ਧੋਨੀ ਕੁਝ ਇਸ ਤਰ੍ਹਾਂ ਦਾ ਸੈਂਕੜਾ ਲਗਾਉਣ ਤੋਂ 3 ਕਦਮ ਪਿੱਛੇ

08/18/2017 9:24:34 AM

ਕੋਲੰਬੋ— ਚੋਣਕਾਰ ਪ੍ਰਮੁੱਖ ਐੱਮ. ਐੱਸ. ਕੇ. ਪ੍ਰਸਾਦ ਨੇ ਬੇਸ਼ੱਕ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਆਪਣਾ ਪ੍ਰਦਰਸ਼ਨ ਸੁਧਾਰਨ ਦੀ ਚੇਤਾਵਨੀ ਦਿੱਤੀ ਹੈ ਪਰ ਇਸ ਧਾਕੜ ਵਿਕਟਕੀਪਰ ਬੱਲੇਬਾਜ਼ ਦੇ ਨਿਸ਼ਾਨੇ 'ਤੇ ਸ਼੍ਰੀਲੰਕਾ ਵਿਰੁੱਧ ਪੰਜ ਮੈਚਾਂ ਦੀ ਵਨਡੇ ਸੀਰੀਜ਼ ਵਿਚ ਕਈ ਨਿੱਜੀ ਰਿਕਾਰਡ ਹੋਣਗੇ।
ਭਾਰਤ ਤੇ ਸ਼੍ਰੀਲੰਕਾ ਵਿਚਾਲੇ 5 ਮੈਚਾਂ ਦੀ ਸੀਰੀਜ਼ 20 ਅਗਸਤ ਤੋਂ ਸ਼ੁਰੂ ਹੋਣ ਜਾ ਰਹੀ ਹੈ। ਪ੍ਰਸਾਦ ਨੇ ਹਾਲ ਹੀ ਵਿਚ ਧੋਨੀ ਨੂੰ ਇਕ ਤਰ੍ਹਾਂ ਨਾਲ ਅਲਟੀਮੇਟਮ ਦਿੱਤਾ ਸੀ ਕਿ ਉਸ ਨੂੰ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਲਿਆਉਣਾ ਪਵੇਗਾ ਤਦ ਹੀ ਜਾ ਕੇ ਭਵਿੱਖ ਲਈ ਉਸ 'ਤੇ ਵਿਚਾਰ ਕੀਤਾ ਜਾਵੇਗਾ। ਧੋਨੀ 'ਤੇ ਇਸ ਸੀਰੀਜ਼ ਵਿਚ ਬਿਹਤਰ ਪ੍ਰਦਰਸ਼ਨ ਕਰਨ ਦਾ ਦਬਾਅ ਰਹੇਗਾ ਕਿਉਂਕਿ ਦੇਸ਼ ਵਿਚ ਕਈ ਨੌਜਵਾਨ ਵਿਕਟਕੀਪਰ ਤੇਜ਼ੀ ਨਾਲ ਉਭਰ ਕੇ ਸਾਹਮਣੇ ਆ ਰਹੇ ਹਨ।
36 ਸਾਲਾ ਧੋਨੀ ਵਨਡੇ ਕ੍ਰਿਕਟ ਵਿਚ ਹੁਣ ਤਕ 296 ਮੈਚਾਂ ਵਿਚ 51.32 ਦੀ ਔਸਤ ਨਾਲ 9496 ਦੌੜਾਂ ਬਣਾ ਚੁੱਕਾ ਹੈ ਤੇ ਇਕ ਦਿਨਾ ਕ੍ਰਿਕਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿਚ 14ਵੇਂ ਨੰਬਰ 'ਤੇ ਹੈ। ਧੋਨੀ ਕੋਲ ਇਸ ਸੀਰੀਜ਼ ਵਿਚ ਆਪਣੇ ਇਕ ਦਿਨਾ ਮੈਚਾਂ ਦਾ ਤਿਹਰਾ ਸੈਂਕੜਾ ਪੂਰਾ ਕਰਨ ਦਾ ਮੌਕਾ ਰਹੇਗਾ।
