ਭਾਰਤੀ ਥ੍ਰੋਅਬਾਲ ਪੁਰਸ਼ ਤੇ ਮਹਿਲਾ ਟੀਮ ਨੇ ਪਹਿਲੀ ਵਾਰ ਸੋਨ ਤਮਗੇ ਜਿੱਤ ਕੇ ਰਚਿਆ ਇਤਿਹਾਸ

06/27/2017 3:43:29 PM

ਨਵੀਂ ਦਿੱਲੀ— ਭਾਰਤੀ ਥ੍ਰੋਅਬਾਲ ਪੁਰਸ਼ ਅਤੇ ਮਹਿਲਾ ਟੀਮ ਨੇ ਨੇਪਾਲ ਦੇ ਕਾਠਮਾਂਡੁ 'ਚ 15 ਤੋਂ 18 ਜੂਨ ਤੱਕ ਹੋਈਆਂ ਵਿਸ਼ਵ ਖੇਡਾਂ 'ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਪੁਰਸ਼ ਅਤੇ ਮਹਿਲਾ ਥ੍ਰੋਅਬਾਲ ਟੀਮ ਨੇ ਪਹਿਲੀ ਵਾਰੀ ਇਨ੍ਹਾਂ ਖੇਡਾਂ 'ਚ ਹਿੱਸਾ ਲਿਆ ਸੀ, ਜਿੱਥੇ ਉਨ੍ਹਾਂ ਨੇ ਸੋਨ ਤਮਗਾ ਆਪਣੇ ਨਾਂ ਕੀਤਾ। ਭਾਰਤੀ ਖਿਡਾਰੀ ਸੋਮਵਾਰ ਨੂੰ ਇਨ੍ਹਾਂ ਖੇਡਾਂ 'ਚ ਹਿੱਸਾ ਲੈਣ ਤੋਂ ਬਾਅਦ ਸਵਦੇਸ਼ ਵਾਪਸ ਪਰਤੇ ਹਨ। ਅੰਤਰਾਸ਼ਟਰੀ ਸਪੋਰਟਸ ਪਰੀਸ਼ਦ (ਕੈਨੇਡਾ) ਵਲੋ ਆਯੋਜਿਤ ਇਨ੍ਹਾਂ ਵਿਸ਼ਵ ਖੇਡਾਂ 'ਚ ਵੱਖ-ਵੱਖ ਦੇਸ਼ਾਂ ਦੇ ਵੱਖ 42 ਖੇਡ ਆਯੋਜਿਤ ਕੀਤੇ ਗਏ ਸਨ, ਜਿਸ 'ਚ ਕੁਸ਼ਤੀ, ਬੈਡਮਿੰਟਨ, ਐਥਲੇਟਿਕਸ, ਫੁੱਟਬਾਲ, ਕਬੱਡੀ ਆਦਿ ਪ੍ਰਮੁੱਖ ਹਨ।
ਥ੍ਰੋਅਬਾਲ ਫੈਡਰੇਸ਼ਨ ਆਫ ਇੰਡੀਆ ਦੇ ਮੁੱਖ ਸਕੱਤਰ ਨਰੇਸ਼ ਮਾਨ ਨੇ ਕਿਹਾ ਕਿ ਮੈਂ ਸੋਨ ਤਮਗਾ ਜਿੱਤਣ 'ਤੇ ਭਾਰਤੀ ਪੁਰਸ਼ ਅਤੇ ਮਹਿਲਾ ਟੀਮ ਨੂੰ ਵਧਾਈ ਦਿੰਦਾ ਹਾਂ। ਇਨ੍ਹਾਂ ਖਿਡਾਰੀਆਂ ਨੇ ਵਿਸ਼ਵ ਗੇਮਜ਼ 'ਚ ਤਮਗੇ ਜਿੱਤਣ ਲਈ ਪਿਛਲੇ ਸਾਲਾਂ 'ਚ ਸਖ਼ਤ ਮਿਹਨਤ ਕੀਤੀ ਸੀ। ਮੈਨੂੰ ਉਮੀਦ ਹੈ ਖਿਡਾਰੀ ਅੱਗੇ ਵੀ ਭਾਰਤ ਦਾ ਨਾਂ ਚਮਕਾਉਂਦੇ ਰਹਿਣਗੇ।
ਭਾਰਤੀ ਪੁਰਸ਼ ਟੀਮ ਨੇ ਸੈਮੀਫਾਈਨਲ 'ਚ ਮਲੇਸ਼ੀਆ ਨੂੰ 15-09, 15-10 ਦੇ ਸਕੋਰ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ। ਇਸ ਤੋਂ ਬਾਅਦ ਭਾਰਤੀ ਟੀਮ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਫਾਈਨਲ 'ਚ ਬੰਗਲਾਦੇਸ਼ ਨੂੰ 15-13, 15-12 ਦੇ ਸਕੋਰ ਨਾਲ ਰੋਮਾਂਚਕ ਮੁਕਾਬਲੇ 'ਚ ਹਰਾ ਕੇ ਸੋਨ ਤਮਗਾ ਜਿੱਤਿਆ। ਉਥੇ ਭਾਰਤੀ ਮਹਿਲਾ ਟੀਮ ਸੈਮੀਫਾਈਨਲ 'ਚ ਮਲੇਸ਼ੀਆ ਨੂੰ 15-10, 15-11 ਨਾਲ ਹਰਾ ਕੇ ਫਾਈਨਲ 'ਚ ਪਹੁੰਚੀ। ਫਿਰ ਫਾਈਨਲ 'ਚ ਭਾਰਤੀ ਲੜਕੀਆਂ ਨੇ ਵਿਰੋਧੀ ਮੁਕਾਬਲੇਬਾਜ਼ ਪਾਕਿਸਤਾਨ ਨੂੰ 15-13, 15-12 ਨਾਲ ਮਾਤ ਦੇ ਕੇ ਸੋਨ ਤਮਗਾ ਆਪਣੇ ਨਾਂ ਕੀਤਾ।

 


Related News