ਭਾਰਤ ਨੇ ਸ਼੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾਇਆ

08/21/2017 2:16:23 AM

ਦਾਂਬੁਲਾ— ਜ਼ਬਰਦਸਤ ਫਾਰਮ ਵਿਚ ਖੇਡ ਰਹੇ ਓਪਨਰ ਸ਼ਿਖਰ ਧਵਨ (ਅਜੇਤੂ 132) ਦੇ ਤੂਫਾਨੀ ਸੈਂਕੜੇ ਤੇ ਉਸਦੀ ਕਪਤਾਨ ਵਿਰਾਟ ਕੋਹਲੀ (ਅਜੇਤੂ 82) ਨਾਲ ਦੂਜੀ ਵਿਕਟ ਲਈ 197 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਸ਼੍ਰੀਲੰਕਾ ਨੂੰ ਪਹਿਲੇ ਵਨ ਡੇ ਵਿਚ ਐਤਵਾਰ ਨੂੰ 9 ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ।  ਸ਼ਿਖਰ ਨੇ ਟੈਸਟ ਸੀਰੀਜ਼ ਦੀ ਆਪਣੀ ਜ਼ਬਰਦਸਤ ਫਾਰਮ ਨੂੰ ਪਹਿਲੇ ਵਨ ਡੇ ਵਿਚ ਵੀ ਬਰਕਰਾਰ ਰੱਖਦਿਆਂ ਭਾਰਤ ਨੂੰ ਇਕਤਰਫਾ ਜਿੱਤ ਦਿਵਾ ਦਿੱਤੀ। ਸ਼ਿਖਰ ਨੇ 90 ਗੇਂਦਾਂ 'ਤੇ 132 ਦੌੜਾਂ ਵਿਚ 20 ਚੌਕੇ ਤੇ 3 ਛੱਕੇ ਲਾਏ, ਜਦਕਿ ਵਿਰਾਟ ਨੇ 70 ਗੇਂਦਾਂ 'ਤੇ ਅਜੇਤੂ 82 ਦੌੜਾਂ ਵਿਚ 10 ਚੌਕੇ ਤੇ 1 ਛੱਕਾ ਲਾਇਆ।
ਭਾਰਤੀ ਗੇਂਦਬਾਜ਼ਾਂ ਖਾਸ ਤੌਰ 'ਤੇ ਲੈਫਟ ਆਰਮ ਸਪਿਨਰ ਅਕਸ਼ਰ ਪਟੇਲ ਤੇ ਪਾਰਟ ਟਾਈਮ ਆਫ ਸਪਿਨਰ ਕੇਦਾਰ ਜਾਧਵ ਨੇ ਬਿਹਤਰੀਨ ਗੇਂਦਬਾਜ਼ੀ ਕਰਦਿਆਂ ਸ਼੍ਰੀਲੰਕਾ ਨੂੰ 43.2 ਓਵਰਾਂ ਵਿਚ 216 ਦੌੜਾਂ 'ਤੇ ਢੇਰ ਕਰ ਦਿੱਤਾ। ਇਸ ਤੋਂ ਬਾਅਦ ਸ਼੍ਰੀਲੰਕਾ 'ਤੇ ਸ਼ਿਖਰ ਦਾ ਕਹਿਰ ਟੁੱਟਿਆ, ਜਿਸ ਨੇ ਆਪਣਾ 11ਵਾਂ ਸੈਂਕੜਾ ਲਾਉਂਦਿਆਂ ਭਾਰਤ ਨੂੰ ਇਸ ਦੌਰੇ ਦੀ ਲਗਾਤਾਰ ਚੌਥੀ ਜਿੱਤ ਦਿਵਾਈ। ਭਾਰਤ ਨੇ 28.5 ਓਵਰਾਂ ਵਿਚ ਇਕ ਵਿਕਟ 'ਤੇ 220 ਦੌੜਾਂ  ਬਣਾ ਕੇ ਮੁਕਾਬਲਾ ਆਪਣੇ ਨਾਂ ਕਰ ਲਿਆ। 
