ਦਿੱਲੀ ਹੱਥੋਂ ਖੁਸ ਨਾ ਜਾਵੇ ਖੇਡਾਂ ਦੀ ਮੇਜ਼ਬਾਨੀ

12/06/2017 12:01:18 AM

ਜਲੰਧਰ— ਦਿੱਲੀ ਪਿਛਲੇ ਕਾਫੀ ਸਮੇਂ ਤੋਂ ਹਵਾ ਪ੍ਰਦੂਸ਼ਣ ਨਾਲ ਜੂਝ ਰਹੀ ਹੈ ਤੇ ਅੰਕੜਿਆਂ ਅਨੁਸਾਰ ਹਾਲਾਤ ਇਹ ਹਨ ਕਿ ਪੂਰੇ ਸਾਲ ਵਿਚ ਇਥੇ ਸਾਹ ਲੈਣਯੋਗ ਸਿਰਫ ਇਕ ਮਹੀਨਾ ਸਹੀ ਪਾਇਆ ਜਾਂਦਾ ਹੈ। ਹਵਾ ਦੇ ਪ੍ਰਦੂਸ਼ਣ ਦਾ ਭੈੜਾ ਅਸਰ ਜਿੱਥੇ ਹੋਰਨਾਂ ਚੀਜ਼ਾਂ 'ਤੇ ਪਿਆ ਹੈ, ਉਥੇ ਹੀ ਖੇਡਾਂ ਵੀ ਇਸ ਦੀ ਮਾਰ ਹੇਠ ਆ ਗਈਆਂ ਹਨ, ਜਿਸ ਕਾਰਨ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ ਸ਼੍ਰੀਲੰਕਾ ਨਾਲ ਚੱਲ ਰਹੇ ਟੈਸਟ ਮੈਚ ਦੌਰਾਨ ਸ਼੍ਰੀਲੰਕਾ ਦੇ ਖਿਡਾਰੀਆਂ ਦੀ ਤਬੀਅਤ ਵਿਗੜਨ ਤੇ ਟੀਮ ਵਲੋਂ ਮੈਚ 'ਚ ਦੂਜੀ ਵਾਰ ਮਾਸਕ ਪਾ ਕੇ ਮੈਦਾਨ 'ਚ ਉਤਰਨ ਨਾਲ ਕੌਮਾਂਤਰੀ ਪੱਧਰ 'ਤੇ ਨਾਂਹ-ਪੱਖੀ ਸੰਦੇਸ਼ ਗਿਆ ਹੈ। ਦਿੱਲੀ ਦੀ ਹਵਾ 'ਚ ਲਗਾਤਾਰ ਵਧ ਰਹੇ ਪ੍ਰਦੂਸ਼ਣ ਕਾਰਨ ਹੁਣ ਅਕਤੂਬਰ ਤੋਂ ਲੈ ਕੇ ਮਾਰਚ ਤਕ ਦੇ ਛੇ ਮਹੀਨਿਆਂ ਦੌਰਾਨ ਇਥੇ ਹੋਣ ਵਾਲੇ ਕੌਮਾਂਤਰੀ ਮੈਚਾਂ 'ਤੇ ਵੀ ਸੰਕਟ ਮੰਡਰਾ ਸਕਦਾ ਹੈ। ਦਿੱਲੀ ਵਿਚ ਇਹ ਸੰਕਟ ਸਿਰਫ ਕ੍ਰਿਕਟ 'ਤੇ ਹੀ ਨਹੀਂ ਸਗੋਂ ਹੋਰ ਖੇਡਾਂ ਦੇ ਕੌਮਾਂਤਰੀ ਮੈਚਾਂ 'ਤੇ ਵੀ ਇਸ ਦਾ ਪਰਛਾਵਾਂ ਦੇਖਣ ਨੂੰ ਮਿਲ ਸਕਦਾ ਹੈ ਤੇ ਆਊਟਡੋਰ ਗੇਮਜ਼ ਦੀ ਮੇਜ਼ਬਾਨੀ ਦਿੱਲੀ ਤੋਂ ਖੁੱਸ ਵੀ ਸਕਦੀ ਹੈ। ਬੀਤੇ 2 ਮਹੀਨਿਆਂ ਤੋਂ ਪ੍ਰਦੂਸ਼ਣ ਕਾਰਨ ਦਿੱਲੀ ਕੌਮਾਂਤਰੀ ਪੱਧਰ 'ਤੇ ਬਦਨਾਮ ਹੋ ਰਹੀ ਹੈ, ਜਿਸ ਨਾਲ ਦੇਸ਼ ਨੂੰ ਵੀ ਸ਼ਰਮਸਾਰ ਹੋਣਾ ਪੈ ਰਿਹਾ ਹੈ।
ਕੋਲਕਾਤਾ ਜਾਂ ਮੁੰਬਈ ਸ਼ਿਫਟ ਹੋ ਸਕਦੇ ਨੇ ਮੈਚ
ਦਿੱਲੀ ਦੇ ਮੁਕਾਬਲੇ ਮੁੰਬਈ ਤੇ ਕੋਲਕਾਤਾ ਦੀ ਹਵਾ ਤੁਲਨਾਤਮਕ ਤੌਰ 'ਤੇ ਸਾਫ ਹੈ। ਲਿਹਾਜ਼ਾ ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦਿੱਲੀ ਵਿਚ ਹੋਣ ਵਾਲੇ ਮੈਚਾਂ ਦਾ ਸਥਾਨ ਬਦਲ ਕੇ ਮੁੰਬਈ ਜਾਂ ਕੋਲਕਾਤਾ ਕਰ ਸਕਦੇ ਹਨ। ਭਾਰਤੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਨਵੀ ਮੁੰਬਈ ਵਿਚ 2017 ਦੌਰਾਨ ਹਵਾ ਕਾਫੀ ਸਾਫ ਰਹੀ ਹੈ ਤੇ ਪਿਛਲੇ 12 ਮਹੀਨਿਆਂ ਵਿਚ ਇਕ ਵਾਰ ਵੀ ਨਵੀ ਮੁੰਬਈ ਦਾ ਏਅਰ ਕੁਆਲਿਟੀ ਇੰਡੈਕਸ 100 ਦੇ ਪਾਰ ਨਹੀਂ ਹੋਇਆ। ਮੁੰਬਈ 'ਚ ਵੀ ਲੱਗਭਗ ਇਹੀ ਸਥਿਤੀ ਹੈ ਤੇ ਉਥੋਂ ਦੀ ਹਵਾ ਦਿੱਲੀ ਦੇ ਮੁਕਾਬਲੇ ਕਾਫੀ ਸਾਫ ਹੈ। ਕੋਲਕਾਤਾ ਤੇ ਚੇਨਈ ਵਿਚ ਵੀ ਦਿੱਲੀ ਦੇ ਮੁਕਾਬਲੇ ਹਵਾ ਸਾਫ ਹੈ, ਲਿਹਾਜ਼ਾ ਇਥੇ ਕੌਮਾਂਤਰੀ ਮੈਚਾਂ ਤੇ ਖੇਡ ਆਯੋਜਨ ਦਾ ਸਥਾਨ ਬਦਲਣ ਦੇ ਬਦਲ 'ਤੇ ਵੀ ਵਿਚਾਰ ਹੋ ਸਕਦਾ ਹੈ।

