ਫੀਫਾ ਅੰਡਰ-17 ਵਿਸ਼ਵ ਕੱਪ: ਜਰਮਨੀ ਕੁਆਰਟਰ ਫਾਈਨਲ ''ਚ

10/16/2017 11:58:58 PM

ਨਵੀਂ ਦਿੱਲੀ— ਜਾਨ ਫਿਏਤ ਆਰਪ ਦੇ ਦੋ ਸ਼ਾਨਦਾਰ ਗੋਲਾਂ ਦੇ ਦਮ 'ਤੇ ਜਰਮਨੀ ਨੇ ਇਥੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਕੋਲੰਬੀਆ ਨੂੰ ਇਕਤਰਫਾ ਅੰਦਾਜ਼ 'ਚ ਸੋਮਵਾਰ 4-0 ਨਾਲ ਹਰਾ ਕੇ ਫੀਫਾ ਅੰਡਰ-17 ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਲਈ। ਜਰਮਨੀ ਨੇ ਰਾਊਂਡ-16 ਦੇ ਨਾਕਆਊਟ ਮੁਕਾਬਲੇ ਵਿਚ ਦੋਵੇਂ ਹਾਫ 'ਚ 2-2 ਗੋਲ ਕਰ ਕੇ ਕੋਲੰਬੀਆ ਨੂੰ ਪੂਰੀ ਤਰ੍ਹਾਂ ਚਿੱਤ ਕਰ ਦਿੱਤਾ। ਜਰਮਨੀ ਦੀ ਟੀਮ ਗਰੁੱਪ-ਸੀ ਵਿਚ ਦੂਜੇ ਸਥਾਨ 'ਤੇ ਰਹੀ ਸੀ, ਜਦਕਿ ਕੋਲੰਬੀਆ ਨੂੰ ਗਰੁੱਪ-ਏ ਵਿਚ ਦੂਜਾ ਸਥਾਨ ਮਿਲਿਆ ਸੀ। ਦੋਵਾਂ ਟੀਮਾਂ ਨੇ ਗਰੁੱਪ ਗੇੜ 'ਚ 2-2 ਮੈਚ ਜਿੱਤੇ ਸਨ। ਜੇਤੂ ਜਰਮਨੀ ਲਈ ਜਾਨ ਆਰਪ ਨੇ 7ਵੇਂ ਤੇ 65ਵੇਂ ਮਿੰਟ ਵਿਚ, ਯਾਨ ਬਿਸੇਕ ਨੇ 39ਵੇਂ ਮਿੰਟ ਵਿਚ ਅਤੇ ਜਾਨ ਯੇਬੋ ਨੇ 49ਵੇਂ ਮਿੰਟ ਵਿਚ ਗੋਲ ਕੀਤੇ ਤੇ ਆਸਾਨੀ ਨਾਲ ਨਾਕਆਊਟ ਮੁਕਾਬਲਾ ਜਿੱਤ ਲਿਆ। 
ਕੋਲੰਬੀਆ ਦੀ ਟੀਮ ਉਹੋ ਜਿਹਾ ਪ੍ਰਦਰਸ਼ਨ ਨਹੀਂ ਕਰ ਸਕੀ, ਜਿਹੜਾ ਉਸ ਨੇ ਆਪਣੇ ਆਖਰੀ ਗਰੁੱਪ ਮੈਚ ਵਿਚ ਸ਼ੁੱਕਰਵਾਰ ਅਮਰੀਕਾ ਨੂੰ 3-1 ਨਾਲ ਹਰਾਉਣ ਵਿਚ ਕੀਤਾ ਸੀ। ਇਸ ਹਾਰ ਦੇ ਨਾਲ ਕੋਲੰਬੀਆ ਦਾ ਵਿਸ਼ਵ ਕੱਪ 'ਚ ਸਫਰ ਖਤਮ ਹੋ ਗਿਆ। ਕਪਤਾਨ ਜਾਨ ਆਰਪ ਨੇ ਜਰਮਨੀ ਨੂੰ ਚੰਗੀ ਸ਼ੁਰੂਆਤ ਦਿੱਤੀ ਤੇ ਉਹ ਜਲਦ ਹੀ ਗੋਲ ਕਰਨ ਦੇ ਨੇੜੇ ਵੀ ਪਹੁੰਚ ਗਿਆ ਸੀ ਪਰ ਕੋਲੰਬੀਆ ਦੇ ਗੋਲਕੀਪਰ ਨੇ ਖਤਰਾ ਟਾਲ ਦਿੱਤਾ। ਕੋਲੰਬੀਆ ਦੇ ਕੈਸੀਡੋ ਨੇ ਜਰਮਨ ਖੇਤਰ 'ਚ ਖਤਰਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਜਰਮਨੀ ਦੇ ਡਿਫੈਂਡਰ ਨੇ ਗੇਂਦ ਕਲੀਅਰ ਕਰ ਦਿੱਤੀ। ਜਰਮਨੀ ਦੇ ਗੋਲਕੀਪਰ ਲੂਕਾ ਪਲੋਗਮੈਨ ਨੇ ਇਕ ਹੋਰ ਚੰਗਾ ਬਚਾਅ ਕੀਤਾ। ਕੋਲੰਬੀਆ ਦੇ ਇਨ੍ਹਾਂ ਹਮਲਿਆਂ ਵਿਚਾਲੇ ਗੋਲ ਕਰਨ ਦੀ ਸ਼ੁਰੂਆਤ ਜਰਮਨੀ ਨੇ ਕੀਤੀ। ਜਾਨ ਆਰਪ ਨੇ ਵਿਰੋਧੀ ਗੋਲਕੀਪਰ ਦੀ ਗਲਤੀ ਦਾ ਫਾਇਦਾ ਚੁੱਕਦਿਆਂ ਗੇਂਦ ਨੂੰ ਲਾਬ ਕਰ ਕੇ ਜਰਮਨੀ ਨੂੰ 1-0 ਨਾਲ ਅੱਗੇ ਕਰ ਦਿੱਤਾ। ਜਾਨ ਆਰਪ ਦਾ ਚਾਰ ਮੈਚਾਂ 'ਚ ਇਹ ਤੀਜਾ ਗੋਲ ਸੀ। ਇਕ ਗੋਲ ਨਾਲ ਪਿਛੜਨ ਤੋਂ ਬਾਅਦ ਕੋਲੰਬੀਆ ਨੇ ਬਰਾਬਰੀ ਲਈ ਜ਼ੋਰਦਾਰ ਕੋਸ਼ਿਸ਼ ਕੀਤੀ। 22ਵੇਂ ਮਿੰਟ ਵਿਚ ਯਾਦਿਰ ਮੈਨੇਸਿਸ ਦਾ ਜ਼ੋਰਦਾਰ ਸ਼ਾਟ ਗੋਲ ਪੋਸਟ ਦੇ ਉਪਰੋਂ ਨਿਕਲ ਗਿਆ। ਇਸ ਤੋਂ ਕੁਝ ਮਿੰਟ ਬਾਅਦ ਕਪਤਾਨ ਗੁਈਤੈਰੇਜ ਦਾ ਸ਼ਾਟ ਵੀ ਗੋਲਾਂ ਦੇ ਉਪਰੋਂ ਲੰਘ ਗਿਆ।
ਮੈਚ ਦੇ 33ਵੇਂ ਮਿੰਟ ਵਿਚ ਯੇਬੋ ਦਾ ਸ਼ਾਟ ਗੋਲ ਪੋਸਟ ਨਾਲ ਟਕਰਾ ਗਿਆ ਪਰ 39ਵੇਂ ਮਿੰਟ ਵਿਚ ਬਿਸੇਕ ਨੇ ਸ਼ਾਨਦਾਰ ਹੈਡਰ ਲਾ ਕੇ ਜਰਮਨੀ ਨੂੰ 2-0 ਨਾਲ ਅੱਗੇ ਕਰ ਦਿੱਤਾ। ਹਾਫ ਸਮੇਂ ਤਕ ਜਰਮਨੀ ਦਾ ਸਕੋਰ 2-0 ਨਾਲ ਅੱਗੇ ਰਿਹਾ। ਦੂਜੇ ਹਾਫ ਵਿਚ ਜਰਮਨੀ ਨੇ ਲਗਾਤਾਰ ਹਮਲਆਿਂ ਨਾਲ ਕੋਲੰਬੀਆ ਨੂੰ ਝੰਜੋੜ ਕੇ ਰੱਖ ਦਿੱਤਾ। ਜਰਮਨੀ ਦੀ ਟੀਮ ਪੂਰੀ ਤਰ੍ਹਾਂ ਮੈਚ 'ਚ ਛਾਈ ਹੋਈ ਸੀ। ਯੇਬੋ ਨੇ 49ਵੇਂ ਮਿੰਟ ਵਿਚ ਹੀ ਤੀਜਾ ਗੋਲ ਕਰ ਦਿੱਤਾ। 65ਵੇਂ ਮਿੰਟ ਵਿਚ ਆਰਪ ਨੇ ਮੈਚ ਦਾ ਆਪਣਾ ਦੂਜਾ ਤੇ ਟੀਮ ਦਾ ਚੌਥਾ ਗੋਲ ਕਰ ਕੇ ਕੋਲੰਬੀਆ ਦਾ ਸੰਘਰਸ਼ ਖਤਮ ਕਰ ਦਿੱਤਾ।


Related News