ਖੱਬੇ ਹੱਥ ਦੇ ਬੱਲੇਬਾਜ਼ ਸ਼ਿਖਰ ਨੇ ਇਸ ਤੋਂ ਪਹਿਲਾਂ ਟੈਸਟ ਸੀਰੀਜ਼ ਵਿਚ ਦੋ ਸੈਂਕੜੇ ਲਾਏ ਸਨ ਤੇ ਇਸ ਦੌਰੇ 'ਤੇ ਉਸ ਨੇ ਤੀਜਾ ਸੈਂਕੜਾ ਵੀ ਬਣਾ ਦਿੱਤਾ। ਸ਼ਿਖਰ ਦਾ ਵਨ ਡੇ ਵਿਚ ਸ਼੍ਰੀਲੰਕਾ ਵਿਰੁੱਧ ਇਹ ਤੀਜਾ ਸੈਂਕੜਾ ਸੀ। ਉਸ ਨੇ ਪਹਿਲਾਂ ਦੇ ਸ਼੍ਰੀਲੰਕਾ ਵਿਰੁੱਧ 125 ਦੇ ਆਪਣੇ ਸਰਵਸ੍ਰੇਸ਼ਠ ਸਕੋਰ ਨੂੰ ਪਿੱਛੇ ਛੱਡ ਦਿੱਤਾ ਪਰ ਉਹ ਟੀਚਾ ਛੋਟਾ ਹੋਣ ਕਾਰਨ ਦੱਖਣੀ ਅਫਰੀਕਾ ਵਿਰੁੱਧ 137 ਦੌੜਾਂ ਦੇ ਆਪਣੇ ਕਰੀਅਰ ਦੇ ਸਰਵਸ੍ਰੇਸ਼ਠ ਸਕੋਰ ਨੂੰ ਪਿੱਛੇ ਨਹੀਂ ਛੱਡ ਸਕਿਆ।
ਸ਼ਿਖਰ ਨੇ ਉਪ ਕਪਤਾਨ ਰੋਹਿਤ ਸ਼ਰਮਾ (4) ਦੀ ਵਿਕਟ ਸਿਰਫ 23 ਦੌੜਾਂ ਦੇ ਸਕੋਰ 'ਤੇ ਡਿੱਗਣ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ (ਅਜੇਤੂ 82) ਨਾਲ ਦੂਜੀ ਵਿਕਟ ਲਈ 143 ਗੇਂਦਾਂ 'ਤੇ 197 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਕੀਤੀ। ਵਿਰਾਟ ਨੇ ਵੀ ਬਿਹਤਰੀਨ ਅਰਧ ਸੈਂਕੜਾ ਲਾਇਆ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਸ਼੍ਰੀਲੰਕਾ ਨੂੰ ਪੂਰੀ ਤਰ੍ਹਾਂ ਧੋ ਕੇ ਰੱਖ ਦਿੱਤਾ। 
ਦਿੱਲੀ ਦੇ ਸ਼ਿਖਰ ਨੇ ਆਪਣੇ ਵਨ ਡੇ ਕਰੀਅਰ ਦਾ ਸਭ ਤੋਂ ਤੇਜ਼ ਸੈਂਕੜਾ ਲਾਇਆ। ਉਸ ਨੇ 71 ਗੇਂਦਾਂ 'ਤੇ ਸੈਂਕੜਾ ਲਾਇਆ ਤੇ 2013 ਵਿਚ ਕਾਨਪੁਰ ਵਿਚ ਵੈਸਟਇੰਡੀਜ਼ ਵਿਰੁੱਧ 73 ਗੇਂਦਾਂ ਵਿਚ ਸੈਂਕੜਾ ਬਣਾਉਣ ਦੇ ਆਪਣੇ ਨਿੱਜੀ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਭਾਰਤ ਨੇ 28.5 ਓਵਰਾਂ ਵਿਚ ਮੈਚ ਖਤਮ ਕਰ ਦਿੱਤਾ। ਵਿਰਾਟ ਨੇ ਵੀ ਦੌੜਾਂ ਦੀ ਵਹਿੰਦੀ ਗੰਗਾ ਵਿਚ ਹੱਥ ਧੋਤੇ ਤੇ ਆਪਣੇ ਕਰੀਅਰ ਦਾ 44ਵਾਂ ਅਰਧ ਸੈਂਕੜਾ ਬਣਾਇਆ। ਸ਼੍ਰੀਲੰਕਾ ਦੇ ਕਿਸੇ ਵੀ ਗੇਂਦਬਾਜ਼ ਨੂੰ ਕੋਈ ਵਿਕਟ ਨਹੀਂ ਮਿਲੀ। ਭਾਰਤ ਦੀ ਰੋਹਿਤ ਦੇ ਰੂਪ ਵਿਚ ਇਕਲੌਤੀ ਵਿਕਟ ਰਨ ਆਊਟ ਦੇ ਰੂਪ ਵਿਚ ਡਿੱਗੀ।
ਇਸ ਤੋਂ ਪਹਿਲਾਂ ਲੈਫਟ ਆਰਮ ਸਪਿਨਰ ਅਕਸ਼ਰ ਪਟੇਲ (34 ਦੌੜਾਂ 'ਤੇ 3 ਵਿਕਟਾਂ) ਤੇ ਪਾਰਟ ਟਾਈਮ ਆਫ ਸਪਿਨਰ ਕੇਦਾਰ ਜਾਧਵ  (26 ਦੌੜਾਂ 'ਤੇ 2 ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਦੇ ਦਮ 'ਤੇ ਭਾਰਤ ਨੇ ਸ਼੍ਰੀਲੰਕਾ ਨੂੰ 43.2 ਓਵਰਾਂ ਵਿਚ 216 ਦੌੜਾਂ 'ਤੇ ਢੇਰ ਕਰ ਦਿੱਤਾ।
ਸ਼੍ਰੀਲੰਕਾ ਦੀ ਟੀਮ ਇਕ ਸਮੇਂ 25ਵੇਂ ਓਵਰ ਵਿਚ ਇਕ ਵਿਕਟ 'ਤੇ 139 ਦੌੜਾਂ ਬਣਾ ਕੇ ਕਾਫੀ ਮਜ਼ਬੂਤ ਸਥਿਤੀ ਵਿਚ ਸੀ ਪਰ ਉਸ ਤੋਂ ਬਾਅਦ ਉਸ ਨੇ ਆਪਣੀਆਂ 9 ਵਿਕਟਾਂ ਸਿਰਫ 77 ਦੌੜਾਂ ਜੋੜ ਕੇ ਗੁਆ ਦਿੱਤੀਆਂ। ਸ਼੍ਰੀਲੰਕਾ ਦੀ ਪਾਰੀ ਨੂੰ ਢਾਹੁਣ ਦਾ ਸਿਹਰਾ ਪਟੇਲ ਤੇ ਜਾਧਵ ਨੂੰ ਗਿਆ, ਜਿਨ੍ਹਾਂ ਨੇ ਸ਼੍ਰੀਲੰਕਾ ਦੇ ਮੱਧਕ੍ਰਮ ਨੂੰ ਢਹਿ-ਢੇਰੀ ਕਰ ਦਿੱਤਾ।  ਭਾਰਤੀ ਗੇਂਦਬਾਜ਼ਾਂ ਨੇ 24 ਓਵਰਾਂ ਦੀ ਖੇਡ ਤੋਂ ਬਾਅਦ ਜ਼ਬਰਦਸਤ ਵਾਪਸੀ ਕੀਤੀ ਤੇ ਸ਼੍ਰੀਲੰਕਾਈ ਬੱਲੇਬਾਜ਼ਾਂ ਨੂੰ ਟਿਕਣ ਦਾ ਕੋਈ ਮੌਕਾ ਨਹੀਂ ਦਿੱਤਾ।  ਸ਼੍ਰੀਲੰਕਾ ਵੱਲੋਂ ਓਪਨਰ ਨਿਰੋਸ਼ਨ ਡਿਕਵੇਲਾ ਨੇ ਸਭ ਤੋਂ ਵੱਧ 64 ਦੌੜਾਂ ਬਣਾਈਆਂ।


Related News