ਫੀਫਾ ਅੰਡਰ-17 ਵਿਸ਼ਵ ਕੱਪ: ਟਿਮ ਵੀਹ ਦੀ ਹੈਟ੍ਰਿਕ ਨਾਲ ਅਮਰੀਕਾ ਕੁਆਰਟਰ ਫਾਈਨਲ ''ਚ

10/17/2017 4:24:44 AM

ਨਵੀਂ ਦਿੱਲੀ— ਟਿਮ ਵੀਹ ਦੀ ਸ਼ਾਨਦਾਰ ਹੈਟ੍ਰਿਕ ਨਾਲ ਅਮਰੀਕਾ ਨੇ ਪੈਰਾਗਵੇ ਨੂੰ ਸੋਮਵਾਰ ਨੂੰ 5-0 ਨਾਲ ਹਰਾ ਕੇ ਫੀਫਾ ਅੰਡਰ-17 ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਇੱਥੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਗਰੁੱਪ-ਏ ਵਿਚ ਤੀਜੇ ਨੰਬਰ 'ਤੇ ਰਹੀ ਟੀਮ ਅਮਰੀਕਾ ਦੇ ਲੜਕਿਆਂ ਨੇ ਪੂਰੇ ਮੈਚ ਵਿਚ ਤੂਫਾਨੀ ਪ੍ਰਦਰਸ਼ਨ ਕੀਤਾ। ਪੈਰਾਗਵੇ ਨੇ ਗਰੁੱਪ ਵਿਚ ਆਪਣੇ ਸਾਰੇ ਤਿੰਨੇ ਮੈਚ ਜਿੱਤੇ ਸਨ ਪਰ ਰਾਊਂਡ-16 ਵਿਚ ਉਸ ਦੇ ਕੋਲ ਅਮਰੀਕਾ ਦਾ ਕੋਈ ਜਵਾਬ ਨਹੀਂ ਸੀ। ਟਿਮ ਵੀਹ ਨੇ ਅਮਰੀਕਾ ਦੀ ਵੱਡੀ ਜਿੱਤ ਵਿਚ 19ਵੇਂ, 53ਵੇਂ ਤੇ 77ਵੇਂ ਮਿੰਟ ਵਿਚ ਗੋਲ ਕੀਤੇ। ਟੀਮ ਦੇ ਦੋ ਹੋਰ ਗੋਲ ਐਂਡ੍ਰਿਊ ਕਾਰਲਟਨ ਨੇ 63ਵੇਂ ਤੇ ਜੋਸ਼ ਸਾਰਜੈਂਟ ਨੇ 74ਵੇਂ ਮਿੰਟ ਵਿਚ ਕੀਤੇ।
ਅਮਰੀਕਾ ਦਾ ਕੁਆਰਟਰ ਫਾਈਨਲ ਵਿਚ ਇੰਗਲੈਂਡ ਤੇ ਜਾਪਾਨ ਵਿਚਾਲੇ ਮੈਚ ਦੇ ਜੇਤੂ ਨਾਲ ਸ਼ਨੀਵਾਰ ਨੂੰ ਗੋਆ ਵਿਚ ਮੁਕਾਬਲਾ ਹੋਵੇਗਾ। ਪਹਿਲੇ ਹਾਫ ਵਿਚ ਪੈਰਾਗਵੇ ਦਾ ਗੇਂਦ 'ਤੇ ਕੰਟਰੋਲ ਤਾਂ ਜ਼ਿਆਦਾ ਸੀ ਪਰ ਅਮਰੀਕਾ ਨੇ ਗੋਲ ਕਰਨ ਦੇ ਜ਼ਿਆਦਾ ਮੌਕੇ ਬਣਾਏ। ਵੀਹ ਨੇ 19ਵੇਂ ਮਿੰਟ ਵਿਚ ਗੋਲ ਕਰਨ ਦਾ ਜਿਹੜਾ ਰਸਤਾ ਖੋਲ੍ਹਿਆ, ਉਹ ਫਿਰ ਪੰਜਵੇਂ ਗੋਲ ਦੇ ਨਾਲ ਹੀ ਰੁਕਿਆ। ਕਾਰਲਟਨ ਤੇ ਅਯੋ ਅਕੀਨੋਲਾ ਦੇ ਤਾਲਮੇਲ ਨਾਲ ਮਿਲੀ ਗੇਂਦ 'ਤੇ ਵੀਹ ਨੇ ਗੋਲ ਕਰਨ ਵਿਚ ਕੋਈ ਗਲਤੀ ਨਹੀਂ ਕੀਤੀ। ਕ੍ਰਿਸ ਗੋਸਲਿਨ ਨੇ  27ਵੇਂ ਮਿੰਟ ਵਿਚ ਦੂਜਾ ਗੋਲ ਕੀਤਾ। ਅਮਰੀਕਾ ਪਹਿਲੇ ਹਾਫ ਵਿਚ ਇਕ ਗੋਲ ਨਾਲ ਅੱਗੇ ਸੀ ਪਰ ਦੂਜੇ ਹਾਫ ਵਿਚ ਉਸ ਨੇ 24 ਮਿੰਟ ਦੇ ਫਰਕ ਦੇ ਅੰਦਰ ਚਾਰ ਗੋਲ ਕਰ ਕੇ ਪੈਰਾਗਵੇ ਨੂੰ ਪੂਰੀ ਤਰ੍ਹਾਂ ਨਾਲ ਗੋਡਿਆਂ ਭਾਰ ਕਰ ਦਿੱਤਾ।


Related News