ਜਾਪਾਨ ਤੋਂ ਵੀ ਹਾਰੀ ਭਾਰਤੀ ਮਹਿਲਾ ਹਾਕੀ ਟੀਮ

07/20/2017 6:55:58 PM

ਜੋਹਾਨਿਸਬਰਗ— ਭਾਰਤੀ ਮਹਿਲਾ ਹਾਕੀ ਟੀਮ ਨੂੰ ਇੱਥੇ ਚਲ ਰਹੇ ਹਾਕੀ ਵਰਲਡ ਲੀਗ ਸੈਮੀਫਾਈਨਲ 'ਚ ਪੰਜਵੇਂ ਅਤੇ ਅੱਠਵੇਂ ਸਥਾਨ ਦੇ ਮੁਕਾਬਲੇ 'ਚ ਜਾਪਾਨ ਦੇ ਹੱਥੋਂ 0-2 ਦੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਹੁਣ ਸਤਵੇਂ ਅਤੇ ਅੱਠਵੇਂ ਸਥਾਨ ਦੇ ਲਈ 22 ਜੁਲਾਈ ਨੂੰ ਖੇਡੇਗੀ। ਭਾਰਤੀ ਗੋਲਕੀਪਰ ਸਵਿਤਾ ਨੇ ਇਸ ਮੈਚ 'ਚ ਕਈ ਚੰਗੇ ਬਚਾਅ ਕੀਤੇ ਨਹੀਂ ਤਾਂ ਭਾਰਤ ਦੀ ਹਾਰ ਦਾ ਫਰਕ ਬਹੁਤ ਜ਼ਿਆਦਾ ਵੱਡਾ ਹੋ ਸਕਦਾ ਸੀ। ਜਾਪਾਨ ਨੇ ਇਹ ਮੁਕਾਬਲਾ ਜਿੱਤ ਕੇ ਅਗਲੇ ਸਾਲ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਦੇ ਲਈ ਆਪਣੀਆਂ ਸੰਭਾਵਨਾਵਾਂ ਮਜ਼ਬੂਤ ਕਰ ਲਈਆਂ ਹਨ।

ਜਾਪਾਨ ਨੇ ਸਤਵੇਂ ਮਿੰਟ 'ਚ ਆਪਣਾ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ ਜਿਸ 'ਤੇ ਕਾਨਾ ਨੋਮੂਰਾ ਨੇ ਗੋਲ ਦਾਗ ਦਿੱਤਾ। ਜਾਪਾਨ ਨੇ ਆਪਣਾ ਦੂਜਾ ਗੋਲ 29ਵੇਂ ਮਿੰਟ 'ਚ ਪੈਨਲਟੀ ਕਾਰਨਰ 'ਤੇ ਕੀਤਾ। ਨਾਹੋ ਇਚਿਤਾਨੀ ਨੇ ਇਹ ਗੋਲ ਦਾਗਿਆ। ਭਾਰਤ ਨੇ ਆਖਰੀ 15 ਮਿੰਟ 'ਚ ਕੁਝ ਮੌਕੇ ਬਣਾਏ ਪਰ ਵੰਦਨਾ, ਰਾਣੀ, ਰੇਣੁਕਾ ਯਾਦਵ ਅਤੇ ਗੁਰਜੀਤ ਕੌਰ ਇਨ੍ਹਾਂ ਮੌਕਿਆਂ ਦਾ ਲਾਹਾ ਨਹੀਂ ਲੈ ਸਕੀਆਂ। ਭਾਰਤ ਨੂੰ ਦੋ ਗੋਲਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ।


Related News