ਤੀਰਅੰਦਾਜ਼ੀ ਸੰਘ ਨੇ ਕਥਿਤ ਬਦਸਲੂਕੀ ਲਈ ਭਾਰਤੀ ਕੋਚ ਨੂੰ ਮੁਅੱਤਲ ਕੀਤਾ

10/18/2017 4:27:39 PM

ਕੋਲਕਾਤਾ, (ਬਿਊਰੋ)— ਭਾਰਤ ਦੇ ਕੰਪਾਊਂਡ ਤੀਰਅੰਦਾਜ਼ੀ ਕੋਚ ਸੁਨੀਲ ਕੁਮਾਰ ਨੂੰ ਭਾਰਤੀ ਤੀਰਅੰਦਾਜ਼ੀ ਸੰਘ ਨੇ ਅਰਜਨਟੀਨਾ 'ਚ ਯੁਵਾ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੇ ਦੌਰਾਨ ਬ੍ਰਿਟੇਨ ਦੀ ਟੀਮ ਦੀ ਇਕ ਮਹਿਲਾ ਮੈਂਬਰ ਦੇ ਨਾਲ ਕਥਿਤ ਬਦਸਲੂਕੀ ਦੇ ਮਾਮਲੇ 'ਚ ਮੁਅੱਤਲ ਕਰ ਦਿੱਤਾ ਹੈ। ਇਹ ਘਟਨਾ ਅਧਿਕਾਰਤ ਅਭਿਆਸ ਸੈਸ਼ਨ ਦੇ ਦੌਰਾਨ ਦੀ ਹੈ। ਭਾਰਤ ਨੇ ਜੂਨੀਅਰ ਵਰਗ 'ਚ ਰਿਕਰਵ ਮਿਕਸਡ 'ਚ ਸੋਨ ਤਮਗੇ ਸਮੇਤ ਤਿੰਨ ਤਮਗੇ ਜਿੱਤੇ ਸਨ।

ਹਰਿਆਣਾ ਦੇ ਕੋਚ ਨੇ ਬ੍ਰਿਟੇਨ ਦੀ ਟੀਮ ਦੀ ਇਕ ਮਹਿਲਾ ਮੈਂਬਰ ਨੂੰ ਕਥਿਤ ਤੌਰ 'ਤੇ ਗਲੇ ਨਾਲ ਲਗਾ ਲਿਆ ਸੀ। ਉਨ੍ਹਾਂ ਨੂੰ ਇਸ ਵਿਵਹਾਰ ਦੇ ਕਾਰਨ ਤੁਰੰਤ ਭਾਰਤ ਭੇਜ ਦਿੱਤਾ ਗਿਆ। ਏ.ਏ.ਆਈ. ਜਨਰਲ ਸਕੱਤਰ ਅਨਿਲ ਕਾਮੀਨੇਨੀ ਨੇ ਕਿਹਾ, ''ਵਿਸ਼ਵ ਤੀਰਅੰਦਾਜ਼ੀ ਦਾ ਇਕ ਜ਼ਾਬਤਾ ਹੈ ਅਤੇ ਰਿਪੋਰਟ ਦੇ ਆਧਾਰ 'ਤੇ ਅਸੀਂ ਕੋਚ ਨੂੰ ਮੁਅੱਤਲ ਕਰ ਦਿੱਤਾ ਹੈ। ਅਸੀਂ ਕੌਮਾਂਤਰੀ ਮਹਾਸੰਘ ਅਤੇ ਬ੍ਰਿਟੇਨ ਦੀ ਟੀਮ ਤੋਂ ਰਿਪੋਰਟ ਮੰਗੀ ਹੈ।'' ਰਿਪੋਰਟ ਦੇ ਆਧਾਰ 'ਤੇ ਏ.ਏ.ਆਈ. ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕੋਚ ਦੇ ਖਿਲਾਫ ਕਾਰਵਾਈ ਕੀਤੀ ਹੈ।


Related News