ਭਾਰਤ ਦੀ ਸ਼ਾਨਦਾਰ ਬੱਲੇਬਾਜ਼ੀ, ਅਭਿਆਸ ਮੈਚ ਡਰਾਅ

07/23/2017 4:04:06 AM

ਕੋਲੰਬੋ— ਭਾਰਤੀ ਕਪਤਾਨ ਵਿਰਾਟ ਕੋਹਲੀ (53 ਦੌੜਾਂ), ਲੋਕੇਸ਼ ਰਾਹੁਲ (54), ਰੋਹਿਤ ਸ਼ਰਮਾ (38) ਤੇ ਸ਼ਿਖਰ ਧਵਨ (41) ਨੇ ਸ਼੍ਰੀਲੰਕਾ ਦੇ ਖਿਲਾਫ 26 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਟੈਸਟ ਸੀਰੀਜ਼ ਤੋਂ ਪਹਿਲਾਂ ਸ਼੍ਰੀਲੰਕਾ ਬੋਰਡ ਇਲੈਵਨ ਖਿਲਾਫ ਅਭਿਆਸ ਮੈਚ ਦੇ ਦੂਸਰੇ ਅਤੇ ਆਖਿਰੀ ਦਿਨ ਸ਼ਨੀਵਾਰ ਚੰਗੀ ਬੱਲੇਬਾਜ਼ੀ ਕਰਦੇ ਹੋਏ ਟੀਮ ਨੂੰ ਬੜ੍ਹਤ ਦਿਵਾਈ, ਜਿਸ ਤੋਂ ਬਾਅਦ ਮੈਚ ਡਰਾਅ ਖਤਮ ਹੋਇਆ।
ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ਼ਾਂ ਨੇ ਸ਼੍ਰੀਲੰਕਾ ਬੋਰਡ ਇਲੈਵਨ ਨੂੰ ਅਭਿਆਸ ਮੈਚ ਦੇ ਪਹਿਲੇ ਦਿਨ 187 ਦੌੜਾਂ 'ਤੇ ਢੇਰ ਕਰ ਦਿੱਤਾ ਸੀ ਅਤੇ ਆਪਣੀ ਪਹਿਲੀ ਪਾਰੀ 'ਚ 68 ਓਵਰਾਂ ਦੀ ਖੇਡ ਵਿਚ 9 ਵਿਕਟਾਂ 'ਤੇ 312 ਦੌੜਾਂ ਬਣਾਈਆਂ ਤੇ ਅਭਿਆਸ ਮੈਚ ਡਰਾਅ ਖਤਮ ਹੋ ਗਿਆ। ਭਾਰਤੀ ਪਾਰੀ 'ਚ ਓਪਨਰ ਰਾਹੁਲ ਨੇ 54 ਤੇ ਕਪਤਾਨ ਵਿਰਾਟ ਨੇ 53 ਦੌੜਾਂ ਦੀ ਅਰਧ ਸੈਂਕੜਿਆਂ ਵਾਲੀਆਂ ਪਾਰੀਆਂ ਖੇਡੀਆਂ।
ਮਹਿਮਾਨ ਟੀਮ ਨੇ ਕੱਲ ਦਿਨ ਦਾ ਖੇਡ ਖਤਮ ਹੋਣ ਤੱਕ 30 ਓਵਰਾਂ 'ਚ 3 ਵਿਕਟਾਂ 'ਤੇ 135 ਦੌੜਾਂ ਬਣਾ ਲਈਆਂ ਸਨ। ਸਵੇਰੇ ਭਾਰਤੀ ਪਾਰੀ 'ਚ ਕਪਤਾਨ ਵਿਰਾਟ 34 ਅਤੇ ਅਜਿੰਕਯ ਰਹਾਨੇ 30 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ। ਦੋਵਾਂ ਨੇ ਆਪਣੀਆਂ ਪਾਰੀਆਂ ਨੂੰ ਅੱਗੇ ਵਧਾਇਆ ਅਤੇ ਵਿਰਾਟ ਨੇ 76 ਗੇਦਾਂ 'ਚ ਅੱਠ ਚੌਕੇ ਲਾ ਕੇ 53 ਦੌੜਾਂ ਦੀ ਅਰਧ ਸੈਂਕੜਾ ਪਾਰੀ ਖੇਡੀ। ਇਸ ਤੋਂ ਬਾਅਦ ਕਪਤਾਨ ਰਿਟਾਇਰਡ ਆਊਟ ਹੋਏ ਜਦਕਿ ਰਹਾਨੇ ਨੇ 58 ਗੇਂਦਾਂ 'ਚ ਤਿੰਨ ਚੌਕੇ ਲਾ ਕੇ 40 ਦੌੜਾਂ ਬਣਾਈਆਂ ਅਤੇ ਉਹ ਵੀ ਰਿਟਾਇਰਡ ਆਊਟ ਹੋਇਆ।
