ਵਾਕਾ ''ਤੇ ਹਾਰ ਦਾ ਸਿਲਸਿਲਾ ਤੋੜ ਕੇ ਏਸ਼ੇਜ਼ ਲੜੀ ''ਚ ਵਾਪਸੀ ਕਰਨ ਲਈ ਉਤਰੇਗਾ ਇੰਗਲੈਂਡ

12/13/2017 3:34:22 AM

ਪਰਥ— ਮੈਦਾਨ ਤੋਂ ਬਾਹਰ ਸ਼ਰਾਬਨੋਸ਼ੀ ਦੇ ਵਿਵਾਦ ਤੋਂ ਉੱਭਰਨ ਦੀ ਕੋਸ਼ਿਸ਼ 'ਚ ਰੁੱਝੀ ਇੰਗਲੈਂਡ ਕ੍ਰਿਕਟ ਟੀਮ ਇਥੇ ਸ਼ੁਰੂ ਹੋ ਰਿਹਾ ਤੀਜਾ ਟੈਸਟ ਜਿੱਤ ਕੇ ਏਸ਼ੇਜ਼ ਲੜੀ 'ਚ ਵਾਪਸੀ ਕਰਨ ਦੇ ਇਰਾਦੇ ਨਾਲ ਉਤਰੇਗੀ, ਜਦਕਿ ਇਸ ਮੈਦਾਨ 'ਤੇ 1978 ਤੋਂ ਉਸ ਨੂੰ ਜਿੱਤ ਨਸੀਬ ਨਹੀਂ ਹੋਈ ਹੈ। ਆਸਟ੍ਰੇਲੀਆ 5 ਮੈਚਾਂ ਦੀ ਲੜੀ 'ਚ 2-0 ਨਾਲ ਅੱਗੇ ਹੈ।
ਪਿਛਲੇ ਹਫਤੇ ਇੰਗਲੈਂਡ ਦੀ ਟੀਮ ਤਿੰਨ ਮਹੀਨਿਆਂ ਵਿਚ ਤੀਜੇ ਸ਼ਰਾਬ ਨਾਲ ਜੁੜੇ ਵਿਵਾਦ ਨਾਲ ਜੂਝਦੀ ਰਹੀ। ਬੱਲੇਬਾਜ਼ ਬੇਨ ਡਕੇਟ ਨੂੰ ਸੀਨੀਅਰ ਖਿਡਾਰੀ ਜੇਮਸ ਐਂਡਰਸਨ ਨਾਲ ਤਿੱਖੀ ਬਹਿਸ ਕਰਨ ਤੋਂ ਬਾਅਦ ਉਸ ਦੇ ਸਿਰ 'ਤੇ ਸ਼ਰਾਬ ਡੋਲ੍ਹਣ ਕਾਰਨ ਦੋ ਮੈਚਾਂ ਲਈ ਮੁਅੱੱਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਬੇਨ ਸਟੋਕਸ ਨੂੰ ਸਤੰਬਰ 'ਚ ਬ੍ਰਿਸਟਲ ਦੇ ਇਕ ਨਾਈਟ ਕਲੱਬ ਦੇ ਬਾਹਰ ਝਗੜੇ ਤੇ ਜਾਨੀ ਬੇਅਰਸਟ੍ਰਾ ਨੂੰ ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਕੈਮਰਨ ਬੇਨਕ੍ਰਾਫਟ ਨਾਲ ਝਗੜੇ ਕਾਰਨ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ।
ਇੰਗਲੈਂਡ ਦੇ ਸਪਿਨਰ ਮੋਇਨ ਅਲੀ ਨੇ ਕਿਹਾ, ''ਬੱਚੇ ਤੇ ਨੌਜਵਾਨ ਸਾਨੂੰ ਦੇਖ ਰਹੇ ਹਨ ਤੇ ਸਮਾਚਾਰ ਸੁਣ ਰਹੇ ਹਨ, ਲਿਹਾਜ਼ਾ ਸਾਡਾ ਵਤੀਰਾ ਚੰਗਾ ਹੋਣਾ ਚਾਹੀਦਾ ਹੈ। ਮੈਦਾਨ ਦੇ ਬਾਹਰ ਦਾ ਵਤੀਰਾ ਬਿਹਤਰ ਕਰਨ ਦੀ ਲੋੜ ਹੈ।''
ਇੰਗਲੈਂਡ ਨੇ ਵਾਕਾ 'ਤੇ 39 ਸਾਲ ਤੋਂ ਜਿੱਤ ਦਰਜ ਨਹੀਂ ਕੀਤੀ ਹੈ ਤੇ ਪਰਥ ਵਿਚ ਪਿਛਲੇ 7 ਟੈਸਟ ਵੱਡੇ ਫਰਕ ਨਾਲ ਗੁਆਏ ਹਨ। ਉਸ ਨੂੰ ਇਹ ਤੈਅ ਕਰਨਾ ਪਵੇਗਾ ਕਿ ਮਾਰਕਵੁੱਡ ਨੂੰ ਤੇਜ਼ ਹਮਲੇ ਨੂੰ ਮਜ਼ਬੂਤੀ ਦੇਣ ਲਈ ਟੀਮ 'ਚ ਸ਼ਾਮਲ ਕੀਤਾ ਜਾਵੇ ਜਾਂ ਨਹੀਂ, ਹਾਲਾਂਕਿ ਕੋਚ ਟ੍ਰੇਵਰ ਬੇਲਿਸ ਨੇ ਸੰਕੇਤ ਦਿੱਤਾ ਹੈ ਕਿ ਉਹ ਚਾਰ ਤੇਜ਼ ਗੇਂਦਬਾਜ਼ਾਂ ਤੋਂ ਖੁਸ਼ ਹੈ। ਉਸ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਪਿਛਲੇ ਮੈਚ ਵਿਚ ਸਾਡੇ ਚਾਰ ਤੇਜ਼ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਚੰਗਾ ਰਿਹਾ।  ਸਾਡੇ ਬੱਲੇਬਾਜ਼ਾਂ ਨੂੰ ਵੀ ਚੰਗੀ ਸ਼ੁਰੂਆਤ ਨੂੰ ਵੱਡੀਆਂ ਪਾਰੀਆਂ 'ਚ ਬਦਲਣਾ ਪਵੇਗਾ।''


Related News