ਦਿਵਿਆ ਤੇ ਕੁਸ਼ਾਗਰ ਨਿਕਲੇ ਸਭ ਤੋਂ ਅੱਗੇ

06/25/2017 11:39:28 PM

ਜਲੰਧਰ (ਨਿਖਲੇਸ਼ ਜੈਨ)— ਪੰਜਾਬ ਦੇ ਜਲੰਧਰ ਵਿਚ ਜਾਰੀ 'ਦਿਮਾਗ ਦਿ ਜੰਗ' ਵਿਚ ਨੰਨ੍ਹੇ ਸ਼ਾਤਿਰ ਆਪਣੀਆਂ ਚਾਲਾਂ ਨਾਲ ਵੱਡਿਆਂ ਨੂੰ ਵੀ ਹੈਰਾਨੀ ਵਿਚ ਪਾ ਰਹੇ ਹਨ। 7 ਰਾਊਂਡ ਤੋਂ ਬਾਅਦ ਅੰਡਰ-13 ਨੈਸ਼ਨਲ ਚੈੱਸ ਚੈਂਪੀਅਨਸ਼ਿਪ 'ਚ ਬਾਲਕ ਤੇ ਬਾਲਿਕਾ ਦੋਵੇਂ ਹੀ ਵਰਗਾਂ ਵਿਚ ਜੇਤੂ ਬਣਨ ਦਾ ਦਾਅਵਾ ਕੁਝ ਦਾ ਕਾਫੀ ਮਜ਼ਬੂਤ ਹੋਇਆ ਅਤੇ ਕੁਝ ਪਿੱਛੇ ਰਹਿ ਗਏ ਹਨ। ਆਖਰੀ 4 ਰਾਊਂਡ ਕਿਸੇ ਵੀ ਨਤੀਜੇ ਨੂੰ ਪਲਟ ਸਕਦੇ ਹਨ, ਅਜਿਹੇ ਵਿਚ ਦਾਅਵੇ  ਦੇ ਨਾਲ ਕਿਸੇ ਨੂੰ ਚੈਂਪੀਅਨ ਕਹਿਣਾ ਸੰਭਵ ਨਹੀਂ ਹੈ।
ਮਹਾਰਾਸ਼ਟਰ ਦੀ ਟਾਪ ਸੀਡ ਦਿਵਿਆ ਦੇਸ਼ਮੁੱਖ ਨੇ ਆਪਣੀ ਸੀਡਿੰਗ ਬਰਕਰਾਰ ਰੱਖਦਿਆਂ ਅਨੰਨਿਆ ਰਿਸ਼ੀ ਗੁਪਤਾ ਨੂੰ ਹਰਾਉਂਦਿਆਂ 6.5 ਅੰਕਾਂ ਨਾਲ ਸਿੰਗਲ ਬੜ੍ਹਤ ਬਣਾ ਲਈ ਹੈ। ਟੂ ਨਾਈਟ ਓਪਨਿੰਗ ਵਿਚ ਸ਼ੁਰੂਆਤ ਤੋਂ ਹੀ ਅਨੰਨਿਆ ਦਾ ਰਾਜਾ ਕਾਫੀ ਕਮਜ਼ੋਰ ਸਥਿਤੀ ਵਿਚ ਆ ਗਿਆ ਸੀ ਤੇ ਅੰਤ ਦਿਵਿਆ ਨੇ ਲਗਾਤਾਰ ਦਬਾਅ ਬਣਾ ਕੇ ਇਕ ਚੰਗੀ ਜਿੱਤ ਦਰਜ ਕਰਦਿਆਂ ਆਪਣੀ ਬੜ੍ਹਤ ਨੂੰ ਬਰਕਰਾਰ ਰੱਖਿਆ। ਤਾਮਿਲਨਾਡੂ ਦੀ ਜਯੋਤਸਨਾ ਨੇ ਮਹਾਰਾਸ਼ਟਰ ਦੀ ਚੌਥੀ ਸੀਡ ਮੁਦੁਲ ਦੇਹਾਂਕਰ ਨਾਲ ਅੰਕ ਵੰਡੇ, ਨਤੀਜੇ ਵਜੋਂ 6 ਅੰਕਾਂ ਨਾਲ ਉਹ ਦੂਜੇ ਸਥਾਨ 'ਤੇ ਖਿਸਕ ਗਈ। ਉਸਦੇ ਇਲਾਵਾ ਮੁਦੁਲ ਤੇ ਤਾਮਿਨਲਾਡੂ ਦੀ ਸਵਿਤਾ ਸ਼੍ਰੀ ਜਿਹੜੀ ਕਿ ਪਿਛਲੇ ਸਾਲ ਜਲੰਧਰ ਵਿਚ ਹੀ ਰਾਸ਼ਟਰੀ ਅੰਡਰ-9 ਜੇਤੂ ਬਣੀ ਸੀ, ਨੇ ਵਿਸ਼ਵ ਸਕੂਲ ਅੰਡਰ-11 ਜੇਤੂ ਗੁਜਰਾਤ ਦੀ ਧਿਆਨਾ ਪਟੇਲ ਨੂੰ ਹਰਾ ਕੇ 6 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜਾ ਸਥਾਨ ਹਾਸਲ ਕਰ ਲਿਆ।
ਬਾਲਗ ਵਰਗ ਵਿਚ ਤੇਲੰਗਾਨਾ ਦੇ ਕੁਸ਼ਾਗਰ ਮੋਹਨ ਨੇ ਆਪਣੀ ਬੜ੍ਹਤ ਬਣਾਈ ਰੱਖਦਿਆਂ ਅੱਜ ਸਫੇਦ ਮੋਹਰਿਆਂ ਨਾਲ ਤੇਲੰਗਾਨਾ ਦੇ ਹੀ ਸ਼੍ਰੀਸ਼ਵਨ 'ਤੇ ਜ਼ੋਰਦਾਰ ਜਿੱਤ ਦਰਜ ਕੀਤੀ ਤੇ ਖਿਤਾਬ 'ਤੇ ਆਪਣਾ ਦਾਅਵਾ ਹੋਰ ਮਜ਼ਬੂਤ ਕਰ ਲਿਆ। ਕਾਰੋ ਕਾਨ ਓਪਨਿੰਗ ਵਿਚ ਹੋਇਆ ਉਸਦਾ ਮੁਕਾਬਲਾ ਉਸਦੇ ਸ਼ਾਨਦਾਰ ਪ੍ਰਦਰਸ਼ਨ ਦੀ ਵਜ੍ਹਾ ਨਾਲ ਉਸਦੇ ਪੱਖ ਵਿਚ ਝੁਕ ਗਿਆ। ਗੁਜਰਾਤ ਦੇ ਨੈਤਿਕ ਮਹਿਤਾ ਨੇ ਤਾਮਿਲਨਾਡੂ ਦੇ ਰਥਨੀਸ਼ ਆਰ. ਨੂੰ ਹਰਾ ਕੇ 6 ਅੰਕਾਂ ਨਾਲ ਦੂਜਾ ਸਥਾਨ ਹਾਸਲ ਕਰ ਲਿਆ ਹੈ। ਉਥੇ ਹੀ ਲਗਾਤਾਰ ਜਿੱਤ ਦਰਜ ਕਰ ਕੇ ਵਾਪਸੀ ਦੀ ਕੋਸ਼ਿਸ਼ ਵਿਚ ਲੱਗੇ ਟਾਪ ਸੀਡ ਰਾਜਾ ਰਿਤਵਿਕ ਨੂੰ ਇਕ ਹੋਰ ਡਰਾਅ ਖੇਡਣਾ ਪਿਆ। ਹੁਣ ਰਾਜਾ ਰਿਤਵਿਕ, ਆਦਿੱਤਿਆ ਸਾਮੰਥ, ਐੱਲ. ਸ਼੍ਰੀਹਰੀ, ਅਪਰਣਵ ਤਿਵਾੜੀ ਸਮੇਤ 5 ਹੋਰ ਖਿਡਾਰੀ 5.5 ਅੰਕ ਬਣਾ ਕੇ ਤੀਜੇ ਸਥਾਨ 'ਤੇ ਚੱਲ ਰਹੇ ਹਨ।


Related News