ਭਾਰਤ ਨੂੰ ਮਲੇਸ਼ੀਆ ਖਿਲਾਫ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ

06/21/2017 3:34:37 PM

ਲੰਡਨ— ਨੀਦਰਲੈਂਡ ਦੇ ਖਿਲਾਫ ਹਾਰ ਝੱਲਣ ਵਾਲੇ ਭਾਰਤ ਨੂੰ ਵੀਰਵਾਰ ਨੂੰ ਇੱਥੇ ਹਾਕੀ ਵਿਸ਼ਵ ਲੀਗ ਸੈਮੀਫਾਈਨਲ 'ਚ ਮਲੇਸ਼ੀਆ ਦੇ ਖਿਲਾਫ ਹੋਣ ਵਾਲੇ ਕੁਆਰਟਰਫਾਈਨਲ 'ਚ ਪਿਛਲੇ ਮੈਚ ਦੀਆਂ ਗਲਤੀਆਂ 'ਚ ਸੁਧਾਰ ਕਰਕੇ ਇਕਜੁੱਟ ਪ੍ਰਦਰਸ਼ਨ ਕਰਨਾ ਹੋਵੇਗਾ। ਸਕਾਟਲੈਂਡ, ਕੈਨੇਡਾ ਅਤੇ ਪਾਕਿਸਤਾਨ ਦੇ ਖਿਲਾਫ ਪਹਿਲੇ ਤਿੰਨ ਮੈਚਾਂ 'ਚ ਜਿੱਤ ਦਰਜ ਕਰਨ ਵਾਲੇ ਭਾਰਤ ਨੇ ਨੀਦਰਲੈਂਡ ਦੇ ਖਿਲਾਫ ਕਈ ਮੌਕੇ ਗੁਆਏ ਅਤੇ ਉਸ ਨੂੰ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜੋ ਟੂਰਨਾਮੈਂਟ 'ਚ ਉਸ ਦੀ ਪਹਿਲੀ ਹਾਰ ਸੀ। ਇਸ ਹਾਰ ਦੇ ਬਾਅਦ ਭਾਰਤ ਗਰੁੱਪ ਬੀ 'ਚ ਨੀਦਰਲੈਂਡ ਦੇ ਬਾਅਦ ਦੂਜੇ ਸਥਾਨ 'ਤੇ ਰਿਹਾ। ਨੀਦਰਲੈਂਡ ਨੇ ਆਪਣੇ ਸਾਰੇ ਮੈਚ ਜਿੱਤੇ ਹਨ। ਨੀਦਰਲੈਂਡ ਦੇ ਖਿਲਾਫ ਭਾਰਤ ਨੇ ਗੋਲ ਕਰਨ ਦੇ ਕਈ ਮੌਕੇ ਗੁਆਏ ਜਦਕਿ ਕੁਝ ਮੌਕਿਆਂ 'ਤੇ ਵਿਰੋਧੀ ਟੀਮ ਕਾਫੀ ਆਸਾਨੀ ਨਾਲ ਗੋਲ ਕਰਨ 'ਚ ਸਫਲ ਰਹੀ।  

ਫਾਰਮ ਅਤੇ ਰੈਂਕਿੰਗ ਦੇ ਲਿਹਾਜ਼ ਨਾਲ ਦੁਨੀਆ ਦੀ ਛੇਵੇਂ ਨੰਬਰ ਦੀ ਟੀਮ ਭਾਰਤ ਵੀਰਵਾਰ ਦੇ ਮੈਚ 'ਚ ਦੁਨੀਆ ਦੀ 14ਵੇਂ ਨੰਬਰ ਦੀ ਟੀਮ ਮਲੇਸ਼ੀਆ ਦੇ ਖਿਲਾਫ ਜਿੱਤ ਦੀ ਮਜ਼ਬੂਤ ਦਾਅਵੇਦਾਰ ਹੈ। ਸਟ੍ਰਾਈਕਰ ਆਕਾਸ਼ਦੀਪ ਸਿੰਘ ਬਿਹਤਰੀਨ ਫਾਰਮ 'ਚ ਹਨ ਅਤੇ ਉਨ੍ਹਾਂ ਨੇ ਟੂਰਨਾਮੈਂਟ 'ਚ ਕੁਝ ਸ਼ਾਨਦਾਰ ਗੋਲ ਕੀਤੇ ਹਨ। ਉਨ੍ਹਾਂ ਨੂੰ ਐੱਸ. ਵੀ. ਸੁਨੀਲ, ਤਾਲਵਿੰਦਰ ਸਿੰਘ ਅਤੇ ਮਨਦੀਪ ਸਿੰਘ ਜਿਹੇ ਖਿਡਾਰੀਆਂ ਦਾ ਚੰਗਾ ਸਾਥ ਮਿਲੇਗਾ। ਮਿਡਫੀਲਡ 'ਚ ਜ਼ਿੰਮੇਦਾਰੀ ਇਕ ਵਾਰ ਫਿਰ ਸਰਦਾਰ ਸਿੰਘ ਦੇ ਮੋਢਿਆਂ 'ਤੇ ਹੋਵੇਗੀ ਜਦਕਿ ਉਨ੍ਹਾਂ ਨੂੰ ਕਪਤਾਨ ਮਨਪ੍ਰੀਤ ਸਿੰਘ ਦਾ ਚੰਗਾ ਸਾਥ ਮਿਲੇਗਾ। ਇਨ੍ਹਾਂ ਦੋਹਾਂ ਨੂੰ ਹਾਲਾਂਕਿ ਵੱਧ ਜ਼ਿੰਮੇਵਾਰੀ ਲੈਣੀ ਹੋਵੇਗੀ ਕਿਉਂਕਿ ਇਕ ਹਾਰ ਟੀਮ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦੇਵੇਗੀ।


Related News