''ਸਿਕਸਰ ਕਿੰਗ'' ਦੀ ਫਾਰਮ ਨੂੰ ਲੈ ਕੇ ਫ਼ਿਕਰਮੰਦ ਹੈ ਕੋਹਲੀ

06/26/2017 5:00:53 PM

ਪੋਰਟ ਆਫ ਸਪੇਨ— ਭਾਰਤ ਦੀਆਂ ਨਿਗਾਹਾਂ ਵੈਸਟਇੰਡੀਜ਼ ਨਾਲ ਹੋਣ ਵਾਲੇ ਤੀਜੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ 'ਚ ਯੁਵਰਾਜ ਸਿੰਘ ਦੀ ਫਾਰਮ ਤੇ ਮੌਸਮ 'ਤੇ ਟਿੱਕੀਆਂ ਰਹਿਣਗੀਆਂ। ਮੌਸਮ 'ਤੇ ਕਿਸੇ ਦਾ ਜ਼ੋਰ ਨਹੀਂ ਹੈ, ਪਰ ਵਿਰਾਟ ਕੋਹਲੀ ਜੇਕਰ ਕਿਸੇ ਖਿਡਾਰੀ ਦੀ ਫਾਰਮ ਤੋਂ ਫਿਕਰਮੰਦ ਹੋਣਗੇ ਤਾਂ ਉਹ ਯੁਵਰਾਜ ਸਿੰਘ ਹੈ ਜੋ ਪਿਛਲੇ ਕੁਝ ਮੈਚਾਂ ਤੋਂ ਵਧੀਆ ਪ੍ਰਰਦਸ਼ਨ ਨਹੀਂ ਕਰ ਪਾ ਰਿਹਾ। ਚੈਂਪੀਅਨਸ ਟਰਾਫੀ 'ਚ ਪਾਕਿਸਤਾਨ ਖ਼ਿਲਾਫ਼ ਅਰਧ ਸੈਂਕੜਾ ਜੜਨ ਮਗਰੋਂ ਉਸ ਨੇ ਸ੍ਰੀਲੰਕਾ ਖ਼ਿਲਾਫ਼ 7, ਦੱਖਣੀ ਅਫਰੀਕਾ ਖ਼ਿਲਾਫ਼ ਅਜੇਤੂ 23, ਪਾਕਿਸਤਾਨ ਖ਼ਿਲਾਫ਼ ਚੈਂਪੀਅਨਸ ਟਰਾਫੀ ਦੇ ਫਾਈਨਲ 'ਚ 22 ਅਤੇ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਇੱਕ ਰੋਜ਼ਾ ਮੈਚ 'ਚ ਚਾਰ  ਦੌੜਾਂ ਬਣਾਈਆਂ ਹਨ। ਯੁਵਰਾਜ ਦੇ ਹੁਨਰ ਤੇ ਤਜਰਬੇ 'ਤੇ ਕਿਸੇ ਨੂੰ ਸ਼ੱਕ ਨਹੀਂ, ਪਰ ਉਹ 35 ਸਾਲ ਤੋਂ ਵੱਧ ਉਮਰ ਦਾ ਹੋ ਗਿਆ ਹੈ ਅਤੇ ਲਾਜ਼ਮੀ ਤੌਰ 'ਤੇ ਉਮਰ ਉਸ 'ਤੇ ਹਾਵੀ ਹੋ ਰਹੀ ਹੈ। ਉਸ ਦੀ ਫੀਲਡਿੰਗ ਵੀ ਚੰਗੀ ਨਹੀਂ ਹੈ ਤੇ ਕਪਤਾਨ ਕੋਹਲੀ ਉਸ ਨੂੰ ਖੱਬੇ ਹੱਥ ਦੇ ਸਪਿੰਨਰ ਵਜੋਂ ਵਰਤਣ ਦੀ ਜ਼ਰੂਰਤ ਨਹੀਂ ਸਮਝਦਾ। ਸਾਬਕਾ ਭਾਰਤੀ ਕਪਤਾਨ ਤੇ ਅੰਡਰ-19 ਟੀਮ ਦੇ ਕੋਚ ਰਾਹੁਲ ਦ੍ਰਾਵਿੜ ਨੇ ਹਾਲ ਹੀ 'ਚ ਕਿਹਾ ਸੀ ਕਿ ਟੀਮ ਪ੍ਰਬੰਧਨ ਦੀ ਨੀਤੀ ਸਪੱਸ਼ਟ ਹੋਣੀ ਚਾਹੀਦੀ ਹੈ ਕਿ ਯੁਵਰਾਜ ਵਿਸ਼ਵ ਕੱਪ 2019 'ਚ ਖੇਡੇਗਾ ਜਾਂ ਨਹੀਂ। ਹੁਣ ਜਦਕਿ ਇਸ 'ਚ ਸਿਰਫ਼ ਦੋ ਸਾਲ ਬਚੇ ਹਨ ਤਾਂ ਕੋਹਲੀ ਨੂੰ ਯੁਵਰਾਜ ਬਾਰੇ ਜਲਦੀ ਹੀ ਕੁਝ ਫ਼ੈਸਲਾ ਕਰਨਾ ਪਵੇਗਾ।
ਖੱਬੇ ਹੱਥ ਦਾ ਇੱਕ ਹੋਰ ਧਮਾਕੇਦਾਰ ਬੱਲੇਬਾਜ਼ ਰਿਸ਼ਭ ਪੰਤ ਮੌਕੇ ਦੀ ਉਡੀਕ ਕਰ ਰਿਹਾ ਹੈ ਅਤੇ ਅਜਿਹੇ 'ਚ ਯੁਵਰਾਜ ਆਪਣੀ ਜਗ੍ਹਾ ਸੁਰੱਖਿਅਤ ਨਹੀਂ ਮੰਨ ਸਕਦਾ। ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜ਼ਖ਼ਮੀ ਮਨੀਸ਼ ਪਾਂਡੇ ਫਿਟ ਹੋ ਕੇ 50 ਓਵਰਾਂ ਦੇ ਮੈਚ 'ਚ ਫਿਰ ਤੋਂ ਖੁਦ ਨੂੰ ਸਾਬਤ ਕਰਨ 'ਚ ਕੋਈ ਕਸਰ ਨਹੀਂ ਛੱਡੇਗਾ।


Related News