ਫੀਫਾ ਅੰਡਰ-17 ਵਿਸ਼ਵ ਕੱਪ: ਰੋਮਾਂਚਕ ਜਿੱਤ ਨਾਲ ਮਲੀ ਨਾਕਆਊਟ ''ਚ

10/12/2017 11:10:27 PM

ਨਵੀਂ ਦਿੱਲੀ— ਆਖਰੀ ਮਿੰਟ ਤਕ ਚੱਲੇ ਰੋਮਾਂਚ ਦੇ ਨਾਲ ਵੀਰਵਾਰ ਨੂੰ ਇੱਥੇ ਰਾਜਧਾਨੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਖੇਡੇ ਗਏ ਫੀਫਾ ਅੰਡਰ-17 ਫੁੱਟਬਾਲ ਵਿਸ਼ਵ ਕੱਪ ਮੁਕਾਬਲੇ ਵਿਚ ਮਲੀ ਨੇ ਨਿਊਜ਼ੀਲੈਂਡ ਵਿਰੁੱਧ 3-1 ਦੀ ਜ਼ਬਰਦਸਤ ਜਿੱਤ ਦਰਜ ਕਰਦਿਆਂ ਨਾਕਆਊਟ ਵਿਚ ਪ੍ਰਵੇਸ਼ ਕਰ ਲਿਆ। ਫੀਫਾ ਵਿਸ਼ਵ ਕੱਪ ਦੇ ਗਰੁੱਪ-ਬੀ ਦੀਆਂ ਮਜ਼ਬੂਤ ਟੀਮਾਂ ਵਿਚ ਸ਼ਾਮਲ ਮਲੀ ਇਸ ਦੇ ਨਾਲ ਹੀ ਤਿੰਨ ਮੈਚਾਂ ਵਿਚੋਂ ਦੋ ਜਿੱਤਾਂ ਤੇ ਇਕ ਹਾਰ ਨਾਲ ਛੇ ਅੰਕ ਲੈ ਕੇ ਦੂਜੇ ਸਥਾਨ 'ਤੇ ਰਹੀ ਤੇ ਟੂਰਨਾਮੈਂਟ ਦੇ ਦੂਜੇ ਗੇੜ ਵਿਚ ਜਗ੍ਹਾ ਬਣਾ ਲਈ। ਉਥੇ ਹੀ ਨਿਊਜ਼ੀਲੈਂਡ ਦੀ ਟੀਮ ਲਈ ਇਹ ਟੂਰਨਾਮੈਂਟ ਵਿਚ ਦੂਜੀ ਹਾਰ ਸੀ ਜਦਕਿ ਉਸ ਨੇ ਇਕ ਮੈਚ ਡਰਾਅ ਖੇਡਿਆ ਸੀ। ਉਹ ਸਿਰਫ ਇਕ ਅੰਕ ਲੈ ਕੇ ਤੀਜੇ ਸਥਾਨ 'ਤੇ ਰਹੀ ਤੇ ਨਾਕਆਊਟ ਤੋਂ ਬਾਹਰ ਹੋ ਗਈ।
ਮਲੀ ਨੇ ਮੈਚ ਵਿਚ ਆਖਰੀ ਸਮੇਂ ਤਕ ਸੰਘਰਸ਼ ਕੀਤਾ ਤੇ ਉਸਦੇ ਲਈ ਸਲਾਮ ਜਿਦੋਓ ਨੇ 18ਵੇਂ ਮਿੰਟ ਵਿਚ ਖਾਤਾ ਖੋਲ੍ਹਦੇ ਹੋਏ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ ਜੀਮੈਸੌ ਟ੍ਰਾਓਰ ਨੇ 50ਵੇਂ ਮਿੰਟ ਵਿਚ ਦੂਜਾ ਗੋਲ ਕਰਦਿਆਂ ਸਕੋਰ 2-0 ਕਰ ਦਿੱਤਾ। ਇਕ ਸਮੇਂ ਤਕ ਮਲੀ ਦੀ ਟੀਮ ਪੂਰੀ ਤਰ੍ਹਾਂ ਨਿਊਜ਼ੀਲੈਂਡ 'ਤੇ ਹਾਵੀ ਰਹੀ ਪਰ ਦੂਜੇ ਹਾਫ ਦੇ 72ਵੇਂ ਮਿੰਟ ਵਿਚ ਚਾਰਲਸ ਸਪ੍ਰਾਗ ਨੇ ਗੋਲ ਕਰਦਿਆਂ 2-1 ਨਾਲ ਸਕੋਰ ਕਰਦਿਆਂ ਆਪਣੀ ਟੀਮ ਲਈ ਕੁਝ ਉਮੀਦਾਂ ਬੰਨ੍ਹੀਆਂ।
ਹਾਲਾਂਕਿ ਨਾਕਆਊਟ ਵਿਚ ਪਹੁੰਚਣ ਲਈ ਪੂਰੀ ਤਰ੍ਹਾਂ ਨਾਲ ਕਮਰ-ਕੱਸ ਕੇ ਆਈ ਮਲੀ ਲਈ ਆਖਰੀ ਪਲਾਂ ਵਿਚ ਲਸਾਨਾ ਐਨਦਿਯਾਏ ਨੇ ਗੋਲ ਕਰਦਿਆਂ ਸਕੋਰ 3-1 ਕਰ ਦਿੱਤਾ ਤੇ ਨਿਊਜ਼ੀਲੈਂਡ ਲਈ ਫਿਰ ਵਾਪਸੀ ਦੇ ਰਸਤੇ ਲਗਭਗ ਬੰਦ ਕਰ ਦਿੱਤੇ। ਇੰਜਰੀ ਸਮੇਂ ਵਿਚ ਵੀ ਦੋਵੇਂ ਟੀਮਾਂ ਵਲੋਂ ਗੋਲ ਦੀ ਕੋਸ਼ਿਸ਼ ਦੇਖਣ ਨੂੰ ਮਿਲੀ। ਕੀਵੀ ਟੀਮ ਦੇ ਗੋਲਕੀਪਰ ਨੇ 90ਵੇਂ ਮਿੰਟ ਵਿਚ ਚੰਗਾ ਬਚਾਅ ਕਰਦਿਆਂ ਮਲੀ ਨੂੰ ਹੋਰ ਗੋਲ ਕਰਨ ਤੋਂ ਰੋਕਿਆ ਪਰ ਤਦ ਤਕ ਮਲੀ ਆਪਣੀ ਜਿੱਤ ਤੈਅ ਕਰ ਚੁੱਕੀ ਸੀ। ਮੈਚ ਵਿਚ ਮਲੀ ਨੇ 61ਫੀਸਦੀ ਗੇਂਦ ਨੂੰ ਆਪਣੇ ਕਬਜ਼ੇ ਵਿਚ ਰੱਖਿਆ ਜਦਕਿ ਨਿਊਜ਼ੀਲੈਂਡ ਨੇ 39ਫੀਸਦੀ ਹੀ ਗੇਂਦ 'ਤੇ ਆਪਣਾ ਕਬਜ਼ਾ ਕੀਤਾ। ਉਥੇ ਹੀ ਮਲੀ ਨੇ ਸਭ ਤੋਂ ਵੱਧ ਗੋਲ ਦੇ ਮੌਕੇ ਵੀ ਬਣਾਏ। 

 


Related News