ਧੋਨੀ ਇਸ ਸੀਰੀਜ਼ ਦੇ ਚਾਰ ਮੈਚ ਖੇਡਣ ਦੇ ਨਾਲ ਹੀ ਇਕ ਦਿਨਾ ਕ੍ਰਿਕਟ ਵਿਚ ਆਪਣੇ 300 ਮੈਚ ਪੂਰੇ ਕਰ ਲਵੇਗਾ ਤੇ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਉਹ ਛੇਵਾਂ ਭਾਰਤੀ ਬੱਲੇਬਾਜ਼ ਬਣੇਗਾ। ਸਚਿਨ ਤੇਂਦੁਲਕਰ (463), ਰਾਹੁਲ ਦ੍ਰਾਵਿੜ (340), ਮੁਹੰਮਦ ਅਜ਼ਹੂਰਦੀਨ (334), ਸੌਰਭ ਗਾਂਗੁਲੀ (308) ਤੇ ਯੁਵਰਾਜ ਸਿੰਘ (301) ਵਨ ਡੇ ਵਿਚ 300 ਮੈਚ ਖੇਡ ਚੁੱਕੇ ਹਨ।
ਭਾਰਤੀ ਵਿਕਟਕੀਪਰ ਕੋਲ ਇਕ ਦਿਨਾ ਕ੍ਰਿਕਟ ਵਿਚ 100 ਸਟੰਪਿੰਗ ਕਰਨ ਵਾਲਾ ਪਹਿਲਾ ਖਿਡਾਰੀ ਬਣਨ ਦਾ ਵੀ ਮੌਕਾ ਰਹੇਗਾ। ਧੋਨੀ ਹੁਣ ਤਕ 296 ਮੈਚਾਂ ਵਿਚ 375 ਸ਼ਿਕਾਰ ਕਰ ਚੁੱਕਾ ਹੈ, ਜਿਸ ਵਿਚ 278 ਕੈਚ ਤੇ 97 ਸਟੰਪਿੰਗ ਸ਼ਾਮਲ ਹਨ। ਉਹ ਇਕ ਦਿਨਾ ਕ੍ਰਿਕਟ ਵਿਚ ਸਭ ਤੋਂ ਵੱਧ ਸ਼ਿਕਾਰ ਕਰਨ ਦੇ ਮਾਮਲੇ ਵਿਚ ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰਾ (482), ਆਸਟ੍ਰੇਲੀਆ ਦੇ ਐਡਮ ਗਿਲਕ੍ਰਿਸਟ (472) ਤੇ ਦੱਖਣੀ ਅਫਰੀਕਾ ਦੇ ਮਾਰਕ ਬਾਊਚਰ (424) ਤੋਂ ਬਾਅਦ ਚੌਥੇ ਸਥਾਨ 'ਤੇ ਹੈ।
ਵਨ ਡੇ ਵਿਚ ਅਜੇ ਤਕ ਕਿਸੇ ਵੀ ਖਿਡਾਰੀ ਨੇ 100 ਸਟੰਪਿੰਗ ਨਹੀਂ ਕੀਤੇ ਹਨ। ਸੰਗਾਕਾਰਾ ਦੇ ਨਾਂ 404 ਮੈਚਾਂ ਵਿਚ 99 ਸਟੰਪਿੰਗ ਦਾ ਵਿਸ਼ਵ ਰਿਕਾਰਡ ਹੈ। ਧੋਨੀ ਨੂੰ 100 ਦਾ ਅੰਕੜਾ ਪੂਰਾ ਕਰਨ ਲਈ ਤਿੰਨ ਸਟੰਪਿੰਗ ਦੀ ਲੋੜ ਹੈ। ਧੋਨੀ ਤਿੰਨੇ ਸਵਰੂਪਾਂ ਵਿਚ 158 ਦਾ ਵਿਸ਼ਵ ਰਿਕਾਰਡ ਆਪਣੇ ਨਾਂ ਰੱਖਦਾ ਹੈ। ਉਹ ਤਿੰਨੇ ਸਵਰੂਪਾਂ ਵਿਚ ਸਭ ਤੋਂ ਵੱਧ ਸ਼ਿਕਾਰ ਕਰਨ ਦੇ ਮਾਮਲੇ ਵਿਚ ਤੀਜੇ ਸਥਾਨ 'ਤੇ ਹੈ।


Related News