ਭਾਰਤ ਦਾ ਸੁਪਨਾ ਟੁੱਟਿਆ, ਅਰਜਨਟੀਨਾ ਪਹੁੰਚਿਆ ਵਿਸ਼ਵ ਹਾਕੀ ਲੀਗ ਦੇ ਫਾਈਨਲ 'ਚ

12/09/2017 2:32:35 AM

ਭੁਵਨੇਸ਼ਵਰ— ਓਲੰਪਿਕ ਚੈਂਪੀਅਨ ਤੇ ਨੰਬਰ ਇਕ ਟੀਮ ਅਰਜਨਟੀਨਾ ਨੇ ਮੇਜ਼ਬਾਨ ਭਾਰਤ ਦੀ ਸਖਤ ਚੁਣੌਤੀ 'ਤੇ ਸ਼ੁੱਕਰਵਾਰ ਨੂੰ 1-0 ਨਾਲ ਕਾਬੂ ਪਾਉਂਦਿਆਂ ਪਹਿਲੀ ਵਾਰ ਐੱਫ. ਆਈ. ਐੱਚ. ਹਾਕੀ ਵਰਲਡ ਲੀਗ ਫਾਈਨਲਸ ਦੇ ਖਿਤਾਬੀ ਮੁਕਾਬਲੇ ਵਿਚ ਜਗ੍ਹਾ ਹਾਸਲ ਕਰ ਲਈ। ਇੱਥੇ ਕਲਿੰਗਾ ਸਟੇਡੀਅਮ ਵਿਚ ਲਗਾਤਾਰ ਪੈਂਦੇ ਰਹੇ ਮੀਂਹ ਵਿਚਾਲੇ ਖੇਡੇ ਗਏ ਸੈਮੀਫਾਈਨਲ ਦਾ ਇਕਲੌਤਾ ਮਹੱਤਵਪੂਰਨ ਗੋਲ ਡ੍ਰੈਗ ਫਿਲਕਰ ਗੁੰਜਾਲੋ ਪੀਲੇਟ ਨੇ 17ਵੇਂ ਮਿੰਟ ਵਿਚ ਪੈਨਲਟੀ ਕਾਰਨਰ 'ਤੇ ਕੀਤਾ। ਅਰਜਨਟੀਨਾ ਦਾ ਐਤਵਾਰ  ਹੋਣ ਵਾਲੇ ਫਾਈਨਲ ਵਿਚ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਤੇ ਜਰਮਨੀ ਦੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਮੁਕਾਬਲਾ ਹੋਵੇਗਾ।
ਭਾਰਤੀ ਹੁਣ ਕਾਂਸੀ ਤਮਗੇ ਲਈ ਖੇਡੇਗੀ।
ਤੀਜੇ ਨੰਬਰ ਦੀ ਟੀਮ ਭਾਰਤ ਤੇ ਨੰਬਰ ਇਕ ਟੀਮ ਅਰਜਨਟੀਨਾ ਨੂੰ ਲਗਾਤਾਰ ਪੈ ਰਹੇ ਮੀਂਹ ਵਿਚਾਲੇ ਇਹ ਮੁਕਾਬਲਾ ਖੇਡਣਾ ਪਿਆ। ਫਰਸ਼ 'ਤੇ ਜ਼ਿਆਦਾ ਪਾਣੀ ਹੋਣ ਨਾਲ ਨਾ ਸਿਰਫ ਮੈਚ ਦੀ ਗਤੀ ਪ੍ਰਭਾਵਿਤ ਹੋਈ ਸਗੋਂ ਭਾਰਤ ਦੀ ਖੇਡ 'ਤੇ ਵੀ ਇਸ ਦਾ ਅਸਰ ਪਿਆ। ਪਹਿਲੇ ਦੋ ਕੁਆਰਟਰ ਵਿਚ ਤਾਂ ਭਾਰਤੀ ਖਿਡਾਰੀ ਕਿਤੇ ਮੁਕਾਬਲੇ ਵਿਚ ਨਹੀਂ ਸਨ ਪਰ ਤੀਜੇ ਕੁਆਰਟਰ ਵਿਚ ਉਨ੍ਹਾਂ ਨੇ ਰਣਨੀਤੀ ਬਦਲੀ ਤੇ ਲੰਬੇ ਤੇ ਉੱਚਾ ਸਾਹਾਂ ਦਾ ਸਹਾਰਾ ਲਿਆ। ਆਖਰੀ ਕੁਆਰਟਰ ਵਿਚ ਤਾਂ ਭਾਰਤ ਨੇ ਬਰਾਬਰੀ ਦਾ ਗੋਲ ਹਾਸਲ ਕਰਨ ਲਈ ਆਪਣਾ ਸਭ ਕੁਝ ਲਗਾ ਦਿੱਤਾ। ਇੱਥੋਂ ਤਕ ਕਿ ਗੋਲਕੀਪਰ ਆਕਾਸ਼ ਚਿਕਤੇ ਆਪਣੇ ਪੈਡ ਤੇ ਦਸਤਾਨੇ ਉਤਾਰ ਕੇ ਵੀ ਅੱਗੇ ਵਧ ਕੇ ਖੇਡਣ ਲੱਗਾ ਤੇ ਪਿੱਛੇ ਪੂਰਾ ਗੋਲ ਖੁੱਲ੍ਹਾ ਛੱਡ ਦਿੱਤਾ।
ਮੈਚ ਵਿਚ ਇਕ ਮਿੰਟ ਬਾਕੀ ਰਹਿੰਦਿਆਂ ਅਰਜਨਟੀਨਾ ਦੇ ਮਕਾਯਸ ਕੇਰੇਡੇ ਦੇ ਸਾਹਮਣੇ ਖੁੱਲ੍ਹਾ ਗੋਲ ਪਿਆ ਸੀ ਪਰ ਉਹ ਗੇਂਦ ਨੂੰ ਗੋਲ ਦੇ ਸਾਈਡ 'ਤੇ ਮਾਰ ਬੈਠਾ। ਅਰਜਨਟੀਨਾ ਲਈ ਗੋਲ ਦੀ ਬੜ੍ਹਤ ਕਾਫੀ ਰਹੀ, ਜਿਸ ਨੇ ਉਸ ਨੂੰ ਪਹਿਲੀ ਵਾਰ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚਾ ਦਿੱਤਾ। ਭਾਰਤ ਨੇ ਮੈਚ ਦੇ 36ਵੇਂ ਮਿੰਟ ਵਿਚ ਲਗਾਤਾਰ ਦੋ ਪੈਨਲਟੀ ਕਾਰਨਰ ਗੁਆਏ, ਜਿਸ ਦਾ ਅੰਤ ਵਿਚ ਉਸ ਨੂੰ ਖਮਿਆਜ਼ਾ ਭੁਗਤਣਾ ਪਿਆ।   ਤੀਜੇ ਕੁਆਰਟਰ ਨੂੰ ਛੱਡ ਦਿੱਤਾ ਜਾਵੇ ਤਾਂ ਭਾਰਤੀ ਖਿਡਾਰੀ ਉਸ ਲੈਅ ਵਿਚ ਨਹੀਂ ਸਨ, ਜਿਸ ਦੇ ਦਮ 'ਤੇ ਉਨ੍ਹਾਂ ਨੇ ਕੁਆਰਟਰ ਫਾਈਨਲ ਵਿਚ ਬੈਲਜੀਅਮ ਨੂੰ ਹਰਾਇਆ ਸੀ। ਮੈਦਾਨ ਦਾ ਜ਼ਿਆਦਾ ਗਿੱਲਾ ਹੋਣਾ ਭਾਰਤੀਆਂ ਦੇ ਰਸਤੇ ਦਾ ਅੜਿੱਕਾ ਬਣਿਆ। ਦਿਨ ਦੇ ਇਕ ਹੋਰ ਮੁਕਾਬਲੇ ਵਿਚ ਯੂਰਪੀਅਨ ਚੈਂਪੀਅਨ ਨੀਦਰਲੈਂਡ ਨੇ ਹਾਕੀ ਵਰਲਡ ਲੀਗ ਫਾਈਨਲਸ ਦੇ ਕਲਾਸੀਫਿਕੇਸ਼ਨ ਮੈਚ ਵਿਚ ਇੰਗਲੈਂਡ ਨੂੰ 1-0 ਨਾਲ ਹਰਾਇਆ।


Related News