ਇੰਗਲੈਂਡ ਨੇ ਭਾਰਤ ਨੂੰ 3-2 ਨਾਲ ਹਰਾਇਆ

12/03/2017 2:54:12 AM

ਭੁਵਨੇਸ਼ਵਰ - ਫਾਰਵਰਡ ਸੈਮ ਵਰਡ ਦੇ ਸ਼ਾਨਦਾਰ ਦੋ ਮੈਦਾਨੀ ਗੋਲਾਂ ਦੀ ਬਦੌਲਤ ਇੰਗਲੈਂਡ ਨੇ ਐੱਫ. ਆਈ. ਐੱਚ. ਹਾਕੀ ਵਰਲਡ ਲੀਗ  ਫਾਈਨਲਸ ਦੇ ਪੂਲ-ਬੀ ਦੇ ਆਪਣੇ ਦੂਜੇ ਮੈਚ ਵਿਚ ਸ਼ਨੀਵਾਰ ਨੂੰ ਏਸ਼ੀਆਈ ਚੈਂਪੀਅਨ ਭਾਰਤ ਨੂੰ 3-2 ਨਾਲ ਹਰਾ ਕੇ ਟੂਰਨਾਮੈਂਟ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਟੂਰਨਾਮੈਂਟ ਵਿਚ ਇੰਗਲੈਂਡ ਦੀ ਇਹ ਪਹਿਲੀ ਜਿੱਤ ਹੈ, ਉਥੇ ਹੀ ਮੇਜ਼ਬਾਨ ਭਾਰਤ ਦੀ ਪਹਿਲੀ ਹਾਰ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇੰਗਲੈਂਡ ਨੂੰ ਜਰਮਨੀ ਤੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦਕਿ ਭਾਰਤ ਨੇ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੂੰ 1-1 ਨਾਲ ਡਰਾਅ 'ਤੇ ਰੋਕਿਆ ਸੀ।
ਟੂਰਨਾਮੈਂਟ ਵਿਚ ਆਪਣਾ ਪਹਿਲਾ ਮੈਚ ਹਾਰ ਜਾਣ  ਤੋਂ ਬਾਅਦ ਵਿਸ਼ਵ ਰੈਂਕਿੰਗ ਵਿਚ 7ਵੇਂ ਨੰਬਰ ਦੀ ਟੀਮ ਇੰਗਲੈਂਡ ਨੇ ਛੇਵੇਂ ਨੰਬਰ ਦੀ ਟੀਮ ਭਾਰਤ ਵਿਰੁੱਧ ਹਮਲਾਵਰ ਸ਼ੁਰੂਆਤ ਕੀਤੀ। ਮੈਚ ਵਿਚ ਪਹਿਲਾ ਕੁਆਰਟਰ ਗੋਲ ਰਹਿਤ ਰਹਿਣ ਤੋਂ ਬਾਅਦ ਇੰਗਲੈਂਡ ਦੀ ਟੀਮ ਨੇ ਦੂਜੇ ਕੁਆਰਟਰ ਵਿਚ 25ਵੇਂ ਮਿੰਟ ਵਿਚ ਡੇਵਿਡ ਗੁਡਫਿਲਡ ਦੇ ਮੈਦਾਨੀ ਗੋਲ  ਦੀ ਬਦੌਲਤ ਸਕੋਰ 1-0 ਕਰ ਦਿੱਤਾ। ਇਸ ਤੋਂ ਬਾਅਦ 43ਵੇਂ ਮਿੰਟ ਵਿਚ ਸੈਮ ਵਰਡ ਨੇ ਇਕ ਹੋਰ ਗੋਲ ਕਰ ਕੇ ਇੰਗਲੈਂਡ ਨੂੰ ਮੁਕਾਬਲੇ ਵਿਚ 2-0 ਨਾਲ ਅੱਗੇ ਕਰ ਦਿੱਤਾ। 
ਮੁਕਾਬਲੇ ਵਿਚ 0-2 ਨਾਲ ਪਿਛੜਨ ਤੋਂ ਬਾਅਦ ਭਾਰਤ ਨੇ ਸ਼ਾਨਦਾਰ ਵਾਪਸੀ ਕੀਤੀ ਤੇ ਚਾਰ ਮਿੰਟ ਦੇ ਅੰਦਰ ਹੀ ਦੋ  ਗੋਲ ਕਰ ਕੇ ਮੁਕਾਬਲਾ 2-2 ਨਾਲ ਬਰਾਬਰੀ 'ਤੇ ਲਿਆ ਦਿੱਤਾ। ਭਾਰਤ ਲਈ ਪਹਿਲਾ ਗੋਲ ਅਕਾਸ਼ਦੀਪ ਸਿੰਘ ਨੇ 47ਵੇਂ ਮਿੰਟ ਵਿਚ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਕੀਤਾ, ਜਦਕਿ ਦੂਜਾ ਗੋਲ ਡ੍ਰੈਗ ਫਲਿਕਰ ਰੁਪਿੰਦਰ ਸਿੰਘ ਨੇ 50ਵੇਂ ਮਿੰਟ ਵਿਚ ਮੈਦਾਨੀ ਗੋਲ ਦੇ ਰੂਪ ਵਿਚ ਕੀਤਾ।
ਮੁਕਾਬਲਾ ਖਤਮ ਹੋਣ ਤੋਂ 10 ਮਿੰਟ ਪਹਿਲਾਂ ਤਕ ਦੋਵੇਂ ਟੀਮਾਂ 2-2 ਨਾਲ ਬਰਾਬਰੀ 'ਤੇ ਸਨ ਪਰ ਇੰਗਲੈਂਡ ਲਈ ਮੈਚ ਦੇ ਹੀਰੋ ਰਹੇ ਸੈਮ ਵਰਡ ਨੇ 57ਵੇਂ ਮਿੰਟ ਵਿਚ ਜ਼ਬਰਦਸਤ ਮੈਦਾਨੀ ਗੋਲ ਕਰ ਕੇ ਆਪਣੀ ਟੀਮ ਨੂੰ 3-2 ਨਾਲ ਅੱਗੇ ਕਰ ਦਿੱਤਾ। ਇਸ ਤੋਂ ਬਾਅਦ ਹੋਰ ਕੋਈ ਗੋਲ ਨਹੀਂ ਹੋ ਸਕਿਆ ਤੇ ਇੰਗਲੈਂਡ ਨੇ 3-2 ਨਾਲ ਮੁਕਾਬਲਾ ਆਪਣੇ ਨਾਂ ਕਰ ਲਿਆ।


Related News