ਅਮਰੀਕੀ ਓਪਨ ਗ੍ਰਾਂ ਪ੍ਰੀ ਦੇ ਫਾਈਨਲ ਵਿਚ ਕਸ਼ਯਪ ਅਤੇ ਪ੍ਰਣਯ ਹੋਣਗੇ ਆਹਮੋ-ਸਾਹਮਣੇ

07/23/2017 3:21:21 PM

ਅਨਾਹੀਮ (ਕੈਲੀਫੋਰਨੀਆ)— ਪੁਰਸ਼ ਬੈਡਮਿੰਟਨ ਵਿਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਜਿਸ ਕੜੀ 'ਚ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਪਾਰੁਪੱਲੀ ਕਸ਼ਯਪ ਨੇ ਇੱਥੇ 120000 ਡਾਲਰ ਇਨਾਮੀ ਅਮਰੀਕੀ ਓਪਨ ਗ੍ਰਾਂ ਪ੍ਰੀ ਗੋਲਡ ਦੇ ਫਾਈਨਲ ਵਿਚ ਜਗ੍ਹਾ ਬਣਾਈ ਜਿੱਥੇ ਉਸ ਦਾ ਸਾਹਮਣਾ ਹਮਵਤਨ ਐੱਚ.ਐੱਸ. ਪ੍ਰਣਯ ਨਾਲ ਹੋਵੇਗਾ। ਅਕਤੂਬਰ 2015 ਵਿਚ ਸੱਟ ਕਾਰਨ ਮੈਚ ਨੂੰ ਵਿਚਾਲਿਓਂ ਛੱਡਣ ਵਾਲੇ ਕਸ਼ਯਪ ਨੇ ਉਦੋਂ ਤੋਂ ਹੁਣ ਤੱਕ 21 ਮਹੀਨੇ ਵਿਚ ਪਹਿਲੀ ਵਾਰ ਕਿਸੇ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ ਹੈ। ਸੱਟਾਂ ਨਾਲ ਜੂਝਣ ਵਾਲੇ ਪ੍ਰਣਯ ਵੀ ਪਿਛਲੇ ਸਾਲ ਸਵਿਸ ਓਪਨ ਦਾ ਖਿਤਾਬ ਜਿੱਤਣ ਦੇ ਬਾਅਦ ਪਹਿਲੀ ਵਾਰ ਫਾਈਨਲ ਵਿਚ ਪਹੁੰਚੇ ਹਨ। ਕਸ਼ਯਪ ਨੇ ਇਕ ਘੰਟੇ ਅਤੇ 6 ਮਿੰਟ ਤੱਕ ਚਲੇ ਮੁਕਾਬਲੇ ਵਿਚ ਕੋਰੀਆ ਦੇ ਕਵਾਂਗ ਹੀ ਹੀਓ ਨੂੰ ਸਖਤ ਮੁਕਾਬਲੇ ਵਿਚ 15-21, 21-15, 21-16 ਨਾਲ ਹਰਾਇਆ। 

ਦੂਜੇ ਪਾਸੇ ਪ੍ਰਣਯ ਨੇ ਵੀਅਤਨਾਮ ਦੇ ਟਿਏਨ ਮਿਨਹ ਐਨਗੁਏਨ ਨੂੰ ਸਿੱਧੇ ਗੇਮ ਵਿਚ 21-14, 21-19 ਨਾਲ ਹਰਾਇਆ। ਮੌਜੂਦਾ ਸੈਸ਼ਨ ਵਿਚ ਇਹ ਦੂਜੀ ਵਾਰ ਹੈ ਜਦੋਂ ਕਿਸੇ ਕੌਮਾਂਤਰੀ ਪ੍ਰਤੀਯੋਗਿਤਾ ਦੇ ਫਾਈਨਲ ਵਿਚ 2 ਭਾਰਤੀ ਖਿਡਾਰੀ ਆਹਮੋ-ਸਾਹਮਣੇ ਹੋਣਗੇ। ਅਪ੍ਰੈਲ ਵਿਚ ਕੇ. ਸ਼੍ਰੀਕਾਂਤ ਅਤੇ ਬੀ ਸਾਈ ਪ੍ਰਣੀਤ ਨੇ ਸਿੰਗਾਪੁਰ ਓਪਨ ਦੇ ਫਾਈਨਲ ਵਿਚ ਜਗ੍ਹਾ ਬਣਾਈ ਸੀ ਜਿਸ ਵਿਚ ਪ੍ਰਣੀਤ ਨੇ ਆਪਣਾ ਪਹਿਲਾ ਸੁਪਰ ਸੀਰੀਜ਼ ਖਿਤਾਬ ਜਿੱਤਿਆ। ਮਨੂ ਅੱਤਰੀ ਅਤੇ ਬੀ ਸੁਮਿਤ ਰੇਡੀ ਦੀ ਜੋੜੀ ਨੂੰ ਹਾਲਾਂਕਿ ਸਖਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਲਿਊ ਚਿੰਗ ਯਾਓ ਅਤੇ ਯਾਂਗ ਪੋ ਹਾਨ ਦੀ ਚੋਟੀ ਦਾ ਦਰਜਾ ਪ੍ਰਾਪਤ ਜੋੜੀ ਦੇ ਖਿਲਾਫ 12-21, 21-12, 20-22 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।


Related News