PunjabKesari
ਏਅਰਟੈੱਲ ਨੇ ਮੈਰਾਥਨ ਤੋਂ ਹੱਥ ਖਿੱਚਣ ਦੀ ਦਿੱਤੀ ਸੀ ਚਿਤਾਵਨੀ
ਦੇਸ਼ ਦੀ ਮੰਨੀ-ਪ੍ਰਮੰਨੀ ਟੈਲੀਕਾਮ ਕੰਪਨੀ ਏਅਰਟੈੱਲ ਵਲੋਂ ਦਿੱਲੀ ਵਿਚ ਹਰ ਸਾਲ ਮੈਰਾਥਨ ਕਰਵਾਈ ਜਾਂਦੀ ਹੈ ਪਰ ਇਸ ਸਾਲ ਦਿੱਲੀ ਵਿਚ ਹਵਾ 'ਚ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਹੋ ਜਾਣ ਕਾਰਨ ਏਅਰਟੈੱਲ ਵੀ ਇਸ ਮਾਮਲੇ ਵਿਚ ਸਰਕਾਰ ਤੋਂ ਨਾਰਾਜ਼ ਹੋ ਗਈ ਸੀ। ਪਿਛਲੇ ਮਹੀਨੇ ਏਅਰਟੈੱਲ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਆਉਣ ਵਾਲੇ ਸਮੇਂ ਵਿਚ ਦਿੱਲੀ ਦੇ ਹਵਾ ਪ੍ਰਦੂਸ਼ਣ 'ਚ ਸੁਧਾਰ ਨਾ ਕੀਤਾ ਗਿਆ ਤਾਂ ਉਹ ਅਗਲੇ ਸਾਲ 'ਚ ਦਿੱਲੀ ਮੈਰਾਥਨ ਤੋਂ ਆਪਣਾ ਹੱਥ ਖਿੱਚ ਲਵੇਗੀ।


Related News