ਦੋਵੇਂ ਹੀ ਬੱਲੇਬਾਜ਼ 166 ਦੇ ਸਕੋਰ ਪੈਵੇਲੀਅਨ ਪਰਤੇ। ਸਰਜਰੀ ਕਰਵਾਉਣ ਤੋਂ ਬਾਅਦ ਕਾਫੀ ਸਮੇਂ ਘਰੇਲੂ ਟੈਸਟ ਸੀਰੀਜ਼ ਤੋਂ ਬਾਹਰ ਰਹੇ ਰੋਹਿਤ ਸ਼ਰਮਾ ਨੇ ਇਸ ਤੋਂ ਬਾਅਦ 49 ਗੇਂਦਾਂ ਵਿਚ ਇਕ ਚੌਕਾ ਤੇ 2 ਛੱਕੇ ਲਾ ਕੇ 38 ਦੌੜਾਂ ਦੀ ਪਾਰੀ ਖੇਡੀ। ਰੋਹਿਤ ਆਪਣੀ ਪਾਰੀ ਤੋਂ ਬਾਅਦ ਰਿਟਾਇਰਡ ਆਊਟ ਹੋ ਕੇ ਛੇਵੇਂ ਬੱਲੇਬਾਜ਼ ਦੇ ਰੂਪ 'ਚ ਪੈਵੇਲੀਅਨ ਪਰਤ ਗਿਆ। ਉਥੇ ਮੁਰਲੀ ਵਿਜੇ ਦੇ ਜ਼ਖਮੀ ਹੋਣ ਤੋਂ ਬਾਅਦ ਟੈਸਟ ਟੀਮ ਵਿਚ ਜਗ੍ਹਾ ਬਣਾਉਣ ਵਾਲੇ ਓਪਨਿੰਗ ਕ੍ਰਮ ਦੇ ਬੱਲੇਬਾਜ਼ ਸ਼ਿਖਰ ਧਵਨ ਨੇ 48 ਗੇਂਦਾਂ 'ਚ ਸੱਤ ਚੌਕੇ ਲਾ ਕੇ 41 ਦੌੜਾਂ ਬਣਾਈਆਂ ਅਤੇ ਉਹ ਵੀ ਰੋਹਿਤ ਤੋਂ ਬਾਅਦ 246 ਦੇ ਸਕੋਰ 'ਤੇ ਰਿਟਾਇਰਡ ਆਊਟ ਹੋ ਗਿਆ। ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ 36 ਦੌੜਾਂ ਬਣਾ ਕੇ ਅਜੇਤੂ ਪੈਵੇਲੀਅਨ ਪਰਤਿਆ ਪਰ ਆਲਰਾਊਂਡਰ ਹਾਰਦਿਕ ਪਾਂਡਯਾ 11 ਦੌੜਾਂ ਬਣਾ ਕੇ ਟੀ ਕੌਸ਼ਲ ਦੀ ਗੇਂਦ 'ਤੇ ਕਿਥੁਰਵਾਨ ਨੂੰ ਗੇਂਦ ਦੇ ਬੈਠਾ, ਜਦਕਿ ਰਵਿੰਦਰ ਜਡੇਜਾ ਵੀ ਕੌਸ਼ਲ ਦੀ ਗੇਂਦ 'ਤੇ ਆਊਟ ਹੋਇਆ। ਜਡੇਜਾ ਨੇ 32 ਗੇਂਦਾਂ 'ਚ ਦੋ ਚੌਕੇ ਲਾ ਕੇ 18 ਦੌੜਾਂ ਬਣਾਈਆਂ।
ਸ਼੍ਰੀਲੰਕਾਈ ਟੀਮ ਵੱਲੋਂ ਕੌਸ਼ਲ ਨੇ 81 ਦੌੜਾਂ 'ਤੇ 2 ਵਿਕਟਾਂ ਅਤੇ ਵਿਸ਼ਵਾ ਫਰਨਾਂਡੋ ਨੇ 37 ਦੌੜਾਂ 'ਤੇ 2 ਵਿਕਟ ਹਾਸਲ ਕੀਤੀਆਂ। ਵਿਕੁਮ ਸੰਜੇ ਨੂੰ ਇਕ ਵਿਕਟ ਮਿਲੀ। ਜਦਕਿ ਭਾਰਤੀ ਪਾਰੀ ਵਿਚ ਵਿਰਾਟ, ਰਹਾਨੇ, ਰੋਹਿਤ ਤੇ ਧਵਨ ਸਾਰੇ ਰਿਟਾਇਰਡ ਆਊਟ ਹੋ ਕੇ ਪੈਵੇਲੀਅਨ ਪਰਤੇ।


Related News