ਗੁਜਰਾਤ ਨੇ ਬੰਗਲੌਰ ਨੂੰ 7 ਵਿਕਟਾਂ ਨਾਲ ਹਰਾਇਆ

04/28/2017 1:43:19 AM

ਬੇਂਗਲੁਰੂ-ਧਮਾਕੇਦਾਰ ਬੱਲੇਬਾਜ਼ ਆਰੋਨ ਫਿੰਚ (72) ਅਤੇ ਕਪਤਾਨ ਸੁਰੇਸ਼ ਰੈਨਾ (ਅਜੇਤੂ 34) ਵਿਚਕਾਰ ਤੀਸਰੇ ਵਿਕਟ ਲਈ ਹੋਈ 92 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਦੇ ਦਮ ''ਤੇ ਗੁਜਰਾਤ ਨੇ ਬੰਗਲੌਰ ਨੂੰ 37 ਗੇਂਦਾਂ ਬਾਕੀ ਰਹਿੰਦੇ 7 ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ.-10 ਵਿਚ ਤੀਸਰੀ ਜਿੱਤ ਦਰਜ ਕੀਤੀ।
ਗੁਜਰਾਤ ਨੇ ਆਪਣੇ ਗੇਂਦਬਾਜ਼ਾਂ ਦੇ ਜ਼ਬਰਦਸਤ ਪ੍ਰਦਰਸ਼ਨ ਦੀ ਬਦੌਲਤ ਬੰਗਲੌਰ ਨੂੰ 134 ਦੌੜਾਂ ''ਤੇ ਢੇਰ ਕਰ ਦਿੱਤਾ। ਫਿਰ 13.5 ਓਵਰਾਂ ਵਿਚ ਹੀ 3 ਵਿਕਟਾਂ ''ਤੇ 135 ਦੌੜਾਂ ਬਣਾ ਕੇ 7 ਵਿਕਟਾਂ ਨਾਲ ਜਿੱਤ ਆਪਣੇ ਨਾਂ ਕਰ ਲਈ। ਗੁਜਰਾਤ ਦੀ 8 ਮੈਚਾਂ ਵਿਚ ਇਹ ਤੀਸਰੀ ਜਿੱਤ ਹੈ। ਉਹ 6 ਅੰਕਾਂ ਨਾਲ 6ਵੇਂ ਨੰਬਰ ''ਤੇ ਆ ਗਿਆ ਹੈ। ਬੰਗਲੌਰ ਨੂੰ 9 ਮੈਚਾਂ ਵਿਚ 6ਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਹ 5 ਅੰਕਾਂ ਨਾਲ 7ਵੇਂ ਨੰਬਰ ''ਤੇ ਖਿਸਕ ਗਿਆ ਹੈ।
 ਫਿੰਚ ਨੇ 34 ਗੇਂਦਾਂ ''ਤੇ 72 ਦੌੜਾਂ ਦੀ ਆਪਣੀ ਧਮਾਕਾਖੇਜ਼ ਪਾਰੀ ਵਿਚ 5 ਚੌਕੇ ਅਤੇ 6 ਆਸਮਾਨੀ ਛੱਕੇ ਲਾਏ। ਫਿੰਚ ਨੂੰ ਆਲਰਾਊਂਡਰ ਪਵਨ ਨੇਗੀ ਨੇ ਡਿਵੀਲੀਅਰਸ ਦੇ ਹੱਥੋਂ ਕੈਚ ਕਰਵਾਇਆ। ਫਿੰਚ ਦਾ ਲੀਗ ਦੇ 10ਵੇਂ ਸੈਸ਼ਨ ਵਿਚ ਇਹ ਪਹਿਲਾ ਅਰਧ ਸੈਂਕੜਾ ਸੀ। ਫਿੰਚ ਨੇ ਕਪਤਾਨ ਸੁਰੇਸ਼ ਰੈਨਾ ਨਾਲ ਤੀਸਰੇ ਵਿਕਟ ਲਈ 8 ਓਵਰਾਂ ਵਿਚ 92 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਕੀਤੀ। ਰੈਨਾ ਨੇ 30 ਗੇਂਦਾਂ ਵਿਚ 34 ਦੌੜਾਂ ਦੀ ਆਪਣੀ ਅਜੇਤੂ ਪਾਰੀ ਵਿਚ 4 ਚੌਕੇ ਅਤੇ ਇਕ ਛੱਕਾ ਜੜਿਆ। 
ਬੰਗਲੌਰ ਕੋਲੋਂ ਮਿਲੇ 135 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਦੀ ਸ਼ੁਰੂਆਤ ਠੀਕ ਨਹੀਂ ਰਹੀ। ਉਸਨੇ 23 ਦੌੜਾਂ ਦੇ ਅੰਦਰ ਆਪਣੇ ਓਪਨਰਾਂ ਇਸ਼ਾਨ ਕਿਸ਼ਨ (16) ਅਤੇ ਆਈ. ਪੀ. ਐੱਲ. ਵਿਚ ਆਪਣਾ 100ਵਾਂ ਮੈਚ ਖੇਡ ਰਹੇ ਬ੍ਰੈਂਡਨ ਮੈਕਕੁਲਮ (3) ਦਾ ਵਿਕਟ ਗੁਆ ਦਿੱਤਾ।

Related News