ਫੀਫਾ ਅੰਡਰ-17 ਵਿਸ਼ਵ ਕੱਪ : ਭਾਰਤ ਜਿੱਤ ਨਾਲ ਖਤਮ ਕਰੇਗਾ ਮੁਹਿੰਮ!

10/12/2017 9:15:17 PM

ਨਵੀਂ ਦਿੱਲੀ— ਮੇਜ਼ਬਾਨ ਭਾਰਤ ਫੀਫਾ ਅੰਡਰ-17 ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਆਪਣੇ ਗਰੁੱਪ-ਏ ਦੇ ਆਖਰੀ ਮੈਚ 'ਚ ਵੀਰਵਾਰ ਨੂੰ ਜਦੋਂ ਘਾਨਾ ਵਿਰੁੱਧ ਖੇਡਣ ਉਤਰੇਗਾ ਤਾਂ ਉਸ ਦਾ ਇਕਲੌਤਾ ਟੀਚਾ 'ਇਕ-ਅੱਧੀ' ਜਿੱਤ ਹਾਸਲ ਕਰਨਾ ਹੋਵੇਗਾ, ਜਦਕਿ ਘਾਨਾ ਦੀਆਂ ਨਜ਼ਰਾਂ ਇਸ ਮੈਚ ਨੂੰ ਜਿੱਤ ਕੇ ਨਾਕਆਊਟ ਦੌਰ 'ਚ ਪਹੁੰਚਣ 'ਤੇ ਲੱਗੀਆਂ ਹੋਣਗੀਆਂ।
ਭਾਰਤ ਨੇ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਵਿਚ ਖੇਡਦੇ ਹੋਏ ਹੁਣ ਤਕ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ ਹੈ। ਭਾਰਤ ਨੂੰ ਹਾਲਾਂਕਿ ਆਪਣੇ ਪਹਿਲੇ ਮੈਚ 'ਚ ਅਮਰੀਕਾ ਹੱਥੋਂ 0-3 ਨਾਲ ਹਾਰ ਝੱਲਣੀ ਪਈ ਸੀ ਪਰ ਉਸ ਨੇ ਦੂਜੇ ਮੈਚ 'ਚ ਸੰਘਰਸ਼ਪੂਰਨ ਖੇਡ ਦਿਖਾਉਂਦਿਆਂ ਕੋਲੰਬੀਆ ਤੋਂ 1-2 ਨਾਲ ਹਾਰ ਝੱਲੀ ਸੀ।
ਜੈਕਸਨ ਸਿੰਘ ਨੇ ਕੋਲੰਬੀਆ ਵਿਰੁੱਧ ਦੂਜੇ ਹਾਫ ਵਿਚ ਭਾਰਤ ਲਈ ਬਰਾਬਰੀ ਦਾ ਗੋਲ ਕੀਤਾ ਸੀ, ਹਾਲਾਂਕਿ ਅਗਲੇ ਹੀ ਮਿੰਟ ਵਿਚ ਕੋਲੰਬੀਆ ਨੇ ਜਵਾਬੀ ਕਾਰਵਾਈ ਕਰਦਿਆਂ ਮੈਚ ਜੇਤੂ ਗੋਲ ਕਰ ਦਿੱਤਾ ਸੀ। ਇਸ ਮੈਚ ਵਿਚ ਭਾਰਤ ਦਾ ਪ੍ਰਦਰਸ਼ਨ ਹਰ ਲਿਹਾਜ਼ ਨਾਲ ਸ਼ਲਾਘਾਯੋਗ ਰਿਹਾ ਸੀ ਤੇ ਇਸ ਪ੍ਰਦਰਸ਼ਨ ਦੀ ਚਾਰੇ ਪਾਸਿਓਂ ਤਾਰੀਫ ਹੋਈ ਸੀ। ਭਾਰਤ ਗਰੁੱਪ ਵਿਚ ਹਾਲਾਂਕਿ ਸਭ ਤੋਂ ਹੇਠਾਂ ਹੈ ਤੇ ਉਹ ਆਖਰੀ ਮੈਚ 'ਚ ਘਾਨਾ ਦਾ ਸਮੀਕਰਨ ਵਿਗਾੜ ਵੀ ਸਕਦਾ ਹੈ। ਘਾਨਾ ਬੇਸ਼ੱਕ ਮਜ਼ਬੂਤ ਟੀਮ ਹੈ ਪਰ ਕੋਲੰਬੀਆ ਵਿਰੁੱਧ ਪ੍ਰਦਰਸ਼ਨ ਨੂੰ ਦੇਖਦੇ ਹੋਏ ਭਾਰਤ ਨੂੰ ਹਲਕੇ ਵਿਚ ਵੀ ਨਹੀਂ ਲਿਆ ਜਾ ਸਕਦਾ। ਘਾਨਾ ਨੂੰ ਨਾਕਆਊਟ ਦੌਰ 'ਚ ਪਹੁੰਚਣ ਲਈ ਭਾਰਤ 'ਤੇ ਜਿੱਤ ਹਾਸਲ ਕਰਨੀ ਪਵੇਗੀ। 
ਘਾਨਾ ਤੇ ਕੋਲੰਬੀਆ ਦੋਵਾਂ ਦੇ ਇਕ ਬਰਾਬਰ 3-3 ਅੰਕ ਹਨ ਪਰ ਬਿਹਤਰ ਗੋਲ ਔਸਤ ਦੇ ਆਧਾਰ 'ਤੇ ਕੋਲੰਬੀਆ ਦੂਜੇ ਤੇ ਘਾਨਾ ਤੀਜੇ ਸਥਾਨ 'ਤੇ ਹੈ। ਇਸ ਗਰੁੱਪ ਤੋਂ ਅਮਰੀਕਾ ਦੀ ਟੀਮ ਛੇ ਅੰਕਾਂ ਨਾਲ ਨਾਕਆਊਟ ਦੌਰ ਵਿਚ ਪਹੁੰਚ ਚੁੱਕੀ ਹੈ। ਕੋਲੰਬੀਆ ਦਾ ਆਖਰੀ ਮੈਚ ਨਵੀ ਮੁੰਬਈ ਦੇ ਡੀ. ਵਾਈ ਪਾਟਿਲ ਸਟੇਡੀਅਮ 'ਚ ਅਮਰੀਕਾ ਨਾਲ ਹੋਣਾ ਹੈ। ਕੋਲੰਬੀਆ ਨੂੰ ਨਾਕਆਊਟ ਦੌਰ 'ਚ ਪਹੁੰਚਣ ਲਈ ਜਿੱਤ ਹਾਸਲ ਕਰਨੀ ਜ਼ਰੂਰੀ ਹੈ।
ਘਾਨਾ ਦੇ ਮੁੱਖ ਕੋਚ ਸੈਮੁਅਲ ਫੈਬਿਨ ਨੇ ਕਿਹਾ ਕਿ ਉਸ ਦੀ ਟੀਮ ਲਈ ਮੇਜ਼ਬਾਨ ਭਾਰਤ ਵਿਰੁੱਧ ਮੈਚ ਮਹੱਤਵਪੂਰਨ ਹੋ ਗਿਆ ਹੈ। ਘਾਨਾ ਨੇ ਆਪਣੇ ਪਹਿਲੇ ਮੈਚ ਵਿਚ ਕੋਲੰਬੀਆ ਨੂੰ 1-0 ਨਾਲ ਹਰਾਇਆ ਸੀ ਪਰ ਫਿਰ ਉਸ ਨੂੰ ਅਮਰੀਕਾ ਹੱਥੋਂ ਹਾਰ ਝੱਲਣੀ ਪਈ ਸੀ। ਕੋਚ ਨੇ ਕਿਹਾ, ''ਜੇਕਰ ਅਸੀਂ ਅਗਲੇ ਰਾਊਂਡ 'ਚ ਪਹੁੰਚਣਾ ਹੈ ਤਾਂ ਸਾਨੂੰ ਭਾਰਤ ਵਿਰੁੱਧ ਜਿੱਤ ਹਾਸਲ ਕਰਨੀ ਪਵੇਗੀ। ਭਾਰਤੀ ਟੀਮ ਕਾਫੀ ਚੰਗੀ ਹੈ ਤੇ ਇਸ ਗੱਲ ਨੂੰ ਉਸ ਨੇ ਕੋਲੰਬੀਆ ਵਿਰੁੱਧ ਮੈਚ 'ਚ ਸਾਬਤ ਕੀਤਾ ਸੀ।''
ਭਾਰਤ ਦੇ ਪ੍ਰਦਰਸ਼ਨ ਤੋਂ ਇਕ ਗੱਲ ਤਾਂ ਸਾਬਤ ਹੋ ਗਈ ਹੈ ਕਿ ਦੂਜੀਆਂ ਟੀਮਾਂ ਹੁਣ ਉਸ ਦੇ ਪ੍ਰਦਰਸ਼ਨ 'ਤੇ ਨਜ਼ਰ ਰੱਖਣ ਲੱਗੀਆਂ ਹਨ। ਭਾਰਤੀ ਗੋਲਕੀਪਰ ਧੀਰਜ ਤੇ ਕੋਲੰਬੀਆ ਵਿਰੁੱਧ  ਗੋਲ ਕਰਨ ਵਾਲੇ ਜੈਕਸਨ ਦੇ ਨਾਂ ਰਾਤੋ-ਰਾਤ ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਗਏ ਹਨ। ਭਾਰਤ ਕੋਲੰਬੀਆ ਤੋਂ ਇਕ ਅੰਕ ਲੈ ਸਕਦਾ ਸੀ, ਜੇਕਰ ਉਸ ਨੇ ਬਰਾਬਰੀ ਦਾ ਗੋਲ ਕਰਨ ਤੋਂ ਬਾਅਦ ਆਪਣੇ ਡਿਫੈਂਸ ਨੂੰ ਮਜ਼ਬੂਤੀ ਦਿੱਤੀ ਹੁੰੰਦੀ। ਭਾਰਤ ਨੂੰ ਅਮਰੀਕਾ ਵਿਰੁੱਧ ਤੀਜਾ ਗੋਲ ਵੀ ਇਸੇ ਤਰ੍ਹਾਂ ਡਿਫੈਂਸ ਦੀ ਗਲਤੀ ਨਾਲ ਦੇਣਾ ਪਿਆ ਸੀ। 
ਭਾਰਤ ਜੇਕਰ ਇਨ੍ਹਾਂ ਗਲਤੀਆਂ ਤੋਂ ਬਚਦਾ ਹੈ ਤਾਂ ਉਹ ਘਾਨਾ ਵਿਰੁੱਧ ਮੈਚ ਜਿੱਤਣ ਦਾ ਚਮਤਕਾਰ ਕਰ ਸਕਦਾ ਹੈ, ਜਿਸ ਦਾ ਪਿਛਲੇ ਦੋ ਮੈਚਾਂ ਵਿਚ ਪ੍ਰਦਰਸ਼ਨ ਵੱਕਾਰ ਦੇ ਅਨੁਸਾਰ ਨਹੀਂ ਰਿਹਾ ਸੀ। ਘਾਨਾ ਵਿਰੁੱਧ 'ਇਕ-ਅੱਧੀ' ਜਿੱਤ ਭਾਰਤੀ ਫੁੱਟਬਾਲ ਨੂੰ ਨਵੀਆਂ ਉਚਾਈਆਂ 'ਤੇ ਲਿਜਾ ਸਕਦੀ ਹੈ।


Related News