀਮ 'ਚ ਸ਼ਾਮਲ ਸਟਾਰ ਨਿਸ਼ਾਨੇਬਾਜ਼ ਜੀਤੂ ਰਾਏ ਤੇ ਹਿਨਾ ਸਿੱਧੂ ਵੀ ਮੌਜੂਦ ਸਨ। ਜੀਤੂ, ਹਿਨਾ ਤੇ ਹੋਰ ਨਿਸ਼ਾਨੇਬਾਜ਼ਾਂ ਨੇ ਟੂਰਨਾਮੈਂਟ ਵਿਚ ਚੰਗੇ ਪ੍ਰਦਰਸ਼ਨ ਦਾ ਭਰੋਸਾ ਪ੍ਰਗਟਾਇਆ।


Related News