ਗ੍ਰਾਂਡ ਚੈਸ ਟੂਰ- ਮੈਕਸਿਮ ਲਾਗ੍ਰੇਵ ਬਣੇ ਜੇਤੂ, ਵਿਸ਼ਵਨਾਥਨ ਆਨੰਦ ਰਹੇ ਦੂਜੇ ਸਥਾਨ 'ਤੇ

08/13/2017 3:36:48 PM

ਸੇਂਟ ਲੁਈਸ, ਅਮਰੀਕਾ (ਨਿਕਲੇਸ਼ ਜੈਨ)— ਗ੍ਰਾਂਡ ਚੈਸ ਟੂਰ 'ਚ ਪਹਿਲੇ ਕਲਾਸੀਕਲ ਪੜਾਅ ਸਿੰਕਫੀਲਡ ਕੱਪ 'ਚ ਭਾਰਤ ਦੇ ਗ੍ਰਾਂਡ ਮਾਸਟਰ ਅਤੇ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਅੰਤਿਮ ਰਾਊਂਡ 'ਚ ਅਮਰੀਕਾ ਦੇ ਵਿਸ਼ਵ ਦੇ ਨੰਬਰ 2 ਵੇਸਲੀ ਸੋਅ ਨਾਲ ਡਰਾਅ ਖੇਡਦੇ ਹੋਏ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਦੇ ਨਾਲ 5.5 ਅੰਕ ਬਣਾ ਕੇ ਸਾਂਝੇ ਦੂਜੇ ਸਥਾਨ 'ਤੇ ਰਹੇ। ਫ੍ਰਾਂਸ ਦੇ ਮੈਕਸਿਮ ਲਾਗ੍ਰੇਵ ਨੇ ਅੰਤਿਮ ਰਾਊਂਡ 'ਚ ਰੂਸ ਦੇ ਇਯਾਨ ਨੇਪੋਮਿਨਸੀ ਨੂੰ ਹਰਾਉਂਦੇ ਹੋਏ 6 ਅੰਕਾਂ ਦੇ ਨਾਲ ਪਹਿਲਾ ਸਥਾਨ ਅਤੇ ਖਿਤਾਬ ਆਪਣੇ ਨਾਂ ਕੀਤਾ। ਮੈਗਨਸ ਕਾਰਲਸਨ ਨੇ ਅੰਤਿਮ ਰਾਊਂਡ 'ਚ ਸਭ ਤੋਂ ਅੱਗੇ ਚਲ ਰਹੇ ਅਰਮੇਨੀਅਨ ਦੇ ਧਾਕੜ ਲੇਵਾਨ ਆਰੋਨੀਅਨ ਨੂੰ ਹਰਾਉਂਦੇ ਹੋਏ ਉਨ੍ਹਾਂ ਦਾ ਖਿਤਾਬ ਜਿੱਤਣ ਦਾ ਸੁਪਨਾ ਤੋੜ ਦਿੱਤਾ।  ਗ੍ਰਾਂਡ ਚੈਸ ਟੂਰ ਦੀ ਪੁਰਸਕਾਰ ਰਾਸ਼ੀ 12 ਲੱਖ ਅਮਰੀਕਨ ਡਾਲਰ ਹੈ।

ਵਿਸ਼ਵ ਰੈਂਕਿੰਗ 'ਚ ਹੋਏ ਵੱਡੇ ਬਦਲਾਅ- ਸਿੰਕਫੀਲਡ ਕੱਪ ਦੇ ਨਤੀਜਿਆਂ ਨੇ ਵਿਸ਼ਵ ਸ਼ਤਰੰਜ ਰੈਂਕਿੰਗ 'ਚ ਵੱਡੇ ਬਦਲਾਅ ਕੀਤੇ ਹਨ। ਹਾਲਾਂਕਿ ਵਿਸ਼ਵ ਚੈਂਪੀਅਨ ਮੇਗਨਸ ਕਾਰਲਸ ਦਾ ਤਾਜ ਹੋਰ ਮਜ਼ਬੂਤ ਹੋਇਆ। ਉਹ 2827 ਅੰਕਾਂ ਦੇ ਨਾਲ ਪਹਿਲੇ ਸਥਾਨ 'ਤੇ ਬਣੇ ਹੋਏ ਹਨ। ਦਰਅਸਲ ਦੂਜੇ ਸਥਾਨ ਦੇ ਖਿਡਾਰੀ ਅਤੇ ਉਨ੍ਹਾਂ ਵਿਚਾਲੇ ਫਾਸਲਾ ਵਧ ਜਾਣ ਨਾਲ ਉਨ੍ਹਾਂ ਦਾ ਦਬਦਬਾ ਆਸਾਨੀ ਨਾਲ ਬਣਿਆ ਰਹੇਗਾ। ਸਭ ਤੋਂ ਜ਼ਿਆਦਾ ਨੁਕਸਾਨ ਅਮਰੀਕਾ ਦੇ ਵੇਸਲੀ ਸੋਅ ਨੂੰ ਹੋਇਆ ਜੋ 19 ਅੰਕਾਂ ਦੇ ਨੁਕਸਾਨ ਦੇ ਨਾਲ ਹੁਣ 2792 ਅੰਕਾਂ ਦੇ ਨਾਲ ਸਿੱਧੇ ਵਿਸ਼ਵ ਨੰਬਰ 2 ਦੇ ਸਥਾਨ ਤੋਂ ਖਿਸਕ ਕੇ 8ਵੇਂ ਸਥਾਨ 'ਤੇ ਪਹੁੰਚ ਗਏ ਹਨ। ਕਾਰਲਸਨ ਦੇ ਬਾਅਦ ਹੁਣ ਗ੍ਰਾਂਡ ਚੈਸ ਟੂਰ ਜਿੱਤਣ ਵਾਲੇ ਮੈਕਸਿਮ ਲਾਗ੍ਰੇਵ 15 ਅੰਕਾਂ ਦੀ ਬੜ੍ਹਤ ਦੇ ਨਾਲ 2804 ਅੰਕਾਂ ਦੇ ਨਾਲ ਸਿੱਧੇ ਵਿਸ਼ਵ ਦੇ ਨੰਬਰ 2 ਖਿਡਾਰੀ ਬਣ ਗਏ ਹਨ। ਸਾਬਕਾ ਵਿਸ਼ਵ ਚੈਂਪੀਅਨ ਵਲਾਦੀਮਿਰ ਕ੍ਰਾਮਨਿਕ 2803 ਅੰਕ ਦੇ ਨਾਲ ਤੀਜੇ ਤਾਂ ਆਰੋਨੀਅਨ 2802 ਅੰਕ ਦੇ ਨਾਲ ਚੌਥੇ ਸਥਾਨ 'ਤੇ ਪਹੁੰਚ ਗਏ ਹਨ। ਅਮਰੀਕਾ ਦੇ ਦੂਜੇ ਧਾਕੜ ਖਿਡਾਰੀ ਫੈਬਿਆਨੋ ਕਾਰੂਆਨਾ ਵੀ 8 ਅੰਕਾਂ ਦੇ ਨੁਕਸਾਨ ਦੇ ਨਾਲ 2799 ਅੰਕ ਦੇ ਨਾਲ ਵਿਸ਼ਵ ਦੇ ਨੰਬਰ 5 ਦੇ ਖਿਡਾਰੀ ਹੋ ਗਏ ਹਨ। ਉਨ੍ਹਾਂ ਨੂੰ 2 ਸਥਾਨਾਂ ਦਾ ਨੁਕਸਾਨ ਹੋਇਆ ਹੈ। ਅਜਰਬੈਜਾਨ ਦੇ ਮਮੇਧਾਰੋਵ 2797 ਅੰਕ ਦੇ ਨਾਲ ਛੇਵੇਂ ਸਥਾਨ 'ਤੇ ਹੈ। ਭਾਰਤ ਦੇ ਸਾਬਕਾ ਵਿਸ਼ਵ ਚੈਂਪੀਅਨ ਅਤੇ ਚੋਟੀ ਦੇ 10 'ਚ ਸਭ ਤੋਂ ਜ਼ਿਆਦਾ ਸੀਨੀਅਰ ਵਿਸ਼ਵਨਾਥਨ ਆਨੰਦ 11 ਅੰਕਾਂ ਦੀ ਬੜ੍ਹਤ ਦੇ ਨਾਲ 3 ਅੰਕਾਂ ਦੀ ਛਾਲ ਮਾਰ ਕੇ ਸਤਵੇਂ ਸਥਾਨ 'ਤੇ ਆ ਗਏ ਹਨ। ਅੱਠਵੇਂ 'ਤੇ ਵੇਸਲੀ ਸੋਅ, ਨੌਵੇਂ 'ਤੇ ਰੂਸ ਦੇ ਅਲੈਕਜ਼ੈਂਡਰ ਗ੍ਰੀਸ਼ਚੁਕ 2783 ਅੰਕ ਅਤੇ ਦਸਵੇਂ ਸਥਾਨ 'ਤੇ ਅਮਰੀਕਾ ਦੇ ਹਿਕਾਰੂ ਨਾਕਾਮੁਰਾ 2781 ਅੰਕ ਦੇ ਨਾਲ ਹਨ।


Related News