ਹੰਟਸਮੈਨ ਵਰਲ ਸੀਨੀਅਰ ਗੇਮਾਂ ''ਚ ਇਕ ਵਾਰ ਫਿਰ ਚਮਕਿਆ ਪੰਜਾਬੀਅਤ ਦਾ ਰੰਗ

10/23/2017 11:33:44 PM

ਕੈਲੇਫੋਰਨੀਆਂ (ਨੀਟਾ ਮਾਛੀਕੇ)— ਪਿੱਛਲੇ ਲੰਮੇ ਸਮੇਂ ਤੋਂ ਫਰਿਜ਼ਨੋ ਨਿਵਾਸੀ ਗੁਰਬਖਸ਼ ਸਿੰਘ ਸਿੱਧੂ, ਸੁਖਨੈਣ ਸਿੰਘ ਤੇ ਕਮਲਜੀਤ ਜਿਹੜੇ ਸੀਨੀਅਰ ਗੱਭਰੂਆਂ ਦੇ ਤੌਰ ਤੇ ਜਾਣੇ ਜਾਂਦੇ ਹਨ ਤੇ ਪੂਰੇ ਅਮਰੀਕਾ 'ਚ ਸੀਨੀਅਰ ਵਰਲਡ ਖੇਡਾਂ 'ਚ ਆਪਣੀ ਤਾਕਤ ਰਾਹੀਂ ਪੰਜਾਬੀਅਤ ਦਾ ਲੋਹਾ ਮਨਵਾ ਰਹੇ ਹਨ। ਪਿਛਲੇ ਦਿਨੀ ਹੰਟਸਮੈਨ ਸੀਨੀਅਰ ਵਰਡ ਗੇਮਜ਼ ਸੇਟ ਜੌਰਜ ਯੂਟਾ 'ਚ ਹੋਈਆਂ। ਇਹ ਖੇਡਾਂ 9 ਅਕਤੂਬਰ ਤੋਂ 21 ਅਕਤੂਬਰ ਤਕ ਚੱਲੀਆਂ। ਇਹਨਾਂ ਗੇਮਾਂ ਦੌਰਾਨ ਔਰਤਾਂ ਅਤੇ ਮਰਦਾ ਦੀਆਂ 30 ਵੱਖੋ ਵੱਖ ਕਿਸਮ ਦੀਆਂ ਖੇਡਾਂ ਕਰਵਾਈਆਂ ਗਈਆਂ ਅਤੇ ਇਹਨਾਂ ਖੇਡਾਂ ਵਿੱਚ 50 ਤੋਂ 100 ਸਾਲ ਦੇ ਔਰਤਾਂ ਤੇ ਮਰਦਾ ਨੇ ਭਾਗ ਲਿਆ। ਕਮਲਜੀਤ ਸਿੰਘ ਨੇ 50-54 ਸਾਲ ਵਰਗ ਦੀਆਂ ਦੌੜਾਂ ਦੌਰਾਨ 200 ਮੀਟਰ ਦੌੜ 'ਚ ਪੰਜਵਾਂ ਸਥਾਨ ਹਾਸਲ ਕੀਤਾ। 400 ਮੀਟਰ ਵਿੱਚ ਚੌਥਾ, 800 ਮੀਟਰ ਵਿੱਚ ਅੱਠਵਾਂ ਤੇ 1500 ਮੀਟਰ ਵਿੱਚ ਛੇਵਾਂ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਸੁਖਨੈਣ ਸਿੰਘ ਨੇ ਅਥਲੈਟਿਕਸ ਵਿੱਚ 60-64 ਸਾਲ ਵਰਗ ਟਰਿੱਪਲ ਜੰਪ ਵਿੱਚ ਚੌਥਾ ਤੇ ਸਟੈਡਿੰਗ ਜੰਪ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ। ਗੁਰਬਖਸ਼ ਸਿੰਘ ਸਿੱਧੂ ਨੇ 60-64 ਸਾਲ ਵਰਗ ਵਿੱਚ ਡਿਸਕਸ ਥਰੋ ਵਿੱਚ ਨੌਂਵਾਂ ਸਥਾਨ ਤੇ 50 ਮੀਟਰ ਡੈਸ਼ ਰਨ ਵਿੱਚ ਤੇਰਵਾਂ ਸਥਾਨ ਹਾਸਲ ਕੀਤਾ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਪਿਛਲੀਆਂ ਵਰਡ ਗੇਮਜ਼ ਜਿਹੜੀਆਂ ਕਿ ਬਰਮਿੰਘਮ ਐਲਬਾਮਾਂ ਵਿੱਚ ਹੋਈਆ ਸਨ ਓਥੋਂ ਸੁਖਨੈਣ ਤੇ ਗੁਰਬਖਸ਼ ਦੋਵੇਂ ਹੀ ਚਾਂਦੀ ਅਤੇ ਕਾਂਸੀ ਦੇ ਤਮਗੇ ਲੈਕੇ ਆਏ ਸਨ ਪਰ ਇਸ ਵਾਰ ਬੇਸ਼ੱਕ ਉਹ ਕੋਈ ਤਮਗਾ ਨਹੀਂ ਜਿੱਤ ਸਕੇ ਪਰ ਦੁਨਿਆ ਦੇ ਪਹਿਲੇ ਦਸ ਪੰਦਰਾਂ ਚੋਟੀ ਦੇ ਖਿਡਾਰੀਆਂ ਵਿੱਚ ਪੰਜਾਬੀਆਂ ਨੂੰ ਮਾਣ ਦਿਵਾਉਣਾ ਵੀ ਛੋਟੀ ਪ੍ਰਾਪਤੀ ਨਹੀਂ। ਅਮਰੀਕਾ ਵਰਗੇ ਮੁਲਕ ਵਿੱਚ ਰਹਿਕੇ ਮਿਹਨਤ ਦੀ ਕਮਾਈ ਨਾਲ ਘਰ ਚਲਾਉਣੇ ਤੇ ਆਪਣੇ ਪੱਲਿਓ ਪੈਸੇ ਖ਼ਰਚਕੇ ਇਹਨਾਂ ਖੇਡਾਂ ਵਿੱਚ ਭਾਗ ਲੈਣਾ ਤੇ ਦਸਤਾਰਾਂ ਸਜਾਕੇ ਪੂਰੀ ਦੁਨੀਆ ਨੂੰ ਸਿੱਖ ਪਹਿਚਾਣ ਤੋਂ ਜਾਣੂ ਕਰਵਾਉਣਾ ਵੀ ਕਿਸੇ ਸਾਧਨਾ ਨਾਲ਼ੋਂ ਘੱਟ ਨਹੀਂ।


Related News